ਸਕੂਲ ਆਫ਼ ਐਮੀਨੈਂਸ ਫਿਲੌਰ ’ਚ ਅਤਿ-ਆਧੁਨਿਕ ਸਪੇਸ ਲੈਬ ਦਾ ਉਦਘਾਟਨ
ਵਿਦਿਆਰਥੀਆਂ ਨੂੰ ਸਫ਼ਲਤਾ ਪ੍ਰਾਪਤ
Publish Date: Fri, 20 Mar 2026 08:58 PM (IST)
Updated Date: Sat, 21 Mar 2026 04:14 AM (IST)

ਵਿਦਿਆਰਥੀਆਂ ਨੂੰ ਸਫ਼ਲਤਾ ਪ੍ਰਾਪਤ ਕਰਨ ਲਈ ਨਿਰੰਤਰ ਯਤਨ ਕਰਨ ਲਈ ਪ੍ਰੇਰਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਫਿਲੌਰ: ਵਿਦਿਆਰਥੀਆਂ ਨੂੰ ਪੁਲਾੜ ਤੇ ਵਿਗਿਆਨ ਨਾਲ ਸਬੰਧਤ ਨਵੀਨਤਮ ਤਕਨਾਲੋਜੀ ਤੇ ਗਿਆਨ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਵਾਈਸ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਅੱਜ ਸਕੂਲ ਆਫ਼ ਐਮੀਨੈਂਸ ਫਿਲੌਰ ਵਿਖੇ ਅਤਿ-ਆਧੁਨਿਕ ਸਪੇਸ ਲੈਬ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਡੀਸੀ ਨੇ ਕਿਹਾ ਕਿ ਇਹ ਲੈਬ ਵਿਦਿਆਰਥੀਆਂ ’ਚ ਵਿਗਿਆਨ ਪ੍ਰਤੀ ਰੁਚੀ ਨੂੰ ਉਤਸ਼ਾਹਿਤ ਕਰੇਗੀ ਤੇ ਉਨ੍ਹਾਂ ਨੂੰ ਪੁਲਾੜ ਵਿਗਿਆਨ ਤੇ ਤਕਨਾਲੋਜੀ ’ਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਇਸ ਲੈਬ ਦੇ ਬਣਨ ਨਾਲ ਵਿਦਿਆਰਥੀ ਪੁਲਾੜ, ਗ੍ਰਹਿਆਂ ਤੇ ਰੋਬੋਟਿਕ ਤਕਨੀਕ ਨਾਲ ਮੌਸਮ ਦੀ ਭਵਿੱਖਵਾਣੀ, ਸੰਚਾਰ ਤੇ ਨੈਵੀਗੇਸ਼ਨ ਆਦਿ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ। ਇਸ ਮੌਕੇ ਸਹਾਇਕ ਕਮਿਸ਼ਨਰ (ਯੂਟੀ) ਮੁਕਿਲਨ ਆਰ., ਐੱਸਡੀਐਮ ਫਿਲੌਰ ਦੀਪਕ ਭਾਟੀਆ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ.) ਡਾ. ਗੁਰਿੰਦਰਜੀਤ ਕੌਰ ਵੀ ਮੌਜੂਦ ਸਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਸਿੱਖਿਆ ਕ੍ਰਾਂਤੀ’ ਤਹਿਤ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਡੀਸੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਸਹੂਲਤਾਂ ਪ੍ਰਦਾਨ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਡਾ. ਅਗਰਵਾਲ ਨੇ ਕਿਹਾ ਕਿ ਅੱਜ ਦਾ ਯੁੱਗ ਵਿਗਿਆਨ ਤੇ ਤਕਨਾਲੋਜੀ ਦਾ ਯੁੱਗ ਹੈ ਤੇ ਸਪੇਸ ਬਾਰੇ ਸਿੱਖਿਆ ਹਾਸਲ ਕਰ ਕੇ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਲਈ ਨਵੇਂ ਰਾਹ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਇਸ ਲੈਬ ਤੋਂ ਸਿੱਖਿਆ ਹਾਸਲ ਕਰ ਕੇ ਵਿਦਿਆਰਥੀ ਭਵਿੱਖ ’ਚ ਸਪੇਸ ਵਿਗਿਆਨੀ ਬਣ ਕੇ ਆਪਣੇ ਜ਼ਿਲ੍ਹੇ, ਸੂਬੇ ਤੇ ਦੇਸ਼ ਦਾ ਨਾਂ ਰੌਸ਼ਨ ਕਰਨ ’ਚ ਕਾਮਯਾਬ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ’ਚ ਇਸ ਕਿਸਮ ਦੀ ਲੈਬ ਖੁੱਲ੍ਹਣ ਨਾਲ ਇਥੇ ਪੜ੍ਹਦੇ ਵਿਦਿਆਰਥੀਆਂ ਨੂੰ ਅੰਤਰਿਕਸ਼ ਵਿਗਿਆਨ ਬਾਰੇ ਬਿਹਤਰ ਢੰਗ ਨਾਲ ਜਾਨਣ ਅਤੇ ਸਿੱਖਣ ਦਾ ਮੌਕਾ ਮਿਲੇਗਾ।ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਕੁਮਾਰ ਜੋਸ਼ੀ, ਪ੍ਰਿੰਸੀਪਲ ਸਕੂਲ ਆਫ਼ ਐਮੀਨੈਂਸ ਫਿਲੌਰ ਤਰਲੋਕ ਸਿੰਘ, ਚੇਅਰਮੈਨ ਐੱਸਐੱਸਸੀ ਕਮੇਟੀ ਡਾ. ਵੈਭਵ ਸ਼ਰਮਾ, ਸਕੱਤਰ ਰੈੱਡ ਕਾਰਸ ਸੁਸਾਇਟੀ ਸੁਰਜੀਤ ਲਾਲ ਤੇ ਸਕੂਲ ਦਾ ਸਮੁੱਚਾ ਸਟਾਫ਼ ਮੌਜੂਦ ਸੀ।