- ਨਿਯਮਾਂ ਦੀਆਂ ਉੱਡ

- ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ, ਸਰਕਾਰ ਨੂੰ ਲੱਗ ਰਿਹੈ ਰੋਜ਼ਾਨਾ ਲੱਖਾਂ ਦਾ ਚੂਨਾ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸੂਬੇ ਵਿਚ ਰੇਤ ਮਾਫੀਆ ’ਤੇ ਨਕੇਲ ਪਾਉਣ ਦੇ ‘ਆਪ’ ਸਰਕਾਰ ਦੇ ਦਾਅਵਿਆਂ ਦੀ ਉਸ ਵੇਲੇ ਫੂਕ ਨਿਕਲਦੀ ਨਜ਼ਰ ਆਈ, ਜਦੋਂ ਇਲਾਕੇ ਦੇ ਪਿੰਡ ਚੱਕ ਬਾਹਮਣੀਆਂ ਦੀ ਪੰਚਾਇਤੀ ਜ਼ਮੀਨ ਵਿੱਚ ਵੱਡੇ ਪੱਧਰ ’ਤੇ ਚੱਲ ਰਹੀ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਹੋਇਆ। ਇਸ ਗੈਰ-ਕਾਨੂੰਨੀ ਕਾਰੋਬਾਰ ਕਾਰਨ ਜਿੱਥੇ ਵਾਤਾਵਰਣ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਸਰਕਾਰੀ ਖਜ਼ਾਨੇ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਵਿੱਤੀ ਚੂਨਾ ਲਾਇਆ ਜਾ ਰਿਹਾ ਹੈ।
ਇਸ ਗੰਭੀਰ ਮਾਮਲੇ ਨੂੰ ਉਜਾਗਰ ਕਰਦਿਆਂ ਸਾਬਕਾ ਬਲਾਕ ਸੰਮਤੀ ਮੈਂਬਰ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ, ਰਘਬੀਰ ਸਿੰਘ ਸਾਬਕ ਮੈਬਰ ਪੰਚਾਇਤ ਥੰਮੂਵਾਲ, ਜਗਤਾਰ ਸਿੰਘ ਤੇ ਚੰਨਪ੍ਰੀਤ ਸਿੰਘ ਨੇ ਦੱਸਿਆ ਕਿ ਮਾਈਨਿੰਗ ਕਰਨ ਵਾਲਿਆਂ ਦੇ ਮਨ ’ਚੋਂ ਕਾਨੂੰਨ ਦਾ ਖੌਫ਼ ਖ਼ਤਮ ਹੋ ਚੁੱਕਾ ਹੈ ਤੇ ਵੱਡੀ ਗਿਣਤੀ ਵਿਚ ਰੋਜ਼ਾਨਾ ਦਿਨ-ਰਾਤ ਸੈਂਕੜੇ ਟਿੱਪਰ ਅਤੇ ਟਰੈਕਟਰ-ਟਰਾਲੀਆਂ ਨੂੰ ਪੋਕਲਾਈਨ ਤੇ ਜੇਸੀਬੀ ਮਸ਼ੀਨਾਂ ਰਾਹੀਂ ਰੇਤਾ ਨਾਲ ਭਰਿਆ ਜਾ ਰਿਹਾ ਹੈ। ਇਹ ਸਾਰਾ ਕਾਰੋਬਾਰ ਪ੍ਰਸ਼ਾਸਨ ਦੀਆਂ ਅੱਖਾਂ ਹੇਠ ਚੱਲ ਰਿਹਾ ਹੈ। ਜਲੰਧਰ, ਮੋਗਾ, ਫਿਰੋਜ਼ਪੁਰ, ਲੁਧਿਆਣਾ ਤੇ ਕਪੂਰਥਲਾ ਜ਼ਿਲ੍ਹੇ ਦੇ ਵਾਹਨ ਵੀ ਉਕਤ ਥਾਂਵਾਂ ਤੋਂ ਰੇਤਾ ਦੀ ਸਪਲਾਈ ਕਰਦੇ ਹਨ। ਰੇਤਾ ਨਾਲ ਭਰੇ ਓਵਰਲੋਡ ਟਰਾਲੇ ਤੇ ਟਿੱਪਰ ਦਰਿਆ ਦੇ ਬੰਨ੍ਹਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ। ਪਹਿਲਾਂ ਹੀ 2019 ਤੋਂ ਹੁਣ ਤੱਕ ਤਿੰਨ ਵਾਰ ਸ਼ਾਹਕੋਟ ਹਲਕੇ ਵਿਚ ਹੀ ਬੰਨ੍ਹ ਟੁੱਟ ਚੁੱਕਾ ਹੈ, ਜਿਸ ਕਾਰਨ 100 ਤੋਂ ਵੱਧ ਪਿੰਡ ਪ੍ਰਭਾਵਿਤ ਹੋ ਚੁੱਕੇ ਹਨ ਤੇ ਕਿਸਾਨਾਂ ਨੂੰ ਫਸਲਾਂ, ਪਸ਼ੂਆਂ, ਮਕਾਨ ਸਮੇਤ ਹੋਰ ਮਾਲੀ ਨੁਕਸਾਨ ਉਠਾਉਣਾ ਪਿਆ ਸੀ। ਕਾਮਰੇਡ ਥੰਮੂਵਾਲ ਨੇ ਦੱਸਿਆ ਕਿ ਇਸੇ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠ 24 ਅਕਤੂਬਰ 2025 ਨੂੰ ਬੀਡੀਪੀਓ ਸ਼ਾਹਕੋਟ ਬਲਜੀਤ ਸਿੰਘ ਬੱਗਾ ਵੱਲੋਂ 20 ਦੇ ਕਰੀਬ ਵਿਅਕਤੀਆਂ ’ਤੇ ਪਹਿਲਾਂ ਵੀ ਇਕ ਐੱਫਆਈਆਰ ਦਰਜ ਕਰਵਾਈ ਗਈ ਸੀ ਤੇ ਵਾਹਨ ਤੇ ਮਸ਼ੀਨਾਂ ਜ਼ਬਤ ਕਰਵਾਈਆਂ ਗਈਆਂ ਸਨ। ਇਸ ਦੇ ਬਾਵਜੂਦ ਮਾਫੀਆ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਮਾਈਨਿੰਗ ਦਾ ਕੰਮ ਮੁੜ ਤੋਂ ਬੇਖੌਫ਼ ਜਾਰੀ ਹੈ।
ਸਟੇਟ ਐਨਵਾਇਰਮੈਂਟ ਇਮਪੈਕਟ ਅਸੈੱਸਮੈਂਟ ਅਥਾਰਟੀ ਪੰਜਾਬ ਵੱਲੋਂ ਮਾਈਨਿੰਗ ਪ੍ਰਾਜੈਕਟਾਂ ਲਈ ਬਹੁਤ ਸਖ਼ਤ ਨਿਯਮ ਬਣਾਏ ਗਏ ਹਨ, ਪਰ ਚੱਕ ਬਾਹਮਣੀਆਂ ਵਿਚ ਇਨ੍ਹਾਂ ਸਾਰੇ ਨਿਯਮਾਂ ਨੂੰ ਮਿੱਟੀ ਵਿਚ ਮਿਲਾਇਆ ਜਾ ਰਿਹਾ ਹੈ। ਨਿਯਮਾਂ ਅਨੁਸਾਰ ਮਾਈਨਿੰਗ ਸਿਰਫ਼ ਅੱਧ-ਮਸ਼ੀਨੀ ਤਰੀਕੇ ਨਾਲ ਹੀ ਕੀਤੀ ਜਾ ਸਕਦੀ ਹੈ। ਇਲਾਕਾ ਵਾਸੀਆਂ ਅਤੇ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ ਨੇ ਪੰਜਾਬ ਸਰਕਾਰ, ਮਾਈਨਿੰਗ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਤੇ ਉਨ੍ਹਾਂ ਦੀ ਪੁਸ਼ਤ-ਪਨਾਹੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮਾਮਲੇ ਸਬੰਧੀ ਜਦੋਂ ਬੀਡੀਪੀਓ ਸ਼ਾਹਕੋਟ ਬਲਜੀਤ ਸਿੰਘ ਬੱਗਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲ ਤੋਂ ਦੇਖਣ ’ਤੇ ਸ਼ੁਰੂਆਤੀ ਤੌਰ ’ਤੇ ਇਹ ਲੱਗਦਾ ਸੀ ਕਿ ਮਾਈਨਿੰਗ ਮੋਗੇ ਵਾਲੇ ਪਾਸੇ ਹੋ ਰਹੀ ਹੈ। ਪਰ ਜੇਕਰ ਇਹ ਕੰਮ ਚੱਕ ਬਾਹਮਣੀਆਂ ਦੇ ਰਕਬੇ ਵਿੱਚ ਹੋ ਰਿਹਾ ਹੈ, ਤਾਂ ਇਸ ਦੀ ਪੁਸ਼ਟੀ ਕਰ ਕੇ ਤੁਰੰਤ ਪਰਚਾ ਦਰਜ ਕਰਵਾਇਆ ਜਾਵੇਗਾ ਅਤੇ ਬਣਦੀ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਚੱਕ ਬਾਹਮਣੀਆਂ ਦਾ ਇਹ ਰਕਬਾ ਮੁਕੰਮਲ ਤੌਰ ’ਤੇ ਪੰਚਾਇਤੀ ਜ਼ਮੀਨ ਹੈ। ਪਰ ਲੋਕਾਂ ਨੇ ਇਸ ’ਤੇ ਨਾਜਾਇਜ਼ ਕਬਜ਼ੇ ਕਰ ਕੇ ਗਿਰਦਾਵਰੀਆਂ ਆਪਣੇ ਨਾਵਾਂ ’ਤੇ ਕਰਵਾਈਆਂ ਹੋਈਆਂ ਹਨ ਅਤੇ ਧੱਕੇ ਨਾਲ ਮਾਲਕ ਬਣੇ ਬੈਠੇ ਹਨ। ਇਹੀ ਲੋਕ ਰਾਤ-ਬਰਾਤੇ ਜ਼ਮੀਨ ਵਿੱਚੋਂ ਨਾਜਾਇਜ਼ ਮਾਈਨਿੰਗ ਕਰਵਾਉਂਦੇ ਹਨ। ਨਾਜਾਇਜ਼ ਮਾਈਨਿੰਗ ਹੋਣ ਸਬੰਧਿਤ ਵਿਭਾਗ ਦੇ ਐੱਸਡੀਓ ਵਿਜੈ ਨਾਲ ਮੋਬਾਈਲ ਨੰ. 90416-02989 ’ਤੇ ਗੱਲ ਕਰਨ ਲਈ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਵੀ ਉਨ੍ਹਾਂ ਫੋਨ ਨਹੀਂ ਚੁੱਕਿਆ।