ਸ਼ਾਪਿੰਗ ਸਾਈਟਾਂ ਦੇ ਨਾਂ ’ਤੇ ਭੇਜੇ ਵਾਊਚਰ ਨਾਲ ਖਾਤੇ ’ਚੋਂ ਨਿਕਲੇ 50 ਹਜ਼ਾਰ
- ਆਨਲਾਈਨ ਖ਼ਪਤਕਾਰਾਂ ਲਈ
Publish Date: Sun, 22 Feb 2026 09:52 PM (IST)
Updated Date: Sun, 22 Feb 2026 09:54 PM (IST)

- ਆਨਲਾਈਨ ਖ਼ਪਤਕਾਰਾਂ ਲਈ ਸਾਵਧਾਨੀ, ਗਿਫਟ ਕਾਰਡ ਦੇ ਝਾਂਸੇ ’ਚ ਹੋ ਰਹੀ ਸਾਈਬਰ ਠੱਗੀ - ਠੱਗ ਵੱਡੀਆਂ ਕੰਪਨੀਆਂ ਦੇ ਨਾਂ ਤੇ ਲੋਗੋ ਦਾ ਇਸਤੇਮਾਲ ਕਰ ਕੇ ਲੋਕਾਂ ਦਾ ਭਰੋਸਾ ਜਿੱਤਦੇ ਹਨ ਸੁਕਰਾਂਤ, ਜਾਗਰਣ, ਜਲੰਧਰ : ਮਾਡਲ ਟਾਊਨ ਵਿਚ ਆਨਲਾਈਨ ਸ਼ਾਪਿੰਗ ਕਰਨ ਵਾਲੀ ਇੱਕ ਔਰਤ ਨੇ ਹਾਲ ਹੀ ਵਿਚ ਇਕ ਕੰਪਨੀ ਤੋਂ ਖ਼ਰੀਦਦਾਰੀ ਕੀਤੀ। ਕੁਝ ਦਿਨ ਬਾਅਦ ਉਸ ਦੇ ਮੋਬਾਈਲ ’ਤੇ ਇਕ ਗਿਫਟ ਵਾਊਚਰ ਦਾ ਸੁਨੇਹਾ ਆਇਆ, ਜਿਸ ਵਿਚ ਦਾਅਵਾ ਕੀਤਾ ਗਿਆ ਕਿ ਉਸ ਦੀ ਖ਼ਰੀਦਦਾਰੀ ਤੇ ਉਸ ਨੂੰ ਇਨਾਮ ਮਿਲਿਆ ਹੈ। ਵਾਊਚਰ ਵਿਚ ਇਕ ਲਿੰਕ ਦਿੱਤਾ ਗਿਆ ਸੀ, ਜਿਸ ਤੇ ਕਲਿੱਕ ਕਰ ਕੇ ਗਿਫਟ ਕਾਰਡ ਦਾ ਫਾਇਦਾ ਲੈਣ ਲਈ ਕਿਹਾ ਗਿਆ। ਇਨਾਮ ਦੀ ਖੁਸ਼ੀ ਚ ਔਰਤ ਨੇ ਬਿਨਾਂ ਕਿਸੇ ਵਧੇਰੇ ਜਾਂਚ ਕੀਤੇ ਲਿੰਕ ਤੇ ਕਲਿਕ ਕਰ ਦਿੱਤਾ। ਜਿਵੇਂ ਹੀ ਲਿੰਕ ਖੁੱਲਿ੍ਹਆ, ਇਕ ਪੇਜ ਸਾਹਮਣੇ ਆਇਆ। ਉੱਥੇ ਔਰਤ ਤੋਂ ਬੈਂਕ ਵੇਰਵੇ, ਕਾਰਡ ਨੰਬਰ, ਓਟੀਪੀ ਅਤੇ ਹੋਰ ਨਿੱਜੀ ਜਾਣਕਾਰੀ ਭਰਵਾਈ ਗਈ। ਕੁਝ ਹੀ ਮਿੰਟਾਂ ਵਿਚ ਉਸ ਦੇ ਬੈਂਕ ਖਾਤੇ ਤੋਂ 50 ਹਜ਼ਾਰ ਰੁਪਏ ਨਿਕਲ ਗਏ। ਇਸ ਤਰ੍ਹਾਂ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਠੱਗ ਵੱਡੀਆਂ ਕੰਪਨੀਆਂ ਦੇ ਨਾਂ ਅਤੇ ਲੋਗੋ ਦਾ ਇਸਤੇਮਾਲ ਕਰ ਕੇ ਲੋਕਾਂ ਦਾ ਭਰੋਸਾ ਜਿੱਤਦੇ ਹਨ ਅਤੇ ਫਿਰ ਫਰਜ਼ੀ ਲਿੰਕ ਦੇ ਜ਼ਰੀਏ ਬੈਂਕ ਖਾਤਿਆਂ ਤਕ ਪਹੁੰਚ ਬਣਾਉਂਦੇ ਹਨ। - ਰਿਵਾਰਡ ਪੁਆਇੰਟ ਜਿੱਤਣ ਦੇ ਨਾਂ ’ਤੇ ਠੱਗੀ ਬਸਤੀ ਸ਼ੇਖ ਦੇ ਵਪਾਰੀ ਨੂੰ ਸੁਨੇਹਾ ਮਿਲਿਆ ਕਿ ਉਸ ਦੇ ਕ੍ਰੈਡਿਟ ਕਾਰਡ ਦੇ ਰਿਵਾਰਡ ਪੁਆਇੰਟਸ ਖਤਮ ਹੋਣ ਵਾਲੇ ਹਨ। ਪੁਆਇੰਟ ਜਿੱਤਣ ਲਈ ਉਸ ਨੂੰ ਇਕ ਲਿੰਕ ਤੇ ਕਲਿੱਕ ਕਰਨ ਲਈ ਕਿਹਾ ਗਿਆ। ਵਪਾਰੀ ਨੇ ਲਿੰਕ ਖੋਲ੍ਹ ਕੇ ਕਾਰਡ ਵੇਰਵੇ ਅਤੇ ਓਟੀਪੀ ਭਰ ਦਿੱਤਾ, ਜਿਸ ਨਾਲ ਉਸ ਦੇ ਖਾਤੇ ’ਚੋਂ 75 ਹਜ਼ਾਰ ਰੁਪਏ ਕੱਟ ਗਏ। - ਫਰਜ਼ੀ ਕਸਟਮਰ ਕੇਅਰ ਕਾਲ ਮਿੱਠਾ ਬਾਜ਼ਾਰ ਦੇ ਆਯੁਸ਼ ਨੂੰ ਫੋਨ ਆਇਆ ਕਿ ਉਹ ਸ਼ਾਪਿੰਗ ਸਾਈਟ ਦੀ ਲਕੀ ਡਰਾਅ ਸਕੀਮ ਵਿਚ ਚੁਣਿਆ ਗਿਆ ਹੈ। ਇਨਾਮ ਪ੍ਰਾਪਤ ਕਰਨ ਲਈ ਉਸ ਨੂੰ ਪ੍ਰੋਸੈਸਿੰਗ ਫੀਸ ਦੇ ਤੌਰ ਤੇ ਗਿਫਟ ਕਾਰਡ ਖਰੀਦ ਕੇ ਉਸ ਦਾ ਕੋਡ ਦੱਸਣ ਲਈ ਕਿਹਾ ਗਿਆ। ਨੌਜਵਾਨ ਨੇ 20 ਹਜ਼ਾਰ ਰੁਪਏ ਦੇ ਗਿਫਟ ਕਾਰਡ ਖਰੀਦੇ ਅਤੇ ਕੋਡ ਸਾਂਝਾ ਕਰ ਦਿੱਤਾ। ਬਾਅਦ ਵਿਚ ਰਕਮ ਨਹੀਂ ਮਿਲੀ। - ਗਿਫਟ ਕਾਰਡ ਦੇ ਨਾਂ ’ਤੇ ਆਉਣ ਵਾਲੇ ਲਿੰਕ ’ਤੇ ਭਰੋਸਾ ਨਾ ਕਰੋ ਸਾਈਬਰ ਸੁਰੱਖਿਆ ਮਾਹਰ ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਗਿਫਟ ਕਾਰਡ ਅਤੇ ਇਨਾਮ ਦੇ ਨਾਂ ’ਤੇ ਆਉਣ ਵਾਲੇ ਕਿਸੇ ਵੀ ਲਿੰਕ ’ਤੇ ਅੱਖਾਂ ਬੰਦ ਕਰ ਕੇ ਭਰੋਸਾ ਨਾ ਕਰੋ। ਕਿਸੇ ਵੀ ਕੰਪਨੀ ਦੇ ਆਫਰ ਦੀ ਜਾਂਚ ਕਰਨ ਲਈ ਹਮੇਸ਼ਾ ਉਸ ਦੀ ਅਧਿਕਾਰਕ ਵੈੱਬਸਾਈਟ ਜਾਂ ਐਪ ’ਤੇ ਜਾਓ। ਅਣਜਾਣ ਲਿੰਕ ’ਤੇ ਕਲਿੱਕ ਨਾ ਕਰੋ, ਖਾਸ ਕਰ ਕੇ ਜੇ ਉਹ ਐੱਸਐੱਮਐੱਸ ਜਾਂ ਵਟਸਐਪ ਰਾਹੀਂ ਆਇਆ ਹੋਵੇ। ਓਟੀਪੀ, ਸੀਵੀਵੀ ਜਾਂ ਨੈੱਟ ਬੈਂਕਿੰਗ ਪਾਸਵਰਡ ਸਾਂਝਾ ਨਾ ਕਰੋ। - ਕੋਟਸ ਗਿਫਟ ਕਾਰਡ ਅਤੇ ਰਿਵਾਰਡ ਸਕੀਮ ਦੇ ਨਾਂ ’ਤੇ ਹੋ ਰਹੀ ਠੱਗੀ ਤੋਂ ਬਚਣ ਲਈ ਜਾਗਰੂਕਤਾ ਹੀ ਸਭ ਤੋਂ ਵੱਡਾ ਹਥਿਆਰ ਹੈ। ਖ਼ਪਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਆਕਰਸ਼ਕ ਆਫਰ ਦੇ ਝਾਂਸੇ ’ਚ ਆਉਣ ਤੋਂ ਪਹਿਲਾਂ ਉਸ ਦੀ ਸੱਚਾਈ ਦੀ ਜਾਂਚ ਜ਼ਰੂਰ ਕਰਨ। ਸਾਈਬਰ ਠੱਗੀ ਦੀ ਸ਼ਿਕਾਇਤ ਤੁਰੰਤ ਰਾਸ਼ਟਰੀ ਹੈਲਪਲਾਈਨ 1930 ਜਾਂ ਸਾਈਬਰ ਕ੍ਰਾਈਮ ਪੋਰਟਲ ’ਤੇ ਦਰਜ ਕਰਵਾਓ। - ਧਨਪ੍ਰੀਤ ਕੌਰ, ਪੁਲਿਸ ਕਮਿਸ਼ਨਰ।