ਪ੍ਰਸ਼ਾਸਨ ਖ਼ਿਲਾਫ਼ ਖੁੱਲ੍ਹ ਕੇ ਨਿੱਤਰੇ ਨਿਵਾਸੀ, ਮੰਗਾਂ ਪੂਰੀਆਂ ਨਾ ਹੋਣ ’ਤੇ ਨਗਰ ਨਿਗਮ ਚੋਣਾਂ ਦੇ ਬਾਇਕਾਟ ਦਾ ਐਲਾਨ, ਲਗਾਏ ਬੈਨਰ
ਹੁਸ਼ਿਆਰਪੁਰ ਦੇ ਮੁਹੱਲਾ ਸੁੰਦਰ ਨਗਰ (ਬਾਬਾ ਬੰਨੇ ਸ਼ਾਹ ਰੋਡ), ਜੋ ਕਿ ਪਹਿਲਾਂ ਵਾਰਡ ਨੰਬਰ 16 ਅਤੇ ਮੌਜੂਦਾ ਸਮੇਂ ਵਾਰਡ ਨੰਬਰ 12 ਦੇ ਅਧੀਨ ਆਉਂਦਾ ਹੈ, ਦੇ ਨਿਵਾਸੀਆਂ ਵੱਲੋਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।
Publish Date: Mon, 25 May 2026 04:25 PM (IST)
Updated Date: Mon, 25 May 2026 04:30 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਹੁਸ਼ਿਆਰਪੁਰ ਦੇ ਮੁਹੱਲਾ ਸੁੰਦਰ ਨਗਰ (ਬਾਬਾ ਬੰਨੇ ਸ਼ਾਹ ਰੋਡ), ਜੋ ਕਿ ਪਹਿਲਾਂ ਵਾਰਡ ਨੰਬਰ 16 ਅਤੇ ਮੌਜੂਦਾ ਸਮੇਂ ਵਾਰਡ ਨੰਬਰ 12 ਦੇ ਅਧੀਨ ਆਉਂਦਾ ਹੈ, ਦੇ ਨਿਵਾਸੀਆਂ ਵੱਲੋਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਹੱਥਾਂ ਵਿੱਚ ਬੈਨਰ ਫੜ ਕੇ ਨਾਅਰੇਬਾਜ਼ੀ ਕਰਦਿਆਂ ਮੁਹੱਲਾ ਵਾਸੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੇ ਇਲਾਕੇ ਦੇ ਬੁਨਿਆਦੀ ਮਸਲੇ ਹੱਲ ਨਹੀਂ ਹੁੰਦੇ, ਉਦੋਂ ਤੱਕ ਉਹ ਹੁਸ਼ਿਆਰਪੁਰ ਨਗਰ ਨਿਗਮ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦਾ ਬਾਇਕਾਟ ਕਰਨਗੇ ਅਤੇ ਕਿਸੇ ਵੀ ਉਮੀਦਵਾਰ ਨੂੰ ਆਪਣੇ ਮੁਹੱਲੇ ਵਿੱਚ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਇਸ ਸਬੰਧੀ ਪੂਰੇ ਮੁਹੱਲੇ ਵਿੱਚ ਬਾਈਕਾਟ ਦੇ ਫਲੈਕਸ ਅਤੇ ਬੈਨਰ ਵੀ ਲਗਾ ਦਿੱਤੇ ਗਏ ਹਨ।
ਬਰਸਾਤੀ ਚੋਅ ਬਣਿਆ ਜੀਅ ਦਾ ਜੰਜਾਲ: ਗੰਦਗੀ ਅਤੇ ਬਿਮਾਰੀਆਂ ਦਾ ਖ਼ਤਰਾ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹੱਲਾ ਸੁੰਦਰ ਨਗਰ ਦੇ ਪ੍ਰਮੁੱਖ ਆਗੂ ਕੁਲਦੀਪ ਸਿੰਘ, ਨਵਜੋਤ ਸਿੰਘ ਸਾਬੀ, ਜੋਤੀ, ਸੰਦੀਪ ਕੌਰ ਅਤੇ ਹੋਰਨਾਂ ਨੇ ਦੱਸਿਆ ਕਿ ਮੁਹੱਲੇ ਵਿੱਚੋਂ ਲੰਘਦਾ ਬਰਸਾਤੀ ਚੋਅ (ਨਾਲਾ), ਜੋ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਸੀ, ਹੁਣ ਨਰਕ ਦਾ ਰੂਪ ਧਾਰਨ ਕਰ ਚੁੱਕਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸਲਾਮਾਬਾਦ ਮੇਨ ਪੁੱਲ ਨੇੜੇ ਨਜਾਇਜ਼ ਤਰੀਕੇ ਨਾਲ ਸੀਵਰੇਜ ਦਾ ਗੰਦਾ ਪਾਣੀ ਇਸ ਚੋਅ ਵਿੱਚ ਸੁੱਟਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ ਅੱਠ ਮਹੀਨਿਆਂ ਤੋਂ ਇਹ ਗੰਦਾ ਪਾਣੀ ਸੁੰਦਰ ਨਗਰ ਵਿਖੇ ਚੋਅ ਦੇ ਕਾਜ਼ਵੇਅ ਉੱਤੇ ਲਗਾਤਾਰ ਇਕੱਠਾ ਹੋ ਰਿਹਾ ਹੈ, ਜਿਸ ਦੀ ਨਿਕਾਸੀ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ। ਇਸ ਕਾਰਨ ਇਲਾਕੇ ਵਿੱਚ ਭਿਆਨਕ ਬਦਬੂ ਫੈਲੀ ਰਹਿੰਦੀ ਹੈ ਅਤੇ ਮੱਛਰਾਂ ਦੇ ਪ੍ਰਕੋਪ ਕਾਰਨ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਚੋਅ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਘਰ ਹੋਣ ਕਰਕੇ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੁਹੱਲੇ ਵਿੱਚ ਗੰਦਗੀ, ਸਫਾਈ ਦੀ ਘਾਟ, ਟੁੱਟੀਆਂ ਸੜਕਾਂ, ਪੀਣ ਵਾਲੇ ਪਾਣੀ ਦੀ ਸਮੱਸਿਆ ਅਤੇ ਪਾਰਕ ਤੇ ਖੇਡ ਮੈਦਾਨ ਦੀ ਕਮੀ ਵਰਗੀਆਂ ਬੁਨਿਆਦੀ ਸਮੱਸਿਆਵਾਂ ਵੀ ਲੰਬੇ ਸਮੇਂ ਤੋਂ ਜਿਉਂ ਦੀ ਤਿਉਂ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਦ ਤੱਕ ਇਹ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਤਦ ਤੱਕ ਸਿਆਸੀ ਪਾਰਟੀਆਂ ਦਾ ਬਾਇਕਾਟ ਜਾਰੀ ਰਹੇਗਾ।
ਚੋਅ ਦੇ ਬੈੱਡ 'ਤੇ ਨਜਾਇਜ਼ ਕਬਜ਼ੇ ਅਤੇ ਟੁੱਟੀਆਂ ਸੜਕਾਂ
ਸੁੰਦਰ ਨਗਰ ਇਲਾਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ’ਤੇ ਦੋ ਵਾਰ ਮਿਊਨਿਸਪਲ ਕੌਂਸਲਰ ਰਹਿ ਚੁੱਕੇ ਨਰਿੰਦਰ ਕੌਰ ਨੇ ਵੀ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਦਿਆਂ ਦੱਸਿਆ ਕਿ ਚੋਅ ਦੇ ਥੱਲੜੇ ਹਿੱਸੇ ’ਤੇ ਨਜਾਇਜ਼ ਮਕਾਨ ਅਤੇ ਦੁਕਾਨਾਂ ਉਸਾਰ ਲਈਆਂ ਗਈਆਂ ਹਨ। ਇਨ੍ਹਾਂ ਕਬਜ਼ਿਆਂ ਕਾਰਨ ਪਾਣੀ ਦੀ ਨਿਕਾਸੀ ਬੰਦ ਹੋ ਗਈ ਹੈ, ਜਿਸ ਕਾਰਨ ਪਿਛਲੇ ਸਾਲ ਹੜ੍ਹਾਂ ਦੌਰਾਨ ਵੀ ਇਲਾਕੇ ਨੂੰ ਨੁਕਸਾਨ ਝੱਲਣਾ ਪਿਆ ਸੀ।
ਉਨ੍ਹਾਂ ਕਿਹਾ ਕਿ ਸੁੰਦਰ ਨਗਰ ਨੂੰ ਸ਼ਹਿਰ ਨਾਲ ਜੋੜਨ ਵਾਲੀ ਬੰਨੇ ਸ਼ਾਹ ਰੋਡ ਬਹੁਤ ਹੀ ਖਰਾਬ ਹਾਲਤ ਵਿੱਚ ਹੈ। ਉਨ੍ਹਾਂ ਦੇ ਕੌਂਸਲਰ ਕਾਰਜਕਾਲ ਦੌਰਾਨ ਪਾਸ ਹੋਏ ਲਗਪਗ ਇੱਕ ਕਰੋੜ ਰੁਪਏ ਦੇ ਵਿਕਾਸ ਕਾਰਜ ਅਜੇ ਤੱਕ ਪੈਂਡਿੰਗ ਪਏ ਹਨ। ਇਸ ਤੋਂ ਇਲਾਵਾ ਮੁਹੱਲੇ ਵਿੱਚ ਸਟਰੀਟ ਲਾਈਟਾਂ ਦੀ ਵੀ ਭਾਰੀ ਘਾਟ ਹੈ।
ਪ੍ਰਸ਼ਾਸਨਿਕ ਸੁਣਵਾਈ ਨਾ ਹੋਣ ਕਾਰਨ ਰੋਸ
ਨਰਿੰਦਰ ਕੌਰ ਅਤੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ ਅਪ੍ਰੈਲ ਮਹੀਨੇ ਇਸ ਮਸਲੇ ਸੰਬੰਧੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਡਿਪਟੀ ਕਮਿਸ਼ਨਰ ਵੱਲੋਂ ਮਾਮਲਾ ਵਧੀਕ ਡਿਪਟੀ ਕਮਿਸ਼ਨਰ ਨੂੰ ਭੇਜਿਆ ਗਿਆ, ਜਿਨ੍ਹਾਂ ਨੇ ਮੌਕੇ ਦਾ ਦੌਰਾ ਕਰਕੇ ਮਸਲੇ ਦੇ ਹੱਲ ਲਈ ਪੰਜ ਮੈਂਬਰੀ ਕਮੇਟੀ ਵੀ ਗਠਿਤ ਕੀਤੀ। ਪਰ ਇਸ ਦੇ ਬਾਵਜੂਦ ਅਜੇ ਤੱਕ ਜ਼ਮੀਨੀ ਪੱਧਰ 'ਤੇ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ।
ਚੋਣਾਂ ਮੁਲਤਵੀ, ਫਿਰ ਵੀ ਬਾਇਕਾਟ ਦਾ ਫੈਸਲਾ ਕਾਇਮ
ਇਥੇ ਇਹ ਜ਼ਿਕਰਯੋਗ ਹੈ ਕਿ ਪੰਜਾਬ ਦੇ 104 ਸਥਾਨਕ ਚੋਣਾਂ, ਜਿਨ੍ਹਾਂ ਵਿੱਚ ਅੱਠ ਨਗਰ ਨਿਗਮ ਸ਼ਾਮਲ ਹਨ, ਦੀਆਂ ਚੋਣਾਂ 26 ਮਈ ਨੂੰ ਕਰਵਾਈਆਂ ਜਾਣੀਆਂ ਹਨ। ਹਾਲਾਂਕਿ, ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਹੁਸ਼ਿਆਰਪੁਰ ਨਗਰ ਨਿਗਮ ਦੀਆਂ ਚੋਣਾਂ ਫਿਲਹਾਲ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਕਮਿਸ਼ਨ ਨੇ ਵੋਟਰ ਸੂਚੀਆਂ ਵਿੱਚ ਆਈਆਂ ਤਕਨੀਕੀ ਅਪਤੀਆਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਨੂੰ ਨਵੀਆਂ ਵੋਟਰ ਸੂਚੀਆਂ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਯਕੀਨੀ ਬਣਾਈਆਂ ਜਾ ਸਕਣ।
ਇਸ ਦੇ ਬਾਵਜੂਦ ਮੁਹੱਲਾ ਵਾਸੀ ਆਪਣੀ ਮੰਗਾਂ 'ਤੇ ਡਟੇ ਹੋਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜਦ ਤੱਕ ਚੋਅ ਵਿੱਚ ਸੀਵਰੇਜ ਪਾਣੀ ਸੁੱਟਣਾ ਬੰਦ ਨਹੀਂ ਹੁੰਦਾ, ਖੜ੍ਹੇ ਗੰਦੇ ਪਾਣੀ ਦੀ ਨਿਕਾਸੀ ਨਹੀਂ ਕੀਤੀ ਜਾਂਦੀ, ਨਜਾਇਜ਼ ਕਬਜ਼ੇ ਨਹੀਂ ਹਟਾਏ ਜਾਂਦੇ ਅਤੇ ਸੜਕਾਂ ਦੀ ਮੁਰੰਮਤ ਨਹੀਂ ਹੁੰਦੀ, ਉਦੋਂ ਤੱਕ ਜਦੋਂ ਵੀ ਚੋਣਾਂ ਹੋਣਗੀਆਂ, ਸੁੰਦਰ ਨਗਰ ਵਾਸੀਆਂ ਵੱਲੋਂ ਸਿਆਸੀ ਬਾਇਕਾਟ ਜਾਰੀ ਰਹੇਗਾ।