ਹੁਸ਼ਿਆਰਪੁਰ ’ਚ ਕੜਕਦੀ ਧੁੱਪ ਤੋਂ ਬਾਅਦ ਮੌਸਮ ਨੇ ਬਦਲੀ ਕਰਵਟ, ਸਵੇਰੇ ਤੋਂ ਪੈ ਰਹੀ ਹਲਕੀ ਬਾਰਿਸ਼ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ
ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਤਿੱਖੀ ਹੀਟਵੇਵ (ਲੂ) ਅਤੇ ਅੱਤ ਦੀ ਗਰਮੀ ਤੋਂ ਬਾਅਦ ਸ਼ਨੀਵਾਰ ਸਵੇਰੇ ਹੁਸ਼ਿਆਰਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਮੌਸਮ ਨੇ ਅਚਾਨਕ ਕਰਵਟ ਬਦਲ ਲਈ। ਸਵੇਰੇ ਦਿਨ ਚੜ੍ਹਦੇ ਹੀ ਅਸਮਾਨ ’ਤੇ ਕਾਲੇ ਬੱਦਲ ਛਾ ਗਏ ਅਤੇ ਲਗਪਗ 7:30 ਵਜੇ ਦੇ ਕਰੀਬ ਹਲਕੀ ਬਾਰਿਸ਼ ਦਾ ਦੌਰ ਸ਼ੁਰੂ ਹੋ ਗਿਆ। ਬਾਰਿਸ਼ ਦੇ ਨਾਲ ਚੱਲ ਰਹੀਆਂ ਠੰਢੀਆਂ ਹਵਾਵਾਂ ਨੇ ਮੌਸਮ ਨੂੰ ਹੋਰ ਵੀ ਸੁਹਾਵਣਾ ਬਣਾ ਦਿੱਤਾ। ਲੋਕਾਂ ਨੇ ਲੰਬੇ ਸਮੇਂ ਬਾਅਦ ਗਰਮੀ ਤੋਂ ਵੱਡੀ ਰਾਹਤ ਦਾ ਅਹਿਸਾਸ ਕੀਤਾ।
Publish Date: Sat, 30 May 2026 02:51 PM (IST)
Updated Date: Sat, 30 May 2026 02:58 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਤਿੱਖੀ ਹੀਟਵੇਵ (ਲੂ) ਅਤੇ ਅੱਤ ਦੀ ਗਰਮੀ ਤੋਂ ਬਾਅਦ ਸ਼ਨੀਵਾਰ ਸਵੇਰੇ ਹੁਸ਼ਿਆਰਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਮੌਸਮ ਨੇ ਅਚਾਨਕ ਕਰਵਟ ਬਦਲ ਲਈ। ਸਵੇਰੇ ਦਿਨ ਚੜ੍ਹਦੇ ਹੀ ਅਸਮਾਨ ’ਤੇ ਕਾਲੇ ਬੱਦਲ ਛਾ ਗਏ ਅਤੇ ਲਗਪਗ 7:30 ਵਜੇ ਦੇ ਕਰੀਬ ਹਲਕੀ ਬਾਰਿਸ਼ ਦਾ ਦੌਰ ਸ਼ੁਰੂ ਹੋ ਗਿਆ। ਬਾਰਿਸ਼ ਦੇ ਨਾਲ ਚੱਲ ਰਹੀਆਂ ਠੰਢੀਆਂ ਹਵਾਵਾਂ ਨੇ ਮੌਸਮ ਨੂੰ ਹੋਰ ਵੀ ਸੁਹਾਵਣਾ ਬਣਾ ਦਿੱਤਾ। ਲੋਕਾਂ ਨੇ ਲੰਬੇ ਸਮੇਂ ਬਾਅਦ ਗਰਮੀ ਤੋਂ ਵੱਡੀ ਰਾਹਤ ਦਾ ਅਹਿਸਾਸ ਕੀਤਾ।
ਬਾਰਿਸ਼ ਰੁਕਣ ਤੋਂ ਬਾਅਦ ਵੀ ਅਸਮਾਨ ’ਤੇ ਛਾਏ ਬੱਦਲ
ਇਹ ਹਲਕੀ ਬਾਰਿਸ਼ ਲਗਪਗ ਦੁਪਹਿਰ 12:30 ਵਜੇ ਤੱਕ ਲਗਾਤਾਰ ਜਾਰੀ ਰਹੀ। ਇਸ ਤੋਂ ਬਾਅਦ ਬਾਰਿਸ਼ ਤਾਂ ਰੁਕ ਗਈ ਪਰ ਅਸਮਾਨ ’ਤੇ ਅਜੇ ਵੀ ਬੱਦਲ ਛਾਏ ਹੋਏ ਹਨ, ਜਿਸ ਨਾਲ ਠੰਢਕ ਬਣੀ ਹੋਈ ਹੈ। ਬਾਰਿਸ਼ ਕਾਰਨ ਤਾਪਮਾਨ ਵਿੱਚ ਵੀ ਖਾਸੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਚੱਲ ਰਹੀ ਅੱਤ ਦੀ ਲੂ ਤੋਂ ਵੱਡੀ ਨਿਜਾਤ ਮਿਲੀ ਹੈ।
ਹੀਟਵੇਵ ਕਾਰਨ ਲੋਕ ਹੋ ਰਹੇ ਸਨ ਪਰੇਸ਼ਾਨ
ਦੱਸਣਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਪੈ ਰਹੀ ਭਾਰੀ ਗਰਮੀ ਅਤੇ ਲੂ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਸੀ। ਤਾਪਮਾਨ ’ਚ ਲਗਾਤਾਰ ਹੋ ਰਹੇ ਵਾਧੇ ਅਤੇ ਗਰਮ ਹਵਾਵਾਂ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਸੀ। ਇਸ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਵੀ ਆਮ ਲੋਕਾਂ ਨੂੰ ਗਰਮੀ ਅਤੇ ਹੀਟਵੇਵ ਤੋਂ ਬਚਾਅ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ।
ਆਮ ਜਨ-ਜੀਵਨ ’ਤੇ ਪਿਆ ਅਸਰ
ਸਵੇਰੇ ਦੇ ਸਮੇਂ ਮੀਂਹ ਪੈਣ ਕਾਰਨ ਰੋਜ਼ਾਨਾ ਦੇ ਕੰਮਕਾਜ ’ਤੇ ਜਾਣ ਵਾਲੇ ਲੋਕਾਂ ਨੂੰ ਕੁਝ ਦਿੱਕਤਾਂ ਵੀ ਆਈਆਂ। ਖ਼ਾਸ ਕਰਕੇ ਨੌਕਰੀ ਅਤੇ ਆਪਣੇ ਕਾਰੋਬਾਰ ’ਤੇ ਜਾਣ ਵਾਲੇ ਲੋਕਾਂ ਨੂੰ ਮੀਂਹ ਵਿੱਚ ਆਵਾਜਾਈ ਦੌਰਾਨ ਪਰੇਸ਼ਾਨੀ ਝੱਲਣੀ ਪਈ। ਇਸ ਕਾਰਨ ਸ਼ਹਿਰ ਦੇ ਬਾਜ਼ਾਰਾਂ ਵਿੱਚ ਵੀ ਆਮ ਦਿਨਾਂ ਦੇ ਮੁਕਾਬਲੇ ਆਵਾਜਾਈ ਕਾਫੀ ਘੱਟ ਰਹੀ ਅਤੇ ਕਈ ਦੁਕਾਨਦਾਰ ਗਾਹਕਾਂ ਦੀ ਉਡੀਕ ਵਿੱਚ ਵਿਹਲੇ ਬੈਠੇ ਨਜ਼ਰ ਆਏ।
1 ਜੂਨ ਤੋਂ ਸ਼ੁਰੂ ਹੋ ਰਹੀ ਝੋਨੇ ਦੀ ਲਵਾਈ ਲਈ ਬਾਰਿਸ਼ ਲਾਹੇਵੰਦ
ਖੇਤੀਬਾੜੀ ਵਿਭਾਗ ਦੇ ਮਾਹਿਰਾਂ ਅਨੁਸਾਰ ਇਹ ਹਲਕੀ ਬਾਰਿਸ਼ ਝੋਨੇ ਦੇ ਸੀਜ਼ਨ ਦੀ ਤਿਆਰੀ ਵਿੱਚ ਜੁਟੇ ਕਿਸਾਨਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਮੀਂਹ ਨਾਲ ਕਿਸਾਨਾਂ ਨੂੰ 1 ਜੂਨ ਤੋਂ ਸ਼ੁਰੂ ਹੋ ਰਹੀ ਝੋਨੇ ਦੀ ਲਵਾਈ ਲਈ ਵੱਡੀ ਸਹਾਇਤਾ ਮਿਲੇਗੀ ਅਤੇ ਖੇਤਾਂ ਵਿੱਚ ਨਮੀ ਬਣੀ ਰਹੇਗੀ।