ਪੁਲਿਸ ਤੇ ਐਕਸਾਈਜ਼ ਟੀਮ ਨੇ ਮਾਰਿਆ ਛਾਪਾ, ਘਰ 'ਚੋਂ ਮਿਲੀ 36 ਹਜ਼ਾਰ ML ਸ਼ਰਾਬ; ਮੁਲਜ਼ਮ ਦੀ ਭਾਲ ਜਾਰੀ
ਪੁਲਿਸ ਅਨੁਸਾਰ ਏ.ਐਸ.ਆਈ. ਸਤਨਾਮ ਸਿੰਘ ਆਪਣੀ ਟੀਮ ਸਮੇਤ ਹਰਬੰਸ ਗੇਟ ਮਾਹਿਲਪੁਰ ਵਿਖੇ ਨਾਕਾਬੰਦੀ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਰਾਹੀਂ ਇਤਲਾਹ ਮਿਲੀ ਕਿ ਪਿੰਡ ਪਾਲਦੀ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਘਰ ਨਾਜਾਇਜ਼ ਸ਼ਰਾਬ ਰੱਖੀ ਗਈ ਹੈ।
Publish Date: Sat, 16 May 2026 12:54 PM (IST)
Updated Date: Sat, 16 May 2026 01:01 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਇਲਾਕੇ ਵਿੱਚ ਨਾਜਾਇਜ਼ ਸ਼ਰਾਬ ਦੇ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਥਾਣਾ ਮਾਹਿਲਪੁਰ ਦੀ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਸਾਂਝੀ ਟੀਮ ਵੱਲੋਂ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਪਿੰਡ ਪਾਲਦੀ ਵਿਖੇ ਇੱਕ ਘਰ ਵਿੱਚ ਮਾਰੀ ਗਈ ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਗਈ। ਹਾਲਾਂਕਿ ਮੁਲਜ਼ਮ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ, ਜਿਸ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਨਾਕਾਬੰਦੀ ਦੌਰਾਨ ਮਿਲੀ ਮੁਖ਼ਬਰ ਖ਼ਾਸ ਦੀ ਸੂਚਨਾ
ਪੁਲਿਸ ਅਨੁਸਾਰ ਏ.ਐਸ.ਆਈ. ਸਤਨਾਮ ਸਿੰਘ ਆਪਣੀ ਟੀਮ ਸਮੇਤ ਹਰਬੰਸ ਗੇਟ ਮਾਹਿਲਪੁਰ ਵਿਖੇ ਨਾਕਾਬੰਦੀ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਰਾਹੀਂ ਇਤਲਾਹ ਮਿਲੀ ਕਿ ਪਿੰਡ ਪਾਲਦੀ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਘਰ ਨਾਜਾਇਜ਼ ਸ਼ਰਾਬ ਰੱਖੀ ਗਈ ਹੈ।
ਪੁਲਿਸ ਨੇ ਦੱਸਿਆ ਕਿ ਇਤਲਾਹ ਦੀ ਪੁਸ਼ਟੀ ਲਈ ਐਕਸਾਈਜ਼ ਵਿਭਾਗ ਦੀ ਰੇਡ ਪਾਰਟੀ ਅਤੇ ਸਥਾਨਕ ਸਰਪੰਚ ਜਸਪਾਲ ਸਿੰਘ ਨੂੰ ਨਾਲ ਲੈ ਕੇ ਤੁਰੰਤ ਕਾਰਵਾਈ ਕੀਤੀ ਗਈ।
ਰੇਡ ਦੌਰਾਨ ਘਰ ਖਾਲੀ, ਪਰ ਵੱਡੀ ਮਾਤਰਾ 'ਚ ਸ਼ਰਾਬ ਬਰਾਮਦ
ਪੁਲਿਸ ਵੱਲੋਂ ਕੀਤੀ ਗਈ ਰੇਡ ਦੌਰਾਨ ਮੁਲਜ਼ਮ ਵਰਿੰਦਰ ਕੁਮਾਰ ਉਰਫ਼ ਚਾਂਦਨੀ ਪੁੱਤਰ ਅਸ਼ੋਕ ਕੁਮਾਰ, ਵਾਸੀ ਪਿੰਡ ਪਾਲਦੀ, ਥਾਣਾ ਮਾਹਿਲਪੁਰ ਆਪਣੇ ਘਰ ਵਿੱਚ ਮੌਜੂਦ ਨਹੀਂ ਸੀ ਹਾਲਾਂਕਿ ਤਲਾਸ਼ੀ ਦੌਰਾਨ ਘਰ ਵਿੱਚੋਂ 4 ਪੇਟੀਆਂ ਸ਼ਰਾਬ (ਮਾਰਕਾ ਪੰਜਾਬ ਕਲੱਬ ਕਿੰਗ ਵਿਸਕੀ) ਕਥਿਤ ਤੌਰ ‘ਤੇ ਬਰਾਮਦ ਕੀਤੀ ਗਈਆਂ, ਜੋ ਕੁੱਲ 48 ਬੋਤਲਾਂ (36000 ਐਮ.ਐਲ.) ਬਣਦੀਆਂ ਹਨ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਰੱਖਣ ਦੇ ਦੋਸ਼ ਵਿੱਚ ਮੁਲਜ਼ਮ ਵਰਿੰਦਰ ਕੁਮਾਰ ਉਰਫ਼ ਚਾਂਦਨੀ ਖ਼ਿਲਾਫ਼ ਆਬਕਾਰੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਤੇ ਅਗਲੇਰੀ ਜਾਂਚ ਚੱਲ ਰਹੀ ਹੈ।