ਗੁਪਤ ਅੱਡੇ 'ਤੇ ਪੁਲਿਸ ਦਾ ਛਾਪਾ: ਪਾਰਕਿੰਗ 'ਚ ਚੱਲ ਰਹੇ ਨਜਾਇਜ਼ ਸ਼ਰਾਬ ਦੇ ਧੰਦੇ ਦਾ ਪਰਦਾਫਾਸ਼, 2 ਗ੍ਰਿਫ਼ਤਾਰ
ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਸ਼ਰਾਬ ਦੇ ਧੰਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ, ਸਿਟੀ ਅਤੇ ਸਦਰ ਪੁਲਿਸ ਨੇ ਦੋ ਸ਼ਰਾਬ ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਕਿਹਾ ਕਿ ਦੋਵੇਂ ਮਾਮਲਿਆਂ ਵਿੱਚ ਆਬਕਾਰੀ ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Publish Date: Fri, 22 May 2026 11:53 AM (IST)
Updated Date: Fri, 22 May 2026 11:56 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਸ਼ਰਾਬ ਦੇ ਧੰਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ, ਸਿਟੀ ਅਤੇ ਸਦਰ ਪੁਲਿਸ ਨੇ ਦੋ ਸ਼ਰਾਬ ਤਸਕਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਕਿਹਾ ਕਿ ਦੋਵੇਂ ਮਾਮਲਿਆਂ ਵਿੱਚ ਆਬਕਾਰੀ ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਕੋਟੂ ਮੋੜ ਦੀ ਬੈਕਸਾਈਡ ਪਾਰਕਿੰਗ 'ਚ 'ਖ਼ਾਸ ਮੁਖ਼ਬਰੀ' 'ਤੇ ਰੇਡ, ਹਿਮਾਚਲ ਮਾਰਕਾ ਸ਼ਰਾਬ ਸਣੇ ਕਾਬੂ
ਪੁਲਿਸ ਮੁਤਾਬਕ ਥਾਣਾ ਸਿਟੀ ਹੁਸ਼ਿਆਰਪੁਰ ਦੇ ਏ.ਐੱਸ.ਆਈ. ਮਨਜੀਤ ਸਿੰਘ ਆਪਣੀ ਟੀਮ ਸਮੇਤ ਇੱਕ ਨਿੱਜੀ ਗੱਡੀ ਵਿੱਚ ਰੋਜ਼ਾਨਾ ਦੀ ਗਸ਼ਤ 'ਤੇ ਸਨ। ਜਦੋਂ ਇਹ ਟੀਮ ਘੰਟਾ ਘਰ ਚੌਕ ਤੋਂ ਸੈਸ਼ਨ ਚੌਕ ਵੱਲ ਜਾ ਰਹੀ ਸੀ, ਤਾਂ ਰਸਤੇ ਵਿੱਚ ਇੱਕ ਵਿਸ਼ੇਸ਼ ਮੁਖ਼ਬਰ ਨੇ ਦੱਸਿਆ ਕਿ ਮੋਹਿਤ ਪੁੱਤਰ ਦਿਆਲ ਚੰਦ ਵਾਸੀ ਮੁਹੱਲਾ ਗੋਬਿੰਦਗੜ੍ਹ,ਹੁਸ਼ਿਆਰਪੁਰ ਨਜਾਇਜ਼ ਸ਼ਰਾਬ ਵੇਚਣ ਦੇ ਧੰਦੇ ਵਿੱਚ ਸਰਗਰਮ ਹੈ, ਇਸ ਵੇਲੇ ਕੋਟੂ ਮੋੜ ਦੀ ਬੈਕਸਾਈਡ 'ਤੇ ਬਣੀ ਕਾਰ ਪਾਰਕਿੰਗ ਵਿੱਚ ਗਾਹਕਾਂ ਦੀ ਉਡੀਕ ਕਰ ਰਿਹਾ ਹੈ ਅਤੇ ਉਸ ਕੋਲ ਭਾਰੀ ਮਾਤਰਾ ਵਿੱਚ ਸ਼ਰਾਬ ਹੈ। ਪੁਲਿਸ ਟੀਮ ਨੇ ਤੁਰੰਤ ਕਾਰ ਪਾਰਕਿੰਗ ਨੂੰ ਚਾਰੋਂ ਪਾਸਿਓਂ ਘੇਰ ਲਿਆ। ਮੌਕੇ 'ਤੇ ਮੌਜੂਦ ਮੋਹਿਤ ਨੂੰ ਪੁਲਿਸ ਨੇ ਦਬੋਚ ਲਿਆ। ਪੁਲਿਸ ਦਾ ਦੋਸ਼ ਹੈ ਕਿ ਜਦੋਂ ਉਸ ਦੇ ਕਬਜ਼ੇ ਵਾਲੇ ਸਾਮਾਨ ਦੀ ਤਲਾਸ਼ੀ ਲਈ ਗਈ, ਤਾਂ ਉਸ ਵਿੱਚੋਂ ਕਥਿਤ ਤੌਰ ’ਤੇ 15 ਬੋਤਲਾਂ ਸ਼ਰਾਬ ਮਾਰਕਾ 'ਸੰਤਰਾ' (ਫਾਰ ਸੇਲ ਇਨ ਹਿਮਾਚਲ ਪ੍ਰਦੇਸ਼) ਬਰਾਮਦ ਹੋਈਆਂ।
ਵਣ ਚੇਤਨਾ ਪਾਰਕ ਦੇ ਦਰੱਖਤਾਂ ਦੀ ਓਹਲੇ ਲਗਾ ਰਿਹਾ ਸੀ ਨਾਜਾਇਜ਼ ਠੇਕਾ; ਸਦਰ ਪੁਲਿਸ ਨੇ ਦਬੋਚਿਆ
ਥਾਣਾ ਸਦਰ ਹੁਸ਼ਿਆਰਪੁਰ ਦੇ ਐੱਸ.ਆਈ. ਹਰਜਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਕਸਬਾ ਬਜਵਾੜਾ ਵਿਖੇ ਮੌਜੂਦ ਸਨ, ਜਿੱਥੇ ਉਨ੍ਹਾਂ ਨੂੰ ਇੱਕ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਨਰੇਸ਼ ਕੁਮਾਰ ਉਰਫ ਕਾਲਾ ਵਾਸੀ ਮੁਹੱਲਾ ਨਰਾਇਣ ਨਗਰ, ਹੁਸ਼ਿਆਰਪੁਰ ਨਜਾਇਜ਼ ਤੌਰ 'ਤੇ ਠੇਕੇ ਦੀ ਸ਼ਰਾਬ ਸਪਲਾਈ ਕਰਨ ਦਾ ਨੈੱਟਵਰਕ ਚਲਾ ਰਿਹਾ ਹੈ।
ਸੂਚਨਾ ਮੁਤਾਬਕ ਉਕਤ ਮੁਲਜ਼ਮ ਬਸੀ ਗੁਲਾਮ ਹੁਸੈਨ ਨੂੰ ਜਾਣ ਵਾਲੀ ਸੜਕ 'ਤੇ ਸਥਿਤ 'ਵਣ ਚੇਤਨਾ ਪਾਰਕ' (ਬਸੀ ਪੁਰਾਣੀ) ਦੇ ਲਾਗੇ ਦਰੱਖਤਾਂ ਦੇ ਪਿੱਛੇ ਸ਼ਰਾਬ ਲੁਕਾ ਕੇ ਗਾਹਕਾਂ ਨੂੰ ਸਪਲਾਈ ਦੇ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਜਦੋਂ ਟੀਮ ਦੱਸੀ ਹੋਈ ਜਗ੍ਹਾ 'ਤੇ ਪਹੁੰਚੀ, ਤਾਂ ਸੜਕ ਕੰਢੇ ਲੱਗੇ ਦਰੱਖਤਾਂ ਕੋਲ ਇੱਕ ਮੋਨਾ ਨੌਜਵਾਨ ਇੱਕ ਭਾਰੀ ਪਲਾਸਟਿਕ ਦੇ ਬੋਰੇ ਸਮੇਤ ਖੜ੍ਹਾ ਦਿਖਾਈ ਦਿੱਤਾ।
ਸਾਹਮਣੇ ਤੋਂ ਅਚਾਨਕ ਪੁਲਿਸ ਦੀ ਗੱਡੀ ਆਉਂਦੀ ਦੇਖ ਕੇ ਮੁਲਜ਼ਮ ਨਰੇਸ਼ ਕੁਮਾਰ ਨੇ ਤੇਜ਼ ਕਦਮਾਂ ਨਾਲ ਉੱਥੋਂ ਖਿਸਕਣ ਦੀ ਨਾਕਾਮ ਕੋਸ਼ਿਸ਼ ਕੀਤੀ, ਪਰ ਮੁਸਤੈਦ ਕਰਮਚਾਰੀਆਂ ਨੇ ਉਸ ਨੂੰ ਚਾਰੋਂ ਤਰਫ਼ੋਂ ਘੇਰ ਕੇ ਕਾਬੂ ਕਰ ਲਿਆ। ਜਦੋਂ ਪੁਲਿਸ ਨੇ ਉਸ ਦੇ ਪਲਾਸਟਿਕ ਦੇ ਬੋਰੇ ਨੂੰ ਖੋਲ੍ਹ ਕੇ ਚੈੱਕ ਕੀਤਾ, ਤਾਂ ਉਸ ਵਿੱਚੋਂ ਕਥਿਤ ਤੌਰ ’ਤ 15 ਬੋਤਲਾਂ ਸ਼ਰਾਬ ਮਾਰਕਾ 'ਪੰਜਾਬ ਕਲੱਬ ਗੋਲਡ ਵਿਸਕੀ' ਬਰਾਮਦ ਹੋਈ।