ਜਗਤਾਰ ਸਿੰਘ ਬ੍ਰਹਮੀ, ਅੰਕੁਸ਼
ਜਗਤਾਰ ਸਿੰਘ ਬ੍ਰਹਮੀ, ਅੰਕੁਸ਼ ਗੋਇਲ,ਪੰਜਾਬੀ ਜਾਗਰਣ,ਹੁਸ਼ਿਆਰਪੁਰ: ਲੇਬਰ ਪਾਰਟੀ ਵਲੋਂ ਦਿਨ ਵੇਲੇ ਵਾਹਨਾਂ ਵਿਚ ਆਟੋਮੇਟਿਕ ਜਗਦੀਆਂ ਤੇਜ਼ ਰੋਸ਼ਨੀ ਵਾਲੀਆਂ ਐਲਈਡੀ ਲਾਇਟਾਂ ਅਤੇ ਆਮ ਵਾਹਨਾਂ ਵਿਚ ਵਰਤੀਆਂ ਜਾ ਰਹੀਆਂ ਐਲਈਡੀ ਲਾਇਟਾਂ ਕਾਰਨ ਅੱਖਾਂ ਦੀ ਰੋਸ਼ਨੀ ਅਤੇ ਵਾਤਾਵਰਣ ’ਤੇ ਪੈ ਰਹੇ ਬੁਰੇ ਅਸਰ ਨੂੰ ਵੇਖਦਿਆਂ ਚੀਫ ਸਕੱਤਰ ਪੰਜਾਬ ਸਰਕਾਰ ਨੂੰ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਦੁਆਰਾ ਜੈ ਗੋਪਾਲ ਧੀਮਾਨ,ਅਸ਼ੋਕ ਕੁਮਾਰ ਅਤੇ ਬਲਵੀਰ ਬੈਂਸ ਦੀ ਅਗਵਾਈ ਵਿਚ ਮੰਗ ਪੱਤਰ ਭੇਜਿਆ ਤੇ ਦਸਿਆ ਕਿ ਐਲਈਡੀ ਲਾਈਟਾਂ ਵਿਚੋਂ ਪੈਦਾ ਹੋਣ ਵਾਲੀਆਂ ਕਿਰਨਾ ਦੀ ਰੋਸ਼ਨੀ ਐਨੀ ਤੇਜ਼ ਹੁੰਦੀ ਹੈ ਕਿ ਉਨ੍ਹਾਂ ਨੂੰ ਵੇਖਦਿਆਂ ਹੀ ਅੱਖਾਂ ਅੱਗੇ ਧੁੰਦਲਾਪਨ ਛਾਅ ਜਾਂਦਾ ਹੈ।ਸਭ ਤੋਂ ਮਾੜੀ ਗੱਲ ਇਹ ਹੈ ਕਿ ਭਾਰਤ ਸਰਕਾਰ ਦਾ ਸਿਹਤ ਮੰਤਰਾਲਾ ਚੁੱਪ ਬੈਠਾ ਹੈ।
ਉਨ੍ਹਾਂ ਦਸਿਆ ਕਿ ਅੱਖਾਂ ਦੀ ਰੋਸ਼ਨੀ ਅਤੇ ਵਾਤਾਵਰਣ ਤੋਂ ਵੱਧ ਮਹੱਤਵਪੂਰਨ ਕੁਝ ਵੀ ਨਹੀਂ ਹੈ।ਇਨ੍ਹਾਂ ਲਾਈਟਾਂ ਦੀ ਤੇਜ਼ ਰੋਸ਼ਨੀ ਕਾਰਨ ਲੋਕਾਂ ਵਿਚ ਮਾਨਸਿਕ ਤਣਾਅ ਅਤੇ ਅੱਖਾਂ ਦੀਆਂ ਬਿਮਾਰੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕਈ ਵਾਹਨਾਂ ਵਿਚ ਲੋੜ ਤੋਂ ਵੱਧ ਹਾਈ ਬੀਮ ਦੀਆਂ ਲਾਈਟਾਂ ਵਰਤੀਆਂ ਜਾਣ ਲੱਗ ਪਈਆਂ ਹਨ। ਵਾਹਨਾਂ ਵਿਚ ਲੱਗੀਆਂ ਲਾਈਟਾਂ ਦਾ ਮੁੱਖ ਕਾਰਨ ਸੈਫ ਡਰਾਈਵਿੰਗ ਹੈ ਨਾ ਕਿ ਕਿਸੇ ਦੂਸਰੇ ਦੀਆਂ ਅੱਖਾਂ ਵਿਚ ਤੇਜ਼ ਰੋਸ਼ਨੀ ਪਾਉਣਾ। ਕਈ ਵਾਹਨਾਂ ਵਾਲੇ 4 ਤੋਂ 6,6 ਐਲਈਡੀ ਲਾਇਟਾਂ ਲਗਾ ਲੈਂਦੇ ਹਨ,ਪਰ ਉਹ ਇਹ ਨਹੀਂ ਸੋਚਦੇ ਕਿ ਅੱਗੇ ਆ ਰਹੇ ਵਾਹਨਾਂ ਵਾਲੇ ਕਿਸ ਤਰ੍ਹਾਂ ਸੇਫ ਡਰਾਇਵਿੰਗ ਕਰਨਗੇ।ਤੇਜ਼ ਰੋਸ਼ਨੀ ਕਾਰਨ ਅੱਖਾਂ ਅੱਗੇ ਲਾਈਟ ਵੇਖਦਿਆਂ ਹੀ ਧੁੰਦਲਾਪਣ ਛਾਅ ਜਾਂਦਾ ਹੈ ਤੇ ਨਾਲੇ ਸੜਕੀ ਐਕਸੀਡੈਂਟਾਂ ਵਿਚ ਵਾਧਾ ਹੁੰਦਾ ਹੈ। ਧੀਮਾਨ ਨੇ ਕਿਹਾ ਕਿ ਹੁਣ ਨਵੇਂ ਵਾਹਨਾਂ ਵਿਚ ਕੰਪਨੀਆਂ ਪਹਿਲਾਂ ਹੀ ਐਲਈਡੀ ਲਾਈਟਾਂ ਲਗਾਉਣ ਲੱਗ ਪਈਆਂ ਹਨ, ਜੋ ਕਿ ਭਾਰੀ ਨੁਕਸਾਨਦਾਇਕ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਸਭ ਤੋਂ ਵੱਡਾ ਨਿਕੰਮਾਪਨ ਇਹ ਹੈ ਕਿ ਉਹ ਲੋਕਾਂ ਦੀਆਂ ਇਨ੍ਹਾਂ ਲਾਈਟਾਂ ਕਾਰਨ ਵੱਧ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਕੁੰਭਕਰਨੀ ਨੀਂਦੇ ਸੁੱਤੀ ਪਈ ਹੈ।ਜਦੋਂ ਕਿ ਦੇਸ਼ ਵਿਚ ਕੇਂਦਰੀ ਸਿਹਤ ਮੰਤਰਾਲਾ ਵੀ ਚੁੱਪੀ ਸਾਧ ਕੇ ਬੈਠਾ ਹੈ।ਉਨ੍ਹਾਂ ਕਿਹਾ ਕਿ ਜਿਹੜੀਆਂ ਆਮ ਲਾਇਟਾਂ ਹਨ ਉਹ ਸਹੀ ਹਨ ਤੇ ਕਿਸੇ ਦੂਸਰੇ ਨੂੰ ਪ੍ਰਭਾਵਿਤ ਨਹੀਂ ਕਰਦੀਆਂ।ਪਰ ਸਰਕਾਰ ਦੀਆਂ ਅਣਗਹਿਲੀਆਂ ਕਾਰਨ ਸਾਰਾ ਟ੍ਰੈਫਿਕ ਪ੍ਰਬੰਧ ਅਨੁਸ਼ਾਸ਼ਨਹੀਣਤਾ ਦਾ ਸ਼ਿਕਾਰ ਹੋਇਆ ਪਿਆ ਹੈ। ਇਹ ਅਪਣੇ ਆਪ ਵਿਚ ਇਕ ਗੰਭੀਰ ਮੁਸ਼ਕਲ ਹੈ। ਜਿਹੜੀ ਲਾਈਟਾਂ ਦੀ ਵਿਵਸਥਾ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਕਰ ਰਹੀਆਂ ਹਨ,ਉਹ ਪੂਰੀ ਤਰ੍ਹਾਂ ਰਾਇਟ ਟੂ ਹੈਲਥ ਮੂਲ ਸੰਵਿਧਾਨਕ ਦੀ ਉਲੰਘਣਾ ਕਰ ਰਹੀਆਂ ਹਨ।ਸਰਕਾਰ ਦੀ ਸੰਵਿਧਾਨਕ ਤੌਰ ’ਤੇ ਡਿਊਟੀ ਹੈ ਕਿ ਉਹ ਮੂਲ ਸੰਵਿਧਾਨਕ ਅਧਿਕਾਰਾਂ ਨਾਲ ਖਿਲਵਾੜ ਕਰਨ ਵਾਲੀਆਂ ਕੰਪਨੀਆਂ ਦੇ ਵਿਰੁਧ ਸਖਤ ਕਾਰਵਾਈ ਕਰਨ ਨਾ ਕਿ ਲੋਕਾਂ ਲਈ ਮੁਸ਼ਕਲਾਂ ਪੈਦਾ ਕਰਵਾਉਣ।
ਬੱਚਿਆਂ ਦੀਆਂ ਅੱਖਾਂ ਦੀ ਰੋਸ਼ਨੀ ਤੇਜੀ ਨਾਲ ਇਨ੍ਹਾਂ ਲਾਇਟਾਂ ਨਾਲ ਪ੍ਰਭਾਵਿਤ ਹੋ ਰਹੀ ਹੈ ਤੇ ਇਸ ਲਈ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਧੀਮਾਨ ਨੇ ਕਿਹਾ ਕਿ ਭਾਰਤ ਵਿਚ ਤਾਂ ਸੂਰਜੀ ਰੋਸ਼ਨੀ ਠੰਢੇ ਦੇਸ਼ਾਂ ਨਾਲੋਂ ਵੱਧ ਰਹਿੰਦੀ ਹੈ।ਆਮ ਤੋਂ ਵਹੀਕਲਾਂ ਵਿਚ ਦਿਨ ਵੇਲੇ ਹੀ ਆਟੋਮੈਟਿਕ ਐਲਈਡੀ ਚਿੱਟੀਆਂ ਤੇਜ਼ ਕਿਰਨਾਂ ਵਾਲੀਆਂ ਲਾਇਟਾਂ ਹਮੇਸ਼ਾਂ ਚਲੱਦੀਆਂ ਰਹਿੰਦੀਆਂ ਹਨ।ਹੈਰਾਨੀ ਇਸ ਗੱਲ ਦੀ ਹੈ ਕਿ ਸਰਕਾਰਾਂ ਨੇ ਵਾਹਨ ਕੰਪਨੀਆਂ ਨੂੰ ਕੰਟਰੋਲ ਕਰਨਾ ਤਾਂ ਇਕ ਪਾਸੇ ਰਿਹਾ ਪਰ ਦੇਸ਼ ਵਿਚ ਅਜਿਹੀਆਂ ਲਾਈਟਾਂ ਦੀ ਸ਼ਰੇਆਮ ਵਿਕਰੀ ਕਰਵਾ ਰਹੀਆਂ ਹਨ। ਜੇਕਰ ਏਹੀ ਅਣਗਹਿਲੀਆਂ ਅਤੇ ਰੁਝਾਨ ਜਾਰੀ ਰਖਿਆ ਤਾਂ ਦੇਸ਼ ਵਿਚ ਅੰਨ੍ਹੇਪਣ ਵਿਚ ਚੋਖਾ ਵਾਧਾ ਹੋਵੇਗਾ ਤੇ ਲੋਕਾਂ ਦੀ ਸਿਹਤ ਉਤੇ ਵੀ ਬੁਰਾ ਪ੍ਰਭਾਵ ਪਵੇਗਾ,ਇਸ ਦਾ ਸਾਰਾ ਅਸਰ ਸਰਕਾਰੀ ਖ਼ਜ਼ਾਨੇ ਅਤੇ ਲੋਕਾਂ ਦੇ ਘਰਾਂ ਦੇ ਆਰਥਿਕ ਬੋਝ ’ਤੇ ਵੀ ਪਵੇਗਾ ਤੇ ਹਸਪਤਾਲ ਭਰਨਗੇ।
ਧੀਮਾਨ ਨੇ ਕਿਹਾ ਕਿ ਭਾਰਤ ਗਰਮ ਦੇਸ਼ਾਂ ਦੀ ਸੂਚੀ ਵਿਚ ਹੈ,ਇਥੇ ਤਾਂ ਦਿਨ ਨੂੰ ਵੇਸੈ ਵੀ ਵਿਜੀਬਿਲਟੀ ਜਿਆਦਾ ਰਹਿੰਦੀ ਹੈ ਤੇ ਦਿਨ ਵੇਲੇ ਵਾਹਨਾਂ ਵਿਚ ਆਟੋ ਮੈਟਿਕ ਐਲਈਡੀ ਲਾਇਟਾਂ ਦੀ ਕੋਈ ਲੋੜ ਨਹੀਂ ਹੈ।ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਐਲਈਡੀ ਲਾਇਟਾਂ ਦਾ ਡੱਟ ਕੇ ਵਿਰੋਧ ਕਰਨ ਤਾਂ ਕਿ ਅੱਖਾਂ ਦੀ ਰੋਸ਼ਨੀ ਨੂੰ ਅਤੇ ਵਾਤਾਵਰਣ ਨੂੰ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ।ਉਹਨਾਂ ਕਿਹਾ ਕਿ ਵਹੀਕਲਾਂ ਦੀਆਂ ਲਾਇਟਾਂ ਸਿਹਤ ਵਿਭਾਗ ਦੀ ਬਿਨ੍ਹਾਂ ਮੰਜੂਰੀ ਤੋਂ ਫਿਕਸ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ।ਧੀਮਾਨ ਨੇ ਦਸਿਆ ਕਿ ਉਹ ਕੇਂਦਰ ਸਰਕਾਰ ਨੂੰ ਵੀ ਮੰਗ ਪਤੱਰ ਭੇਜ਼ ਰਹੇ ਹਨ।
ਇਸ ਸਬੰਧੀ ਸਾਡੇ ਵੱਲੋਂ ਆਰ.ਟੀ.ਓ ਹੁਸ਼ਿਆਰਪੁਰ ਅਮਨਦੀਪ ਕੌਰ ਘੁੰਮਣ ਨਾਲ ਗੱਲ ਕਰਨ ਤੇ ਉਹਨਾਂ ਦੱਸਿਆ ਕਿ ਇਹ ਮਾਮਲਾ ਹੁਣ ਸਾਡੇ ਧਿਆਨ ਵਿੱਚ ਆਇਆ ਹੈ ਤੇ ਅਸੀਂ ਹੁਸ਼ਿਆਰਪੁਰ ਟਰੈਫਿਕ ਇੰਚਾਰਜ ਨਾਲ ਗੱਲ ਕਰਕੇ ਇਸ ਨੂੰ ਹੱਲ ਕਰਵਾਉਣ ਦਾ ਯਤਨ ਕੀਤਾ ਜਾਵੇਗਾ।