ਤਿੰਨ ਟਿਕਾਣਿਆਂ ’ਤੇ ਆਮਦਨੀ ਕਰ ਵਿਭਾਗ ਦਾ ਸਰਵੇ
-ਸ਼ੁੱਕਰਵਾਰ ਨੂੰ ਵੀ ਜਾਰੀ
Publish Date: Thu, 12 Mar 2026 09:54 PM (IST)
Updated Date: Thu, 12 Mar 2026 09:57 PM (IST)
-ਸ਼ੁੱਕਰਵਾਰ ਨੂੰ ਵੀ ਜਾਰੀ ਰਹੇਗਾ ਸਰਵੇ, ਸੱਤ ਸਾਲਾਂ ਬਾਅਦ ਵਿਭਾਗ ਦਾ ਸਰਵੇ ਸ਼ੁਰੂ
ਜਾਸ, ਜਲੰਧਰ : ਮਹਾਨਗਰ ’ਚ ਇਨਕਮ ਟੈਕਸ ਵਿਭਾਗ ਨੇ ਮਸ਼ਹੂਰ ਓਨੀਡਾ ਬਾਥ ਫਿਟਿੰਗ ਦੇ ਕਾਰੋਬਾਰੀ ਟਿਕਾਣਿਆਂ ’ਤੇ ਬੁੱਧਵਾਰ ਨੂੰ ਸਰਵੇ ਸ਼ੁਰੂ ਕੀਤਾ ਜੋ ਸ਼ੁੱਕਰਵਾਰ ਤੱਕ ਚੱਲਣ ਦੀ ਸੰਭਾਵਨਾ ਹੈ। ਹਾਲਾਂਕਿ ਵਿਭਾਗ ਸੱਤ ਸਾਲਾਂ ਬਾਅਦ ਦੂਜੀਆਂ ਇਕਾਈਆਂ ’ਤੇ ਵੀ ਸਰਵੇ ਕਰੇਗਾ ਪਰ ਅਦਾ ਕੀਤੇ ਗਏ ਇਨਕਮ ਟੈਕਸ ਤੇ ਬਿਲਿੰਗ ਸਟਾਕ ’ਚ ਫਰਕ ਕਾਰਨ ਓਨੀਡਾ ਬਾਥ ਦੇ ਤਿੰਨ ਵੱਡੇ ਕੰਪਲੈਕਸਾਂ ’ਚ ਵਿਭਾਗ ਨੇ ਸਰਵੇ ਸ਼ੁਰੂ ਕੀਤਾ ਹੈ।
ਵਿਭਾਗ ਵੱਲੋਂ ਆਖਰੀ ਸਰਵੇ 2019 ਵਿਚ ਕੀਤਾ ਗਿਆ ਸੀ। ਚੀਫ ਕਮਿਸ਼ਨਰ ਪ੍ਰਿੰਸੀਪਲ ਕਮਿਸ਼ਨਰ ਇਨਕਮ ਟੈਕਸ ਵਿਭਾਗ ਜੇਐੱਸ ਮਿਨਹਾਸ ਇਸ ਸਰਵੇ ਦੀ ਮਾਨੀਟ੍ਰਿੰਗ ਕਰ ਰਹੇ ਹਨ। ਐਡੀਸ਼ਨਲ ਕਮਿਸ਼ਨਰ ਧਰਮਿੰਦਰ ਪੁਨੀਆ ਦੀ ਪ੍ਰਧਾਨਗੀ ’ਚ ਜਲੰਧਰ ਦੀ ਰੇਂਜ-1 ਅਤੇ 4 ਦੀਆਂ ਵਿਸ਼ੇਸ਼ ਟੀਮਾਂ ਸਮੇਤ 50 ਤੋਂ ਵੱਧ ਅਧਿਕਾਰੀ ਸ਼ਾਮਲ ਹਨ। ਵਿਭਾਗੀ ਅਧਿਕਾਰੀਆਂ ਨੇ ਬੁੱਧਵਾਰ ਦੁਪਹਿਰ ਇਕ ਵਜੇ ਇੰਡਸਟ੍ਰੀਅਲ ਏਰੀਆ ਤੇ ਧੋਗੜੀ ਰੋਡ ’ਤੇ ਤਿੰਨੇ ਮੈਨੂਫੈਕਚਰਿੰਗ ਯੂਨਿਟਾਂ 'ਤੇ ਇਕੱਠਿਆਂ ਛਾਪੇਮਾਰੀ ਕੀਤੀ। ਵਿਭਾਗ ਦੇ ਅਧਿਕਾਰੀ ਤਿੰਨੇ ਕੰਪਲੈਕਸਾਂ ’ਤੇ ਕਾਰਵਾਈ ’ਚ ਜੁਟੇ ਰਹੇ।
ਸਰਵੇ ਦੀ ਕਾਰਵਾਈ ਦੌਰਾਨ ਵਿਭਾਗ ਦੇ ਅਧਿਕਾਰੀਆਂ ਨੇ ਫੈਕਟਰੀ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਤੇ ਅੰਦਰ ਪਏ ਸਾਰੇ ਸਟਾਕ ਦੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਕੰਪਿਊਟਰ ’ਚ ਬਣਾਈਆਂ ਜਾ ਰਹੀਆਂ ਅਕਾਊਂਟ ਬੁੱਕਾਂ ਤੇ ਡਾਟਾ ਦਾ ਮੌਕੇ ’ਤੇ ਮੌਜੂਦ ਸਾਰੇ ਦਸਤਾਵੇਜ਼ਾਂ ਤੇ ਸਟਾਕ ਨਾਲ ਚੰਗੀ ਤਰ੍ਹਾਂ ਮਿਲਾਨ ਕੀਤਾ ਜਾ ਰਿਹਾ ਹੈ ਤਾਂ ਜੋ ਅਦਾ ਕੀਤੇ ਗਏ ਇਨਕਮ ਟੈਕਸ ਸਬੰਧੀ ਲੁਕਾਏ ਤੱਥਾਂ ਬਾਰੇ ਪਤਾ ਲਾਇਆ ਜਾ ਸਕੇ। ਸੂਤਰਾਂ ਨੇ ਦੱਸਿਆ ਹੈ ਕਿ ਇਸ ਕਾਰਵਾਈ ’ਚ ਵਿਭਾਗ ਨੂੰ ਜਲਦੀ ਹੀ ਵੱਧ ਟੈਕਸ ਮਿਲਣ ਦੀ ਉਮੀਦ ਹੈ।
ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ, ਸਾਲ 2019 ’ਚ ਵੀ ਕਈ ਇਕਾਈਆਂ ਦਾ ਸਰਵੇ ਕੀਤਾ ਗਿਆ ਸੀ। ਇਹ ਸਰਵੇ ਸਿਰਫ ਇਸ ਮੈਨੂਫੈਕਚਰਿੰਗ ਇਕਾਈਆਂ ਤੱਕ ਹੀ ਸੀਮਤ ਨਹੀਂ ਰਹੇਗਾ। ਪੰਜਾਬ ਹੀ ਨਹੀਂ, ਹੋਰ ਸੂਬਿਆਂ ’ਚ ਵੀ ਇਹ ਮੁਹਿੰਮ ਚੱਲ ਰਹੀ ਹੈ। ਵਿਭਾਗ ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੀਆਂ ਮੁਹਿੰਮਾਂ ਚਲਾਉਣ ਦੇ ਨਿਰਦੇਸ਼ ਦਿੰਦਾ ਰਹਿੰਦਾ ਹੈ, ਜਿਸ ਦੇ ਆਧਾਰ 'ਤੇ ਇੱਥੇ ਵਿਭਾਗ ਦਾ ਸਰਵੇ ਚੱਲ ਰਿਹਾ ਹੈ।