ਸਿਵਲ ਹਸਪਤਾਲ ’ਚ ਐਮਰਜੈਂਸੀ ’ਚ ਆਉਣ ਵਾਲੇ ਹੋ ਰਹੇ ਖੱਜਲ-ਖੁਆਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 27 Mar 2026 06:43 PM (IST)
Updated Date: Fri, 27 Mar 2026 07:02 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਬਿਹਤਰ ਸਿਹਤ ਸੇਵਾਵਾਂ ਦੇ ਦਾਅਵਿਆਂ ’ਤੇ ਉਸ ਵੇਲੇ ਸਵਾਲ ਖੜ੍ਹੇ ਹੋ ਗਏ, ਜਦੋਂ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ ਦੀ ਗੰਭੀਰ ਲਾਪ੍ਰਵਾਹੀ ਸਾਹਮਣੇ ਆਈ। ਸਮਾਜ ਸੇਵਕ ਅਤੇ ਰਾਜਨੀਤਿਕ ਆਗੂ ਅੰਗਦ ਦੱਤਾ ਵੱਲੋਂ ਕੀਤੀ ਗਈ ਸ਼ਿਕਾਇਤ ਅਨੁਸਾਰ, 26 ਮਾਰਚ ਦੀ ਰਾਤ ਲਗਭਗ 10 ਵਜੇ ਦੋ ਗੰਭੀਰ ਘਟਨਾਵਾਂ ਦੇਖੀਆਂ ਗਈਆਂ। ਪਹਿਲੀ ਘਟਨਾ ਵਿੱਚ ਇੱਕ ਗੰਭੀਰ ਮਰੀਜ਼ ਹਸਪਤਾਲ ਪਹੁੰਚਿਆ ਪਰ ਕੋਈ ਵੀ ਡਾਕਟਰ ਜਾਂ ਸਟਾਫ ਮਦਦ ਲਈ ਅੱਗੇ ਨਹੀਂ ਆਇਆ। ਮਰੀਜ਼ ਦੇ ਨਾਲ ਆਏ ਵਿਅਕਤੀ ਨੂੰ ਖੁਦ ਹੀ ਵ੍ਹੀਲਚੇਅਰ ਲਿਆ ਕੇ ਮਰੀਜ਼ ਨੂੰ ਐਮਰਜੈਂਸੀ ਵਾਰਡ ਤੱਕ ਲਿਜਾਣਾ ਪਿਆ। ਇਸ ਨੂੰ ਐਮਰਜੈਂਸੀ ਸਿਸਟਮ ਦੀ ਨਾਕਾਮੀ ਦੱਸਿਆ ਜਾ ਰਿਹਾ ਹੈ। ਦੂਜੀ ਘਟਨਾ ਵਿੱਚ ਇੱਕ ਐਂਬੂਲੈਂਸ ਨੂੰ ਗਲਤ ਪਾਰਕਿੰਗ ਕਾਰਨ ਐਮਰਜੈਂਸੀ ਗੇਟ ’ਤੇ ਰੁਕਣਾ ਪਿਆ, ਜਿਸ ਨਾਲ ਮਰੀਜ਼ ਦੀ ਜਾਨ ਨੂੰ ਖਤਰਾ ਪੈ ਸਕਦਾ ਸੀ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਹ ਘਟਨਾਵਾਂ ਸੁਪਰੀਮ ਕੋਰਟ ਦੇ ਫੈਸਲਿਆਂ ਦੀ ਉਲੰਘਣਾ ਹੈ ਜਿਵੇਂ ਤੁਰੰਤ ਇਲਾਜ ਦੇਣਾ ਲਾਜ਼ਮੀ ਦੇਰੀ ਧਾਰਾ 21 (ਜੀਵਨ ਦਾ ਅਧਿਕਾਰ) ਦੀ ਉਲੰਘਣਾ ਹੈ। ਹਸਪਤਾਲ ਪ੍ਰਬੰਧਕਾਂ ਦੀ ਲਾਪ੍ਰਵਾਹੀ ਸਾਹਮਣੇ ਆਈਆਂ ਜਿਵੇਂ ਐਮਰਜੈਂਸੀ ਸੇਵਾਵਾਂ ਦੀ ਕਮੀ, ਸਟਾਫ ਦੀ ਜਵਾਬਦੇਹੀ ਦੀ ਘਾਟ, ਮਰੀਜ਼ਾਂ ਦੇ ਅਧਿਕਾਰਾਂ ਦੀ ਉਲੰਘਣਾ ਆਦਿ। ਅੰਗਦ ਦੱਤਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਵੀਡੀਓ ਸਬੂਤ ਮੌਜੂਦ ਹਨ ਅਤੇ ਤੁਰੰਤ ਜਾਂਚ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਇਹ ਮਾਮਲਾ ਮੁੱਖ ਮੰਤਰੀ ਦਫ਼ਤਰ, ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚਾਇਆ ਗਿਆ ਹੈ। ਫਿਲਹਾਲ, ਇਸ ਮਾਮਲੇ ’ਤੇ ਸਰਕਾਰ ਜਾਂ ਹਸਪਤਾਲ ਵੱਲੋਂ ਕੋਈ ਅਧਿਕਾਰਿਕ ਪ੍ਰਤੀਕਿਰਿਆ ਨਹੀਂ ਆਈ। ਸਿਵਲ ਹਸਪਤਾਲ ਦੀ ਐੱਮਐੱਸ ਡਾ. ਨਮਿਤਾ ਘਈ ਦਾ ਕਹਿਣਾ ਹੈ ਕਿ ਵੀਰਵਾਰ ਰਾਤ ਨੂੰ ਲੜਾਈ-ਝਗੜਿਆਂ ਦੇ ਮਾਮਲੇ ਸਾਹਮਣੇ ਆਏ ਸਨ। ਹਸਪਤਾਲ ਦਾ ਸਟਾਫ ਜ਼ਖ਼ਮੀਆਂ ਦੇ ਇਲਾਜ ’ਚ ਲੱਗਾ ਸੀ। ਹਾਲਾਂਕਿ ਐਮਰਜੈਂਸੀ ’ਚ 6 ਸਟ੍ਰੈਚਰ ਤੇ ਚਾਰ ਵ੍ਹੀਲ ਚੇਅਰ ਰੱਖੀਆਂ ਗਈਆਂ ਹਨ। ਮਰੀਜ਼ਾਂ ਨੂੰ ਵਾਹਨ ਨਾਲ ਐਮਰਜੈਂਸੀ ਤਕ ਪਹੁੰਚਣ ਲਈ ਸਟਾਫ ਵੀ ਤਾਇਨਾਤ ਹੈ। ਕਈ ਵਾਰ ਸਟਾਫ ਮਰੀਜ਼ ਨੂੰ ਵਾਰਡ ’ਚ ਛੱਡਣ ਲਈ ਜਾਂਦੇ ਹਨ। ਉੱਥੇ ਐਮਰਜੈਂਸੀ ਦੇ ਬਾਹਰ ਇੱਕ ਕਾਰ ਖੜ੍ਹੀ ਸੀ, ਜਿਸ ਵਿੱਚ ਥੋੜ੍ਹੀ ਦੇਰ ਪਹਿਲਾਂ ਹੀ ਗੰਭੀਰ ਮਰੀਜ਼ ਨੂੰ ਲੈ ਕੇ ਪਰਿਵਾਰਕ ਮੈਂਬਰ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਐਮਰਜੈਂਸੀ ਦੇ ਬਾਹਰ ਟ੍ਰੈਫਿਕ ਜਾਮ ਨਾ ਲੱਗੇ, ਇਸ ਸਬੰਧੀ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਵੀ ਕੀਤੀ ਹੈ।