ਬੋਰਵੈੱਲ ’ਚੋਂ ਸੁਰੱਖਿਅਤ ਕੱਢੇ 4 ਸਾਲਾ ਮਾਸੂਮ ਗੁਰਕਰਣ ਦਾ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਵਿਖੇ ਸਫਲ ਇਲਾਜ
ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਰੋਡ ਸਥਿਤ ਪਿੰਡ ਚੱਕ ਸਮਾਣਾ ਦਾ 4 ਸਾਲਾ ਮਾਸੂਮ ਬੱਚਾ ਗੁਰਕਰਣ ਸਿੰਘ, ਜੋ ਖੇਡਦੇ ਸਮੇਂ ਖੇਤਾਂ ਵਿੱਚ ਇੱਕ ਨਵੇਂ ਖੋਦੇ ਗਏ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ ਸੀ, ਉਸ ਨੂੰ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਵਿੱਚ ਸਫਲ ਇਲਾਜ ਉਪਰੰਤ ਪੂਰੀ ਤਰ੍ਹਾਂ ਸਿਹਤਯਾਬ ਹੋਣ ’ਤੇ ਘਰ ਭੇਜ ਦਿੱਤਾ ਗਿਆ। ਸਿਵਲ ਸਰਜਨ ਡਾ. ਮਨਦੀਪ ਕਮਲ ਦੀ ਅਗਵਾਈ ਹੇਠ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਵੱਲੋਂ ਮਨੁੱਖਤਾ ਅਤੇ ਤਤਪਰਤਾ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ ਗਈ।
Publish Date: Tue, 19 May 2026 01:32 PM (IST)
Updated Date: Tue, 19 May 2026 01:35 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਰੋਡ ਸਥਿਤ ਪਿੰਡ ਚੱਕ ਸਮਾਣਾ ਦਾ 4 ਸਾਲਾ ਮਾਸੂਮ ਬੱਚਾ ਗੁਰਕਰਣ ਸਿੰਘ, ਜੋ ਖੇਡਦੇ ਸਮੇਂ ਖੇਤਾਂ ਵਿੱਚ ਇੱਕ ਨਵੇਂ ਖੋਦੇ ਗਏ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ ਸੀ, ਉਸ ਨੂੰ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਵਿੱਚ ਸਫਲ ਇਲਾਜ ਉਪਰੰਤ ਪੂਰੀ ਤਰ੍ਹਾਂ ਸਿਹਤਯਾਬ ਹੋਣ ’ਤੇ ਘਰ ਭੇਜ ਦਿੱਤਾ ਗਿਆ। ਸਿਵਲ ਸਰਜਨ ਡਾ. ਮਨਦੀਪ ਕਮਲ ਦੀ ਅਗਵਾਈ ਹੇਠ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਵੱਲੋਂ ਮਨੁੱਖਤਾ ਅਤੇ ਤਤਪਰਤਾ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ ਗਈ।
ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦੇ ਗਏ ਬੱਚੇ ਨੂੰ ਤੁਰੰਤ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਡਾਕਟਰਾਂ ਦੀ ਟੀਮ ਵੱਲੋਂ ਤੁਰੰਤ ਮੈਡੀਕਲ ਜਾਂਚ ਕਰਕੇ ਲੋੜੀਂਦਾ ਇਲਾਜ ਸ਼ੁਰੂ ਕੀਤਾ ਗਿਆ ਅਤੇ ਬੱਚੇ ਦੀ ਸਿਹਤ ’ਤੇ ਲਗਾਤਾਰ ਨਿਗਰਾਨੀ ਰੱਖੀ ਗਈ। ਡਾਕਟਰਾਂ, ਨਰਸਿੰਗ ਸਟਾਫ ਅਤੇ ਸਿਹਤ ਕਰਮਚਾਰੀਆਂ ਦੀ ਲਗਨ ਅਤੇ ਸੇਵਾ ਭਾਵਨਾ ਨਾਲ ਬੱਚੇ ਦੀ ਹਾਲਤ ਵਿੱਚ ਲਗਾਤਾਰ ਸੁਧਾਰ ਆਉਂਦਾ ਰਿਹਾ।
ਇਸ ਦੌਰਾਨ ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਖੁਦ ਹਸਪਤਾਲ ਪਹੁੰਚ ਕੇ ਬੱਚੇ ਦਾ ਹਾਲ-ਚਾਲ ਜਾਣਿਆ ਅਤੇ ਇਲਾਜ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਇਲਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਰਹਿਣ ਦਿੱਤੀ ਜਾਵੇ। ਉਨ੍ਹਾਂ ਬੱਚੇ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰਦਿਆਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।
ਡਾ. ਮਨਦੀਪ ਕਮਲ ਨੇ ਕਿਹਾ ਕਿ ਇਹ ਬੱਚੇ ਦਾ “ਦੂਜਾ ਜਨਮ” ਹੈ ਅਤੇ ਡਾਕਟਰਾਂ ਦੀ ਟੀਮ ਦੀ ਮਿਹਨਤ, ਸਮੇਂ ਸਿਰ ਮਿਲੇ ਇਲਾਜ ਅਤੇ ਪ੍ਰਮਾਤਮਾ ਦੀ ਮੇਹਰ ਨਾਲ ਬੱਚਾ ਪੂਰੀ ਤਰ੍ਹਾਂ ਠੀਕ ਹੋਇਆ ਹੈ।
ਕੁਝ ਦਿਨਾਂ ਦੇ ਇਲਾਜ ਤੋਂ ਬਾਅਦ ਜਦੋਂ ਬੱਚਾ ਸਿਹਤਯਾਬ ਹੋ ਗਿਆ ਤਾਂ ਹਸਪਤਾਲ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਇਸ ਮੌਕੇ ਸਿਵਲ ਸਰਜਨ, ਡਾਕਟਰਾਂ ਅਤੇ ਸਟਾਫ ਵੱਲੋਂ ਕੇਕ ਕੱਟ ਕੇ ਖੁਸ਼ੀ ਮਨਾਈ ਗਈ ਅਤੇ ਗੁਰਕਰਣ ਸਿੰਘ ਨੂੰ ਤੋਹਫ਼ਾ ਦੇ ਕੇ ਉਸ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਉਪਰੰਤ ਬੱਚੇ ਨੂੰ ਪਰਿਵਾਰ ਸਮੇਤ ਘਰ ਜਾਣ ਲਈ ਆਗਿਆ ਦੇ ਦਿੱਤੀ ਗਈ।
ਇਸ ਮੌਕੇ ਐੱਸ.ਐੱਮ.ਓ. ਡਾ. ਨਵਜੋਤ ਸਿੰਘ, ਡਾ. ਨੇਹਾ ਪਾਲ, ਚਾਈਲਡ ਸਪੈਸ਼ਲਿਸਟ ਡਾ. ਰਣਵੀਰ ਕੌਰ, ਡਾ. ਨਿਤਿਨ ਗੰਗਡ, ਮਾਸ ਮੀਡੀਆ ਅਫਸਰ ਤਰਸੇਮ ਲਾਲ ਅਤੇ ਚੀਫ ਫਾਰਮਾਸਿਸਟ ਜਤਿੰਦਰ ਸਿੰਘ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।
ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਮੇਂ ਸਿਰ ਮਿਲੇ ਇਲਾਜ ਅਤੇ ਲਗਾਤਾਰ ਦੇਖਭਾਲ ਨਾਲ ਹੀ ਉਨ੍ਹਾਂ ਦਾ ਬੱਚਾ ਸੁਰੱਖਿਅਤ ਹੋ ਸਕਿਆ ਹੈ।