ਸਾਹਿਬ ਕਾਂਸ਼ੀ ਰਾਮ ਜੀ ਦੇ ਨਾਂ ’ਤੇ ਰਾਜਨੀਤੀ ਕਰ ਰਹੇ ਟੀਨੂ ਤੇ ਕੋਟਲੀ : ਬਸਪਾ
ਬਸਪਾ ਆਗੂਆਂ ਨੇ ਕਿਹਾ
Publish Date: Fri, 20 Mar 2026 08:43 PM (IST)
Updated Date: Sat, 21 Mar 2026 04:14 AM (IST)

ਬਸਪਾ ਆਗੂਆਂ ਨੇ ਕਿਹਾ ਕਿ ਦੋਵੇਂ ਸਾਲਾਂ ਪਹਿਲਾਂ ਸਾਹਿਬ ਦੀ ਵਿਚਾਰਧਾਰਾ ਨੂੰ ਛੱਡ ਚੁੱਕੇ ਹਨ ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਜਲੰਧਰ : ਬਹੁਜਨ ਸਮਾਜ ਪਾਰਟੀ (ਬਸਪਾ) ਦੇ ਆਗੂਆਂ ਵੱਲੋਂ ਅੱਜ ਇੱਥੇ ਕੀਤੀ ਪ੍ਰੈੱਸ ਕਾਨਫਰੰਸ ’ਚ ‘ਆਪ’ ਦੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂ ਤੇ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਕੋਟਲੀ ਵਲੋਂ ਬਸਪਾ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਦੇ ਨਾਂ ’ਤੇ ਕੀਤੀ ਜਾ ਰਹੀ ਹੋਛੀ ਰਾਜਨੀਤੀ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬਸਪਾ ਸੂਬਾ ਜਨ. ਸਕੱਤਰ ਤੇ ਹਲਕਾ ਆਦਮਪੁਰ ਇੰਚਾਰਜ ਐਡ. ਬਲਵਿੰਦਰ ਕੁਮਾਰ, ਸੂਬਾ ਸਕੱਤਰ ਇੰਜੀ. ਜਸਵੰਤ ਰਾਏ ਪਾਰਟੀ ਦੇ ਸੀਨੀਅਰ ਆਗੂ ਤੇ ਕੌਂਸਲਰ ਮਦਨ ਲਾਲ ਮੱਦੀ, ਬਲਦੇਵ ਸਲਾਲਾ, ਹਰਜਿੰਦਰ ਬਿੱਲਾ ਨੇ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਦੀ ਹੋਛੀ ਰਾਜਨੀਤੀ ਪਵਨ ਕੁਮਾਰ ਟੀਨੂੰ ਤੇ ਸੁਖਵਿੰਦਰ ਕੋਟਲੀ ਵੱਲੋਂ ਸਾਹਿਬ ਕਾਂਸ਼ੀ ਰਾਮ ਜੀ ਦੇ ਨਾਂ ’ਤੇ ਕੀਤੀ ਜਾ ਰਹੀ ਹੈ। ਉਸ ਨੂੰ ਲੈ ਕੇ ਸਾਹਿਬ ਕਾਂਸ਼ੀ ਰਾਮ ਜੀ ਦੇ ਪੈਰੋਕਾਰਾਂ ’ਚ ਕਾਫੀ ਗੁੱਸਾ ਤੇ ਰੋਸ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇਂ ਆਗੂਆਂ ਦਾ ਸਾਹਿਬ ਕਾਂਸ਼ੀ ਰਾਮ ਵੱਲੋਂ ਸਥਾਪਿਤ ਪਾਰਟੀ ਤੇ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਇਹ ਦੋਵੇਂ ਆਗੂ ਉਨ੍ਹਾਂ ਨੂੰ ਸਾਲਾਂ ਤੋਂ ਹੀ ਛੱਡ ਚੁੱਕੇ ਹਨ। ਇਹ ਜਾਣਦੇ ਹਨ ਕਿ ਖਾਸ ਕਰ ਕੇ ਹਲਕਾ ਆਦਮਪੁਰ ’ਚ ਸਾਹਿਬ ਕਾਂਸ਼ੀ ਰਾਮ ਜੀ ਦੇ ਵੱਡੀ ਗਿਣਤੀ ’ਚ ਪੈਰੋਕਾਰ ਹਨ। ਇਸ ਕਰ ਕੇ ਸਿਰਫ ਵੋਟਾਂ ਦੇ ਲਾਲਚ ’ਚ ਹੀ ਉਨ੍ਹਾਂ ਦੇ ਨਾਂ ’ਤੇ ਰਾਜਨੀਤੀ ਕਰਨ ਲੱਗੇ ਹੋਏ ਹਨ, ਜਿਸ ਨੂੰ ਬਸਪਾ ਕਦੇ ਮਨਜ਼ੂਰ ਨਹੀਂ ਕਰੇਗੀ। ਬਸਪਾ ਆਗੂਆਂ ਨੇ ਕਿਹਾ ਕਿ ਇਨ੍ਹਾਂ ਵੱਲੋਂ ਆਪ ਤੇ ਕਾਂਗਰਸ ’ਚ ਰਹਿੰਦਿਆਂ ਸਾਹਿਬ ਕਾਂਸ਼ੀ ਰਾਮ ਦਾ ਨਾਂ ਲੈਣਾ ਇਹ ਵੀ ਸਾਬਤ ਕਰਦਾ ਹੈ ਕਿ ਇਨ੍ਹਾਂ ਦੀਆਂ ਖੁਦ ਦੀਆਂ ਪਾਰਟੀਆਂ ਤੇ ਆਗੂ ਲੋਕਾਂ ਅੱਗੇ ਮਹੱਤਵਹੀਣ ਹੋ ਚੁੱਕੀਆਂ ਹਨ। ਕਾਂਗਰਸ ਲਗਾਤਾਰ ਪਹਿਲਾਂ ਬਾਬਾ ਸਾਹਿਬ ਦਾ ਵਿਰੋਧ ਕਰਦੀ ਰਹੀ ਤੇ ਉਹ ਸਾਹਿਬ ਕਾਂਸ਼ੀ ਰਾਮ ਦਾ ਵੀ ਕਦੇ ਸਨਮਾਨ ਨਹੀਂ ਕਰ ਸਕੀ, ਇੱਥੋਂ ਤੱਕ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਸਾਹਿਬ ਕਾਂਸ਼ੀ ਰਾਮ ਦੇ ਖਿਲਾਫ ਬੋਲਦੇ ਰਹੇ ਹਨ ਪਰ ਹੁਣ ਜਦੋਂ ਇਨ੍ਹਾਂ ਨੂੰ ਲੱਗਦਾ ਕਿ ਇਨ੍ਹਾਂ ਤੋਂ ਬਹੁਜਨ ਸਮਾਜ ਦੂਰ ਹੋ ਰਿਹਾ ਹੈ। ਇਹ ਸਿਰਫ ਆਪਣੀ ਰਾਜਨੀਤੀ ਲਈ ਨਾਂ ਲੈ ਰਹੇ ਹਨ। ਇਸ ਤਰ੍ਹਾਂ ਹੀ ‘ਆਪ’ ਨੇ ਪਹਿਲਾਂ ਬਾਬਾ ਸਾਹਿਬ ਤੇ ਭਗਤ ਸਿੰਘ ਦੇ ਨਾਂ ’ਤੇ ਰਾਜਨੀਤੀ ਕੀਤੀ ਪਰ ਇਨ੍ਹਾਂ ਦੇ ਅਸੂਲਾਂ ਤੇ ਪੂਰੀ ਨਹੀਂ ਉਤਰੀ ਤੇ ਹੁਣ ‘ਆਪ’ ਦੇ ਆਗੂ ਸਿਰਫ ਨਿਜੀ ਹਿੱਤਾਂ ਲਈ ਸਾਹਿਬ ਕਾਂਸ਼ੀ ਰਾਮ ਦਾ ਨਾਂ ਲੈ ਰਹੇ ਹਨ।