ਮਈ ਦਿਹਾੜੇ 'ਤੇ ਹੁਸ਼ਿਆਰਪੁਰ 'ਚ ਮਜ਼ਦੂਰਾਂ ਦਾ ਸ਼ਕਤੀ ਪ੍ਰਦਰਸ਼ਨ: ਕੇਂਦਰ ਦੀਆਂ ਨੀਤੀਆਂ ਵਿਰੁੱਧ ਸੀਟੂ ਨੇ ਖੋਲ੍ਹਿਆ ਮੋਰਚਾ
ਸੀਟੂ ਵੱਲੋਂ ਅੱਜ ਸ਼ਹੀਦ ਊਧਮ ਸਿੰਘ ਪਾਰਕ ਵਿੱਚ ਅੰਤਰਰਾਸ਼ਟਰੀ ਮਜ਼ਦੂਰ ਦਿਹਾੜਾ ਵੱਡੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਭੱਠਾ ਮਜ਼ਦੂਰ, ਕਨਸਟਰਕਸ਼ਨ ਮਜ਼ਦੂਰ, ਆਂਗਣਵਾੜੀ ਵਰਕਰ, ਰਿਟਾਇਰੀ ਮੁਲਾਜ਼ਮ ਅਤੇ ਪੀਸੀਐਮਐਸਆਰਯੂ ਦੇ ਮੈਂਬਰ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਸੰਜੀਵ ਸੋਨੂ ਅਤੇ ਮਨਜੀਤ ਕੌਰ ਨੇ ਕੀਤੀ।
Publish Date: Fri, 01 May 2026 04:07 PM (IST)
Updated Date: Fri, 01 May 2026 04:11 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਸੀਟੂ ਵੱਲੋਂ ਅੱਜ ਸ਼ਹੀਦ ਊਧਮ ਸਿੰਘ ਪਾਰਕ ਵਿੱਚ ਅੰਤਰਰਾਸ਼ਟਰੀ ਮਜ਼ਦੂਰ ਦਿਹਾੜਾ ਵੱਡੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਭੱਠਾ ਮਜ਼ਦੂਰ, ਕਨਸਟਰਕਸ਼ਨ ਮਜ਼ਦੂਰ, ਆਂਗਣਵਾੜੀ ਵਰਕਰ, ਰਿਟਾਇਰੀ ਮੁਲਾਜ਼ਮ ਅਤੇ ਪੀਸੀਐਮਐਸਆਰਯੂ ਦੇ ਮੈਂਬਰ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਸੰਜੀਵ ਸੋਨੂ ਅਤੇ ਮਨਜੀਤ ਕੌਰ ਨੇ ਕੀਤੀ।
ਇਸ ਮੌਕੇ ਸੀਟੂ ਦੇ ਆਗੂ ਮਹਿੰਦਰ ਕੁਮਾਰ ਬੱਡੋਆਣ, ਕਾਮਰੇਡ ਗੁਰਮੇਸ਼ ਸਿੰਘ, ਧਨਪਤ, ਨੀਲਮ ਬੱਡੋਆਣ ਅਤੇ ਗੁਰਬਖਸ਼ ਕੌਰ ਚੱਕ ਗੁਰੂ ਨੇ ਸੰਬੋਧਨ ਕਰਦਿਆਂ ਕਿਹਾ ਕਿ 1886 ਵਿੱਚ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਮਜ਼ਦੂਰਾਂ ਨੇ ਕੰਮ ਦੇ ਘੰਟੇ ਨਿਰਧਾਰਤ ਕਰਨ ਲਈ ਵੱਡਾ ਸੰਘਰਸ਼ ਕੀਤਾ ਸੀ। ਉਸ ਵੇਲੇ ਹਕੂਮਤ ਵੱਲੋਂ ਦਮਨ ਕਰਦਿਆਂ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਕਈ ਮਜ਼ਦੂਰ ਸ਼ਹੀਦ ਹੋਏ ਅਤੇ ਕਈ ਆਗੂਆਂ ਨੂੰ ਝੂਠੇ ਮਾਮਲਿਆਂ ਵਿੱਚ ਫਸਾ ਕੇ ਫਾਂਸੀ ਦਿੱਤੀ ਗਈ। ਇਸ ਸੰਘਰਸ਼ ਦੇ ਨਤੀਜੇ ਵਜੋਂ 8 ਘੰਟਿਆਂ ਦਾ ਕੰਮ ਦਾ ਦਿਨ ਲਾਗੂ ਹੋਇਆ।
ਆਗੂਆਂ ਨੇ ਦੋਸ਼ ਲਗਾਇਆ ਕਿ ਮੌਜੂਦਾ ਕੇਂਦਰ ਸਰਕਾਰ ਵੱਲੋਂ ਮਜ਼ਦੂਰਾਂ ਦੇ ਹੱਕਾਂ ਨੂੰ ਕਮਜ਼ੋਰ ਕਰਦਿਆਂ ਲੇਬਰ ਕਾਨੂੰਨਾਂ ਨੂੰ 4 ਲੇਬਰ ਕੋਡਾਂ ਵਿੱਚ ਬਦਲਿਆ ਗਿਆ ਹੈ, ਜਿਸ ਨਾਲ ਕੰਮ ਦੇ ਘੰਟੇ ਵਧਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਨਿੱਜੀਕਰਨ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ ਅਤੇ ਬਿਜਲੀ ਖੇਤਰ ਸਮੇਤ ਕਈ ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਕੱਠ ਵਿੱਚ ਮਜ਼ਦੂਰ ਵਰਗ ਵੱਲੋਂ ਮੰਗ ਕੀਤੀ ਗਈ ਕਿ 4 ਲੇਬਰ ਕੋਡ ਰੱਦ ਕੀਤੇ ਜਾਣ, ਨਿੱਜੀਕਰਨ ਦੀ ਨੀਤੀ ਖਤਮ ਕਰਕੇ ਸਰਕਾਰੀ ਅਦਾਰੇ ਮਜ਼ਬੂਤ ਕੀਤੇ ਜਾਣ, ਸਾਰੇ ਮਜ਼ਦੂਰਾਂ ਨੂੰ ਪੱਕਾ ਕੀਤਾ ਜਾਵੇ, ਮਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ ਅਤੇ ਘੱਟੋ-ਘੱਟ ਉਜਰਤ 26 ਹਜ਼ਾਰ ਰੁਪਏ ਮਹੀਨਾ ਕੀਤੀ ਜਾਵੇ। ਇਸ ਤੋਂ ਇਲਾਵਾ ਮਹਿੰਗਾਈ ਨੂੰ ਕਾਬੂ ਕਰਨ ਅਤੇ ਬੇਰੁਜ਼ਗਾਰੀ ਖਤਮ ਕਰਨ ਲਈ ਠੋਸ ਕਦਮ ਚੁੱਕਣ ਦੀ ਮੰਗ ਵੀ ਕੀਤੀ ਗਈ।
ਇਸ ਮੌਕੇ ਨੀਲਮ ਬੱਡੋਆਣ, ਜੈਲ ਸਿੰਘ, ਪਰਵੇਸ਼ ਕੁਮਾਰ, ਸੰਜੇ ਠਾਕਰ, ਸਿੰਘ ਪ੍ਰੇਮ ਲਤਾ, ਕਿਸ਼ਨ ਦਿਆਲ, ਪਰਮੋਦ, ਪਾਲੋ, ਸੁੰਨੀ ਅਤੇ ਸੁਖਵਿੰਦਰ ਕੌਰ ਮੁਕੰਦਪੁਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸਮਾਗਮ ਤੋਂ ਬਾਅਦ ਮਜ਼ਦੂਰਾਂ ਵੱਲੋਂ ਢੋਲ, ਝੰਡਿਆਂ ਅਤੇ ਬੈਨਰਾਂ ਨਾਲ ਸ਼ਹਿਰ ਵਿੱਚ ਰੈਲੀ ਕੱਢੀ ਗਈ ਅਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਅੰਤ ਵਿੱਚ ਸੰਜੀਵ ਸੋਨੂ ਨੇ ਸਾਰੇ ਹਾਜ਼ਰ ਸਾਥੀਆਂ ਦਾ ਧੰਨਵਾਦ ਕੀਤਾ।