ਹੁਸ਼ਿਆਰਪੁਰ 'ਚ ਨਸ਼ਿਆਂ ਖ਼ਿਲਾਫ਼ ਮੈਗਾ ਐਕਸ਼ਨ : 5 ਮੁਲਜ਼ਮ ਗ੍ਰਿਫ਼ਤਾਰ, ਨਸ਼ੀਲੀਆਂ ਗੋਲੀਆਂ ਬਰਾਮਦ
ਪੁਲਿਸ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਨੌਜਵਾਨ ਨੇ ਤੁਰੰਤ ਬਾਂਹ ਵਿੱਚੋਂ ਸਰਿੰਜ ਕੱਢੀ ਅਤੇ ਉਸ ਨੂੰ ਹੱਥ ਵਿੱਚ ਫੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮਹਿਲਾ ਅਧਿਕਾਰੀ ਨੇ ਮੁਸਤੈਦ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਮੌਕੇ 'ਤੇ ਹੀ ਦਬੋਚ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਬੁਧੋਬਰਕਤ ਵਜੋਂ ਹੋਈ ਹੈ। ਪੁਲਿਸ ਨੇ ਮੌਕੇ 'ਤੇ ਮਿਲੇ ਨਸ਼ੀਲੇ ਪਦਾਰਥ ਅਤੇ ਸਰਿੰਜ ਨੂੰ ਕਬਜ਼ੇ ਵਿੱਚ ਲੈ ਕੇ ਦਸੂਹਾ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਹੈ।
Publish Date: Wed, 20 May 2026 11:47 AM (IST)
Updated Date: Wed, 20 May 2026 11:56 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਕਾਰਵਾਈ ਕਰਦਿਆਂ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਨਸ਼ੀਲੀਆਂ ਗੋਲੀਆਂ, ਇੰਜੈਕਸ਼ਨ ਅਤੇ ਡੋਪ ਟੈਸਟ ਦੇ ਆਧਾਰ 'ਤੇ ਮਾਮਲੇ ਦਰਜ ਕੀਤੇ ਹਨ।
ਪੁਲਿਸ ਨੂੰ ਦੇਖ ਕੇ ਕੰਧ ਟੱਪਣ ਲੱਗਾ ਨੌਜਵਾਨ ਡਿੱਗਿਆ, 50 ਨਸ਼ੀਲੀਆਂ ਗੋਲੀਆਂ ਬਰਾਮਦ
ਪੁਲਿਸ ਨੇ ਦੱਸਿਆ ਕਿ ਥਾਣਾ ਮਾਡਲ ਟਾਊਨ ਦੇ ਐਸ.ਆਈ. ਗੁਰਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਭੈੜੇ ਅਨਸਰਾਂ ਦੀ ਚੈਕਿੰਗ ਲਈ ਗਸ਼ਤ 'ਤੇ ਸੀ। ਜਦੋਂ ਪੁਲਿਸ ਪਾਰਟੀ ਭੰਗੀ ਚੋਅ ਦੇ ਨਾਲ-ਨਾਲ ਕੱਚੇ ਰਸਤੇ ਰਾਹੀਂ ਮੁਹੱਲਾ ਬਸੀ ਜਾਨਾ ਤੋਂ ਪਿੰਡ ਹਰਦੋਖਾਨਪੁਰ ਵੱਲ ਜਾ ਰਹੀ ਸੀ ਤਾਂ ਸਾਹਮਣੇ ਤੋਂ ਇੱਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਉਸ ਦੇ ਸੱਜੇ ਹੱਥ ਵਿੱਚ ਕਾਲੇ ਰੰਗ ਦਾ ਮੋਮੀ ਲਿਫਾਫਾ ਫੜਿਆ ਹੋਇਆ ਸੀ।
ਪੁਲਿਸ ਪਾਰਟੀ ਨੂੰ ਸਾਹਮਣੇ ਦੇਖ ਕੇ ਨੌਜਵਾਨ ਘਬਰਾ ਗਿਆ ਅਤੇ ਉਸ ਨੇ ਲਿਫਾਫਾ ਸੱਜੇ ਪਾਸੇ ਸੁੱਟ ਕੇ ਪਿੱਛੇ ਵੱਲ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਦੋਂ ਉਹ ਵਣ ਵਿਭਾਗ ਦੀ ਛੋਟੀ ਕੰਧ ਟੱਪਣ ਲੱਗਾ ਤਾਂ ਪੈਰ ਨੂੰ ਠੇਡਾ ਲੱਗਣ ਕਾਰਨ ਉਹ ਇੱਟਾਂ 'ਤੇ ਡਿੱਗ ਪਿਆ, ਜਿਸ ਨੂੰ ਪੁਲਿਸ ਕਰਮਚਾਰੀਆਂ ਨੇ ਮੁਸਤੈਦੀ ਨਾਲ ਕਾਬੂ ਕਰ ਲਿਆ।
ਪੁਲਿਸ ਨੇ ਦੋਸ਼ ਲਗਾਇਆ ਕਿ ਫੜੇ ਗਏ ਨੌਜਵਾਨ ਦੀ ਪਛਾਣ ਸੁੱਖਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬੰਜਰਬਾਗ, ਥਾਣਾ ਸਦਰ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਜਦੋਂ ਸੁੱਖਵਿੰਦਰ ਵੱਲੋਂ ਸੁੱਟੇ ਗਏ ਕਾਲੇ ਰੰਗ ਦੇ ਮੋਮੀ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਕਥਿਤ ਤੌਰ ’ਤੇ 50 ਖੁੱਲ੍ਹੀਆਂ ਚਿੱਟੇ ਰੰਗ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਪਿੰਡ ਜੰਡੀ ਦੇ ਗੇਟ ਨੇੜੇ ਸ਼ੱਕੀ ਹਾਲਤ 'ਚ ਖੜ੍ਹਾ 'ਜੰਡਾ' ਕਾਬੂ, 42 ਗੋਲੀਆਂ ਬਰਾਮਦ
ਪੁਲਿਸ ਨੇ ਦੱਸਿਆ ਕਿ ਨਸ਼ਾ ਤਸਕਰਾਂ 'ਤੇ ਨਜ਼ਰ ਰੱਖਣ ਲਈ ਥਾਣਾ ਬੁੱਲੋਵਾਲ ਦੇ ਐਸ.ਆਈ. ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਚੌਂਕੀ ਸ਼ਾਮ ਚੁਰਾਸੀ ਤੋਂ ਪਿੰਡ ਜੰਡੀ ਵੱਲ ਜਾ ਰਹੀ ਸੀ। ਜਦੋਂ ਪੁਲਿਸ ਟੀਮ ਪਿੰਡ ਜੰਡੀ ਦੇ ਗੇਟ ਤੋਂ ਥੋੜ੍ਹਾ ਅੱਗੇ ਪਹੁੰਚੀ ਤਾਂ ਕੱਚੇ ਰਸਤੇ 'ਤੇ ਇੱਕ ਮੋਨਾ ਨੌਜਵਾਨ ਖੜ੍ਹਾ ਦਿਖਾਈ ਦਿੱਤਾ। ਪੁਲਿਸ ਦੀਆਂ ਗੱਡੀਆਂ ਦੇਖ ਕੇ ਉਹ ਉੱਥੋਂ ਖਿਸਕਣ ਦੀ ਕੋਸ਼ਿਸ਼ ਕਰਨ ਲੱਗਾ, ਜਿਸ 'ਤੇ ਮੁੱਖ ਅਫ਼ਸਰ ਨੇ ਸ਼ੱਕ ਦੇ ਬਿਨਾਂ 'ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਘੇਰ ਕੇ ਕਾਬੂ ਕਰ ਲਿਆ।
ਪੁਲਿਸ ਨੇ ਦੋਸ਼ ਲਗਾਇਆ ਕਿ ਕਾਬੂ ਕੀਤੇ ਗਏ ਵਿਅਕਤੀ ਨੇ ਆਪਣਾ ਨਾਮ ਗੁਰਜੀਤ ਸਿੰਘ ਉਰਫ ਜੰਡਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਤਲਵੰਡੀ ਕੰਨੂਗੋ ਦੱਸਿਆ। ਤਲਾਸ਼ੀ ਦੌਰਾਨ ਉਸ ਦੀ ਸੱਜੀ ਜੇਬ ਵਿੱਚੋਂ ਇੱਕ ਵਜ਼ਨਦਾਰ ਕਾਲੇ ਰੰਗ ਦਾ ਮੋਮੀ ਲਿਫਾਫਾ ਮਿਲਿਆ, ਜਿਸ ਨੂੰ ਖੋਲ੍ਹਣ 'ਤੇ ਬਿਨਾਂ ਮਾਰਕਾ ਵਾਲੀਆਂ 42 ਚਿੱਟੇ ਰੰਗ ਦੀਆਂ ਨਸ਼ੀਲੀਆਂ ਗੋਲੀਆਂ ਕਥਿਤ ਤੌਰ ’ਤੇ ਬਰਾਮਦ ਹੋਈਆਂ।
ਸਤਿਸੰਗ ਘਰ ਰੋਡ 'ਤੇ ਬਾਹ 'ਚ ਸਰਿੰਜ ਲਾਉਂਦਾ ਰੰਗੇ ਹੱਥੀਂ ਦਬੋਚਿਆ ਗੁਰਮੀਤ ਸਿੰਘ
ਪੁਲਿਸ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਚਲਾਈ ਚੈਕਿੰਗ ਦੌਰਾਨ ਥਾਣਾ ਦਸੂਹਾ ਦੇ ਐਸ.ਆਈ. ਮਨਜੋਤ ਕੌਰ ਆਪਣੀ ਟੀਮ ਨਾਲ ਕਸਬਾ ਮੁਹੱਲਾ ਵੱਲ ਜਾ ਰਹੇ ਸਨ। ਜਦੋਂ ਪੁਲਿਸ ਦੀ ਗੱਡੀ ਰਾਧਾਸਵਾਮੀ ਸਤਿਸੰਗ ਘਰ ਰੋਡ ਦੇ ਕੋਲ ਪਹੁੰਚੀ ਤਾਂ ਉੱਥੇ ਇੱਕ ਨੌਜਵਾਨ ਸ਼ਰੇਆਮ ਆਪਣੀ ਖੱਬੀ ਬਾਂਹ ਵਿੱਚ ਕਥਿਤ ਤੌਰ ’ਤੇ ਨਸ਼ੇ ਦੀ ਸਰਿੰਜ ਲਗਾ ਕੇ ਬੈਠਾ ਹੋਇਆ ਸੀ।
ਪੁਲਿਸ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਨੌਜਵਾਨ ਨੇ ਤੁਰੰਤ ਬਾਂਹ ਵਿੱਚੋਂ ਸਰਿੰਜ ਕੱਢੀ ਅਤੇ ਉਸ ਨੂੰ ਹੱਥ ਵਿੱਚ ਫੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮਹਿਲਾ ਅਧਿਕਾਰੀ ਨੇ ਮੁਸਤੈਦ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਮੌਕੇ 'ਤੇ ਹੀ ਦਬੋਚ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਬੁਧੋਬਰਕਤ ਵਜੋਂ ਹੋਈ ਹੈ। ਪੁਲਿਸ ਨੇ ਮੌਕੇ 'ਤੇ ਮਿਲੇ ਨਸ਼ੀਲੇ ਪਦਾਰਥ ਅਤੇ ਸਰਿੰਜ ਨੂੰ ਕਬਜ਼ੇ ਵਿੱਚ ਲੈ ਕੇ ਦਸੂਹਾ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਹੈ।
ਮੁਖ਼ਬਰੀ ਦੇ ਆਧਾਰ 'ਤੇ ਨਸ਼ੇੜੀ ਜੋੜੀ ਕਾਬੂ, ਡੋਪ ਟੈਸਟ ਪਾਜ਼ੇਟਿਵ ਆਉਣ 'ਤੇ ਕੇਸ ਦਰਜ
ਪੁਲਿਸ ਨੇ ਦੱਸਿਆ ਕਿ ਥਾਣਾ ਮੇਹਟੀਆਣਾ ਦੇ ਏ.ਐਸ.ਆਈ. ਜੋਗਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਪਿੰਡ ਪੰਡੋਰੀ ਕੱਦ ਤੋਂ ਮੁੱਖਲਿਆਣਾ ਵੱਲ ਜਾ ਰਹੀ ਸੀ। ਜਦੋਂ ਪੁਲਿਸ ਪਾਰਟੀ ਪਿੰਡ ਪੰਡੋਰੀ ਕੱਦ ਦੇ ਬਾਹਰ ਮੌਜੂਦ ਸੀ, ਤਾਂ ਇੱਕ ਖ਼ਾਸ ਮੁਖ਼ਬਰ ਨੇ ਆ ਕੇ ਇਤਲਾਹ ਦਿੱਤੀ ਕਿ ਨੇਕੀ ਰਾਮ ਅਤੇ ਗਗਨਦੀਪ ਸਿੰਘ ਨਾਮ ਦੇ ਦੋ ਨੌਜਵਾਨ, ਜੋ ਕਥਿਤ ਤੌਰ ’ਤੇ ਨਸ਼ੇ ਕਰਨ ਦੇ ਆਦੀ ਹਨ, ਇਸ ਵੇਲੇ ਨਸ਼ੇ ਦੀ ਲੋਰ ਵਿੱਚ ਪਿੰਡ ਮੁੱਖਲਿਆਣਾ ਦੇ ਨੇੜੇ ਘੁੰਮ ਰਹੇ ਹਨ।
ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਏ.ਐਸ.ਆਈ. ਜੋਗਿੰਦਰ ਸਿੰਘ ਤੁਰੰਤ ਆਪਣੀ ਟੀਮ ਸਮੇਤ ਦੱਸੀ ਹੋਈ ਜਗ੍ਹਾ 'ਤੇ ਪਹੁੰਚੇ, ਜਿੱਥੇ ਦੋਵੇਂ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਘੁੰਮਦੇ ਪਾਏ ਗਏ ਅਤੇ ਪੁਲਿਸ ਨੇ ਘੇਰਾਬੰਦੀ ਕਰਕੇ ਦੋਵਾਂ ਨੂੰ ਕਾਬੂ ਕਰ ਲਿਆ।
ਫੜੇ ਗਏ ਵਿਅਕਤੀਆਂ ਦੀ ਪਛਾਣ ਨੇਕੀ ਰਾਮ (ਉਮਰ ਕਰੀਬ 37 ਸਾਲ) ਪੁੱਤਰ ਬਖਸ਼ੀ ਰਾਮ ਵਾਸੀ ਮੁੱਖਲਿਆਣਾ ਅਤੇ ਦੂਜੇ ਦੀ ਪਛਾਣ ਗਗਨਦੀਪ ਸਿੰਘ (ਉਮਰ ਕਰੀਬ 30 ਸਾਲ) ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਤਾਜੋਵਾਲ, ਥਾਣਾ ਮੇਹਟੀਆਣਾ ਵਜੋਂ ਹੋਈ ਹੈ। ਦੋਵਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੁਲਿਸ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾ ਕੇ ਡੋਪ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ। ਪੁਲਿਸ ਨੇ ਦੱਸਿਆ ਕਿ ਸਾਰੇ ਮਾਮਲਿਆਂ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਤਫਤੀਸ਼ ਜਾਰੀ ਹੈ