ਐੱਸਜੀਪੀਸੀ ਦੇ ਬਜਟ ਸ਼ੈਸ਼ਨ ’ਚ ਧਰਮ ਪ੍ਰਚਾਰ ਲਈ ਵਧਾਇਆ ਜਾਵੇ ਫੰਡ : ਵਡਾਲਾ
ਅਵਤਾਰ ਰਾਣਾ, ਪੰਜਾਬੀ ਜਾਗਰਣ,
Publish Date: Fri, 27 Mar 2026 08:59 PM (IST)
Updated Date: Fri, 27 Mar 2026 09:02 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆ ਕਲਾਂ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਲ੍ਹ 28 ਮਾਰਚ ਨੂੰ ਪੇਸ਼ ਕੀਤੇ ਜਾ ਰਹੇ ਬਜਟ ਵਿੱਚ ਧਰਮ ਪ੍ਰਚਾਰ ਲਈ ਰੱਖਿਆ ਜਾਂਦਾ ਬਜਟ ਵਧਾਇਆ ਜਾਣਾ ਚਾਹੀਦਾ ਹੈ ਤਾਂ ਜੋ ਸਰਹੱਦੀ ਖੇਤਰ ਵਿੱਚ ਹੋ ਰਹੇ ਧਰਮ ਪਰਿਵਰਤਨ ਨੂੰ ਠੱਲ ਪਾਈ ਜਾ ਸਕੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਗੁਰਪ੍ਰਤਾਪ ਸਿੰਘ ਵਡਾਲਾ ਨੇ ਕੀਤਾ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੁੰਦਿਆਂ ਕਹਿ ਚੁੱਕੇ ਹਨ ਕਿ ਬਜਟ ਇਜਲਾਸ ਘੱਟੋ-ਘੱਟ ਇਕ ਹਫਤਾ ਲੰਬਾ ਹੋਣਾ ਚਾਹੀਦਾ ਹੈ ਤਾਂ ਜੋ ਪੰਥਕ ਮੁੱਦਿਆਂ ’ਤੇ ਗੰਭੀਰਤਾ ਨਾਲ ਵਿਚਾਰ ਹੋ ਸਕੇ। ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਈ ਤਰਾਂ ਦੇ ਘਪਲਿਆਂ ਦਾ ਸ਼ਿਕਾਰ ਹੈ ਜਿਸ ਬਾਰੇ ਆਡਿਟ ਕਰਵਾ ਕੇ ਸਾਰੀ ਸੱਚਾਈ ਸੰਗਤਾਂ ਸਾਹਮਣੇ ਲਿਆਂਦੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਪੰਥਕ ਸੰਸਥਾ ਦਾ ਆਧਾਰ ਲੋਕਾਂ ਵਿੱਚ ਮਜ਼ਬੂਤ ਬਣੇ। ਇਸ ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਜੋ ਪੀਟੀਸੀ ਵੱਲ ਰਹਿੰਦੇ ਕਰੋੜਾਂ ਰੁਪਏ ਬਕਾਏ ਦੀ ਵਸੂਲੀ ਦਾ ਮੁੱਦਾ ਚੁੱਕਿਆ ਸੀ, ਸ਼੍ਰੋਮਣੀ ਕਮੇਟੀ ਨੂੰ ਉਸ ਬਾਰੇ ਵੀ ਚਾਰਾਜੋਈ ਕਰ ਕੇ ਗੁਰੂ ਘਰ ਦੀ ਬਣਦੀ ਰਕਮ ਵਸੂਲਣੀ ਚਾਹੀਦੀ ਹੈ। ਇਹ ਕਰੋੜਾਂ ਰੁਪਏ ਗ਼ਰੀਬ ਅਤੇ ਲੋੜਵੰਦ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ’ਤੇ ਖਰਚ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਸਿੱਖੀ ਪਰਿਵਾਰ ਵਿੱਚ ਹੋਰ ਵਾਧਾ ਹੋਵੇਗਾ। ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਸੰਸਥਾ ਹੈ ਪਰ ਅਜਿਹੇ ਵੇਲੇ ਇਕ ਪਰਿਵਾਰ ਦਾ ਕਬਜ਼ਾ ਹੋਣ ਕਰ ਕੇ ਪੰਥਕ ਮਸਲਿਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਵਿਰੋਧੀਆਂ ਦੀ ਆਵਾਜ਼ ਵੀ ਨਹੀਂ ਸੁਣੀ ਜਾਂਦੀ। ਅਸੀਂ ਆਸ ਕਰਦੇ ਹਾਂ ਕਿ ਬਹੁਗਿਣਤੀ ਮੈਂਬਰ ਆਪਣੀ ਜਮੀਰ ਦੀ ਆਵਾਜ਼ ਸੁਣ ਕੇ ਪੰਥਕ ਮਸਲਿਆਂ ’ਤੇ ਵਿਚਾਰ-ਵਟਾਂਦਰੇ ਲਈ ਆਪਣੇ ਆਗੂਆਂ ’ਤੇ ਜ਼ੋਰ ਪਾਉਣਗੇ, ਜਿਸ ਨਾਲ ਗੁਰੂ ਸਹਿਬਾਨ ਦੇ ਗੋਸ਼ਟੀ ਕਰਨ ਦੇ ਵਿਚਾਰ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ। ਇਸ ਨਾਲ ਇਹ ਬਜਟ ਇਜਲਾਸ ਹੱਥ ਖੜ੍ਹੇ ਕਰ ਕੇ ਜੈਕਾਰੇ ਛੱਡਣ ਵਾਲੀ ਪੁਰਾਣੀ ਰਵਾਇਤ ਤੋਂ ਹਟ ਕੇ ਨਵਾਂ ਇਤਿਹਾਸ ਸਿਰਜ ਸਕੇਗਾ।