ਲੱਕੀ ਓਬਰਾਏ ਹੱਤਿਆਕਾਂਡ : ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਫੁੱਟਿਆ ਗੁੱਸਾ
- ਪਰਿਵਾਰ ਨਾਲ ਸੜਕਾਂ
Publish Date: Sun, 22 Feb 2026 10:32 PM (IST)
Updated Date: Sun, 22 Feb 2026 10:33 PM (IST)
- ਪਰਿਵਾਰ ਨਾਲ ਸੜਕਾਂ ’ਤੇ ਉਤਰੇ ਲੋਕ, ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਜਾਗਰਣ ਸੰਵਾਦਦਾਤਾ, ਜਲੰਧਰ : ਜਲੰਧਰ ’ਚ ਹੋਏ ਲੱਕੀ ਓਬਰਾਏ ਹੱਤਿਆਕਾਂਡ ਦੇ ਦੋਸ਼ੀਆਂ ਦੀ ਹੁਣ ਤਕ ਗ੍ਰਿਫ਼ਤਾਰੀ ਨਾ ਹੋਣ ਕਾਰਨ ਲੋਕਾਂ ਵਿਚ ਰੋਸ ਦੇਖਣ ਨੂੰ ਮਿਲਿਆ। ਨਿਆਂ ਦੀ ਮੰਗ ਕਰਦੇ ਹੋਏ ਪਰਿਵਾਰ ਅਤੇ ਸੈਂਕੜੇ ਸਮਰਥਕਾਂ ਨੇ ਸ਼ਹਿਰ ਵਿਚ ਕੈਂਡਲ ਮਾਰਚ ਕੱਢਿਆ। ਇਸ ਦੌਰਾਨ ਆਮ ਆਦਮੀ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਖਾਸ ਤੌਰ ’ਤੇ ਕੈਂਟ ਖੇਤਰ ਦੀ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਾਏ ਗਏ। ਲੋਕਾਂ ਦਾ ਦੋਸ਼ ਹੈ ਕਿ ਲੱਕੀ ਓਬਰਾਏ ਆਮ ਆਦਮੀ ਪਾਰਟੀ ਦੇ ਸਰਗਰਮ ਕਾਰਕੁੰਨ ਸਨ ਅਤੇ ਜਨਤਾ ਦੇ ਕੰਮ ਕਰਨ ਵਿਚ ਅੱਗੇ ਰਹਿੰਦੇ ਸਨ ਪਰ ਉਨ੍ਹਾਂ ਦੀ ਹੱਤਿਆ ਤੋਂ ਬਾਅਦ ਹਾਲੇ ਤਕ ਅਸਲੀ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੋਏ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਾਰਟੀ ਦੀ ਆਗੂਆਂ ਨੂੰ ਇਸ ਮਾਮਲੇ ਵਿਚ ਗੰਭੀਰਤਾ ਦਿਖਾਉਣੀ ਚਾਹੀਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਰਾਜਵਿੰਦਰ ਕੌਰ, ਜੋ ਆਪਣੇ ਆਪ ਨੂੰ ਲੱਕੀ ਦੀ ਭੈਣ ਦੱਸਦੀ ਸੀ, ਕੈਂਡਲ ਮਾਰਚ ਵਿਚ ਸ਼ਾਮਲ ਨਹੀਂ ਹੋਈ। ਇਸ ਨਾਲ ਲੋਕਾਂ ਵਿਚ ਹੋਰ ਨਾਰਾਜ਼ਗੀ ਵਧ ਗਈ। ਲੱਕੀ ਓਬਰਾਏ ਦੇ ਭਰਾ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਦੀ ਹੱਤਿਆ ਰੇਕੀ ਕਰਵਾ ਕੇ ਕੀਤੀ ਗਈ। ਉਨ੍ਹਾਂ ਕਿਹਾ ਕਿ ਅਸਲੀ ਸਾਜ਼ਿਸ਼ਕਾਰਾਂ ਨੂੰ ਬਚਾਇਆ ਜਾ ਰਿਹਾ ਹੈ। ਲੱਕੀ ਦੀ ਪਤਨੀ ਸਿਮਰਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ਼ ਇਨਸਾਫ਼ ਚਾਹੀਦਾ ਹੈ। ਉਨ੍ਹਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਨਿਸ਼ਪੱਖ ਜਾਂਚ ਦੀ ਮੰਗ ਕੀਤੀ। ਕੈਂਡਲ ਮਾਰਚ ਵਿਚ ਸ਼ਹਿਰ ਦੇ ਸੈਂਕੜੇ ਲੋਕ ਸ਼ਾਮਲ ਹੋਏ।