ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ’ਚ ਬੈਂਕਾਂ ਲਈ ਮਿੱਥੇ ਟੀਚਿਆਂ ਤੇ ਨਤੀਜਿਆਂ ਦੀ ਸਮੀਖਿਆ
- ਏਡੀਸੀ ਵੱਲੋਂ ਬੈਂਕਾਂ
Publish Date: Fri, 27 Mar 2026 08:16 PM (IST)
Updated Date: Fri, 27 Mar 2026 08:20 PM (IST)

- ਏਡੀਸੀ ਵੱਲੋਂ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਕਰਜ਼ੇ ਦੀ ਸਹੂਲਤ ਪ੍ਰਦਾਨ ਕਰਨ ਦੀ ਹਦਾਇਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਸਲਾਹਕਾਰ ਕਮੇਟੀ/ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ ਦੀ ਵਿਸ਼ੇਸ਼ ਤਿਮਾਹੀ ਸਮੀਖਿਆ ਮੀਟਿੰਗ ਦੌਰਾਨ ਵਿੱਤੀ ਸਾਲ 2025-26 ਦੀ ਸਾਲਾਨਾ ਕਰਜ਼ਾ ਯੋਜਨਾ ਦੀ 31 ਦਸੰਬਰ 2025 ਨੂੰ ਖ਼ਤਮ ਹੋਈ ਤਿਮਾਹੀ ਲਈ ਮਿੱਥੇ ਗਏ ਟੀਚਿਆਂ ਅਤੇ ਨਤੀਜਿਆਂ ਦੀ ਸਮੀਖਿਆ ਕੀਤੀ ਗਈ। ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਕੰਮ ਕਰਦੇ ਸਾਰੇ ਸਰਕਾਰੀ, ਸਹਿਕਾਰੀ ਅਤੇ ਗੈਰ ਸਰਕਾਰੀ ਬੈਂਕਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਬੈਂਕਾਂ ਦੀ ਕਾਰਗੁਜ਼ਾਰੀ ’ਤੇ ਤਸੱਲੀ ਪ੍ਰਗਟ ਕੀਤੀ ਅਤੇ ਕਰਜ਼ੇ ਤੇ ਸੀਡੀ ਰੇਸ਼ੋ ਦੇ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਬੈਂਕਾਂ ਨੂੰ ਹੋਰ ਕੰਮ ਕਰਨ ਦੀ ਹਦਾਇਤ ਕੀਤੀ। ਮੀਟਿੰਗ ਦੇ ਕਨਵੀਨਰ ਐੱਮਐੱਸ ਮੋਤੀ ਪ੍ਰਮੁੱਖ ਜ਼ਿਲ੍ਹਾ ਪ੍ਰਬੰਧਕ ਨੇ ਦੱਸਿਆ ਕਿ ਬੈਂਕਾਂ ਵੱਲੋਂ 31 ਦਸੰਬਰ, 2025 ਨੂੰ ਖ਼ਤਮ ਹੋਈ ਤਿਮਾਹੀ ਲਈ ਮਿੱਥੇ ਗਏ ਤਰਜੀਹੀ ਖੇਤਰ ਟੀਚੇ 8433 ਕਰੋੜ ਰੁਪਏ ਦੇ ਸਾਹਮਣੇ 15797 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਅਤੇ ਤਿਮਾਹੀ ਦੇ ਸਾਰੇ ਕਰਜ਼ ਟੀਚੇ ਪੂਰੇ ਕਰ ਲਏ ਗਏ ਹਨ। ਖੇਤੀਬਾੜੀ ਕਰਜ਼ੇ ਦੇ 2296 ਕਰੋੜ ਰੁਪਏ ਦੇ ਟੀਚੇ ਸਾਹਮਣੇ 3635 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ ਹਨ, ਜੋ ਕਿ ਟੀਚੇ ਦਾ 158.31% ਬਣਦਾ ਹੈ। ਦਸੰਬਰ ਤਿਮਾਹੀ ਦੇ ਅਖੀਰ ਤੱਕ 24343 ਕਰੋੜ ਰੁਪਏ ਦੇ ਕੁੱਲ ਕਰਜ਼ੇ ਵੰਡੇ ਜਾ ਚੁੱਕੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਸੀਡੀ ਰੇਸ਼ੋ ਵਿੱਚ ਹੋਰ ਸੁਧਾਰ ਲਿਆਉਣ ਲਈ ਯੋਗ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੀ ਸਹੂਲਤ ਪ੍ਰਦਾਨ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਲਈ ਵੀ ਵੱਧ ਤੋਂ ਵੱਧ ਕਰਜ਼ਾ ਦੇਣ ਦੇ ਸਾਰੇ ਬੈਂਕਾਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ, ਖੇਤੀਬਾੜੀ, ਬਾਗਬਾਨੀ, ਮੱਛੀਪਾਲਣ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ, ਰਿਜ਼ਰਵ ਬੈਂਕ ਆਫ਼ ਇੰਡੀਆ, ਚੰਡੀਗੜ੍ਹ ਤੋਂ ਅਲੋਕ ਰੰਜਨ ਐੱਲਡੀਓ, ਬੈਂਕਾਂ ਦੇ ਜ਼ਿਲ੍ਹਾ ਨੁਮਾਇੰਦੇ, ਯੂਕੋ ਬੈਂਕ ਜ਼ੋਨਲ ਆਫਿਸ ਤੋਂ ਸ਼੍ਰੇਆ, ਰੂਡਸੈੱਡ ਇੰਸਟੀਚਿਊਟ ਜਲੰਧਰ ਤੋਂ ਪਰਗਟ ਸਿੰਘ ਤੇ ਹੋਰ ਵੀ ਮੌਜੂਦ ਸਨ।