ਸਿਹਤਮੰਦ ਮੂੰਹ ਸਮੁੱਚੀ ਸਰੀਰਕ ਤੰਦਰੁਸਤੀ ਲਈ ਜ਼ਰੂਰੀ: ਡਾ਼. ਭਵਦੀਪ
ਸੁਰਜੀਤ ਪਾਲ, ਪੰਜਾਬੀ ਜਾਗਰਣ,
Publish Date: Fri, 20 Mar 2026 08:48 PM (IST)
Updated Date: Sat, 21 Mar 2026 04:14 AM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਤੇ ਡੀਡੀਐੱਚਓ ਡਾ. ਬਲਜੀਤ ਕੌਰ ਦੇ ਹੁਕਮਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਜੀਤ ਸਿੰਘ ਪਾਲ ਦੀ ਅਗਵਾਈ ਹੇਠ ਅੱਜ ਵਿਸ਼ਵ ਓਰਲ ਹੈਲਥ ਦਿਵਸ ਮਨਾਇਆ ਗਿਆ। ਇਸ ਸਾਲ ਦੇ ਥੀਮ ‘ਖੁਸ਼ ਮੂੰਹ ਇੱਕ ਖੁਸ਼ਹਾਲ ਜ਼ਿੰਦਗੀ’ ਵਿਸ਼ੇ ਤਹਿਤ ਸਰਕਾਰੀ ਸਕੂਲ ਆਲਮਗੀਰ ’ਚ ਲਾਏ ਕੈਂਪ ’ਚ ਜਾਗਰੂਕਤਾ ਦੇ ਨਾਲ-ਨਾਲ ਦੰਦਾਂ ਦਾ ਚੈੱਕਅਪ ਕੈਂਪ ਲਾਇਆ ਗਿਆ। ਇਸ ਮੌਕੇ ਮੈਡੀਕਲ ਅਫ਼ਸਰ ਡੈਂਟਲ ਡਾ. ਭਵਦੀਪ ਕੌਰ, ਡਾ. ਰੰਜਨਾ, ਡਾ. ਸੁਮਿਤ ਕਪਾਹੀ ਤੇ ਹੋਰ ਹਾਜ਼ਰ ਸਨ। ਡਾ. ਭਵਦੀਪ ਕੌਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭੋਜਨ ਨੂੰ ਚੰਗੀ ਤਰਾਂ ਚਬਾਉਣ ਤੇ ਪਚਾਉਣ ਲਈ ਮਜ਼ਬੂਤ ਤੇ ਸਿਹਤਮੰਦ ਦੰਦ ਜ਼ਰੂਰੀ ਹਨ। ਇਸੇ ਤਰ੍ਹਾਂ ਦੰਦਾਂ ਤੇ ਮਸੂੜਿਆਂ ਨੂੰ ਸਿਹਤਮੰਦ ਤੇ ਰੋਗ ਮੁਕਤ ਰੱਖਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਮਸੂੜੇ ਦੰਦਾਂ ਨੂੰ ਸਾਰੀ ਉਮਰ ਚੰਗੀ ਤਰਾਂ ਜਕੜ ਕੇ ਰੱਖ ਸਕਣ। ਦੰਦਾਂ ’ਚ ਜੋ ਭੋਜਨ ਫਸ ਜਾਂਦਾ ਹੈ, ਉਸ ਨਾਲ ਦੰਦਾਂ ’ਚ ਸਾੜ ਪੈਦਾ ਹੋ ਜਾਂਦਾ ਹੈ, ਜਿਸ ਕਾਰਨ ਮਸੂੜਿਆਂ ’ਚ ਸੋਜਿਸ਼ ਤੇ ਬਰੱਸ਼ ਕਰਨ ਨਾਲ ਖੂਨ ਆਉਣ ਲੱਗ ਜਾਂਦਾ ਹੈ, ਜੇਕਰ ਦੰਦਾਂ ਦੀ ਸਖਤ ਪੀਲੀ ਪਪੜੀ ਨੂੰ ਸਾਫ਼ ਨਾ ਕੀਤਾ ਜਾਵੇ ਤਾਂ ਇਹ ਦੰਦਾਂ ਅਤੇ ਮਸੂੜਿਆਂ ਦੀ ਬੀਮਾਰੀ ਦਾ ਮੁੱਖ ਕਾਰਣ ਬਣਦੀ ਹੈ। ਕੈਂਪ ਦੌਰਾਨ ਉਨ੍ਹਾਂ ਬੱਚਿਆਂ ਨੂੰ ਸਹੀ ਬਰੱਸ਼ ਕਰਨ ਦੇ ਤਰੀਕੇ ਦੱਸਦੇ ਹੋਏ ਕਿਹਾ ਕਿ ਟੂਥ ਬਰੁੱਸ਼ ਨੂੰ ਦੰਦਾ ਦੀ ਜੜ੍ਹ ਦੇ ਬਰਾਬਰ 45 ਡਿਗਰੀ ਤੇ ਰੱਖ ਕੇ ਉਪਰਲੇ ਦੰਦਾਂ ਲਈ ਉਪਰ ਤੋਂ ਹੇਠਾਂ ਵੱਲ ਅਤੇ ਹੇਠਲੇ ਦੰਦਾਂ ਲਈ ਹੇਠਾਂ ਤੋਂ ਉਪਰ ਵੱਲ ਨੂੰ ਸਫ਼ਾਈ ਕਰਨੀ ਚਾਹੀਦੀ ਹੈ ਤੇ ਦੰਦਾਂ ਦੀ ਸਫਾ਼ਈ ਅੰਦਰਲੇ ਪਾਸੇ ਤੋਂ ਅਤੇ ਚਬਾਉਣ ਵਾਲੇ ਹਿੱਸੇ ਦੀ ਵੀ ਸਫਾ਼ਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਨਰਮ ਬਰੱਸ਼ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਦੰਦਾਂ ਦੇ ਨਾਲ ਨਾਲ ਜੀਭ ਦੀ ਸਫਾ਼ਈ ਵੀ ਕਰਨੀ ਚਾਹੀਦੀ ਹੈ। ਡਾ. ਭਵਦੀਪ ਕੌਰ ਨੇ ਕਿਹਾ ਕਿ ਚੰਗੇ ਤੇ ਸਿਹਤਮੰਦ ਦੰਦ ਤੰਦਰੁਸਤ ਸਿਹਤ ਦਾ ਆਧਾਰ ਹਨ । ਉਨ੍ਹਾਂ ਤੰਬਾਕੁ, ਜ਼ਰਦਾ, ਸਿਗਰਟ ਆਦਿ ਦੀ ਵਰਤੋ ਨਾ ਕਰਨ ਸਬੰਧੀ ਜਾਗਰੂਕ ਕਰਦੇ ਕਿਹਾ ਕਿ ਇਨ੍ਹਾਂ ਪਦਾਰਥਾਂ ਦੇ ਸੇਵਨ ਨਾਲ ਮੂੰਹ, ਜਬਾੜੇ ਆਦਿ ਦਾ ਕੈਂਸਰ ਹੋ ਸਕਦਾ ਹੈ, ਜੋ ਕਿ ਮੱਨੁਖ ਨੂੰ ਸਰੀਰਕ, ਮਾਨਸਿਕ ਤੇ ਸਮਾਜਿਕ ਤੌਰ ’ਤੇ ਪ੍ਰਭਾਵਤ ਕਰਦੇ ਹਨ ।