ਐੱਸਐੱਸਪੀ ਦੀ ਅਗਵਾਈ ’ਚ ਦਿਹਾਤੀ ਪੁਲਿਸ ਵੱਲੋਂ ਸਪੈਸ਼ਲ ਨਾਕੇਬੰਦੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 27 Mar 2026 08:23 PM (IST)
Updated Date: Fri, 27 Mar 2026 08:26 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਜਲੰਧਰ ਦਿਹਾਤੀ ਪੁਲਿਸ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪੈਸ਼ਲ ਨਾਕੇਬੰਦੀ ਕੀਤੀ ਗਈ। ਇਹ ਕਾਰਵਾਈ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਟੀ ਸਰਵੇਲੈਂਸ ਪਲਾਨ ਤਹਿਤ ਕੀਤੀ ਗਈ, ਜਿਸ ਦਾ ਮਕਸਦ ਸੁਰੱਖਿਆ ਅਤੇ ਚੌਕਸੀ ਨੂੰ ਹੋਰ ਮਜ਼ਬੂਤ ਕਰਨਾ ਹੈ। ਐੱਸਐੱਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਮੁੱਖ ਅਫਸਰ ਥਾਣਾ ਦੀ ਅਗਵਾਈ ਵਿੱਚ ਸ਼ਹਿਰਾਂ ਅਤੇ ਕਸਬਿਆਂ ਦੇ ਅਹਿਮ ਸਥਾਨਾਂ ’ਤੇ ਨਾਕੇ ਲਾਏ। ਇਹ ਨਾਕੇਬੰਦੀਆਂ ਅਕਸਰ ਅਚਾਨਕ ਕੀਤੀਆਂ ਜਾਂਦੀਆਂ ਹਨ, ਤਾਂ ਜੋ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਵਿਸ਼ੇਸ਼ ਨਿਗਰਾਨੀ ਰੱਖ ਕੇ ਕਿਸੇ ਵੀ ਗੈਰ-ਕਾਨੂੰਨੀ ਸਰਗਰਮੀ ਨੂੰ ਰੋਕਣ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ’ਤੇ ਖਾਸ ਧਿਆਨ ਦਿੱਤਾ ਗਿਆ। ਇਸ ਤੋਂ ਇਲਾਵਾ ਰਾਤ ਸਮੇਂ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਾਈਟ ਡੋਮੀਨੇਸ਼ਨ ਆਪ੍ਰੇਸ਼ਨ ਵੀ ਤੇਜ਼ ਕੀਤੇ ਗਏ ਹਨ। ਇਨ੍ਹਾਂ ਕਾਰਵਾਈਆਂ ਦਾ ਮੁੱਖ ਉਦੇਸ਼ ਅਪਰਾਧਾਂ ’ਤੇ ਕੰਟਰੋਲ, ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨਾ ਅਤੇ ਇੱਕ ਸੁਰੱਖਿਅਤ ਮਾਹੌਲ ਤਿਆਰ ਕਰਨਾ ਹੈ। ਇਸ ਨਾਲ ਡਿਊਟੀ ’ਤੇ ਤਾਇਨਾਤ ਪੁਲਿਸ ਕਰਮਚਾਰੀਆਂ ਦੀ ਚੌਕਸੀ ਅਤੇ ਕਾਰਗੁਜ਼ਾਰੀ ਵਿੱਚ ਵੀ ਸੁਧਾਰ ਆਉਂਦਾ ਹੈ। ਐੱਸਐੱਸਪੀ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਅਤੇ ਸਟੇਕਹੋਲਡਰਾਂ ਨਾਲ ਨਿਯਮਿਤ ਤੌਰ ’ਤੇ ਕੋਆਰਡੀਨੇਸ਼ਨ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਟ੍ਰੈਫਿਕ ਪ੍ਰਬੰਧਨ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਟ੍ਰੈਫਿਕ ਵਿਭਾਗ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਸੀਨੀਅਰ ਅਧਿਕਾਰੀਆਂ ਖ਼ਾਸ ਕਰ ਕੇ ਸਪੈਸ਼ਲ ਡੀਜੀਪੀ ਟ੍ਰੈਫਿਕ ਵੱਲੋਂ ਜਾਰੀ ਹਦਾਇਤਾਂ ਨੂੰ ਸਾਰੇ ਸਬ ਡਵੀਜ਼ਨਾਂ ਵਿੱਚ ਐੱਸਐੱਚਓਜ਼ ਅਤੇ ਡੀਐੱਸਪੀਜ਼ ਦੀ ਨਿਗਰਾਨੀ ਹੇਠ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।