ਚੱਕ ਸਮਾਣਾ ਬੋਰਵੈੱਲ ਹਾਦਸਾ : ਮਾਸੂਮ ਗੁਰਕਰਨ ਨੂੰ ਬਾਹਰ ਕੱਢਣ ਲਈ ਪ੍ਰਸ਼ਾਸਨ ਵੱਲੋਂ ਵੱਡਾ ਰੈਸਕਿਊ ਆਪ੍ਰੇਸ਼ਨ
ਚੱਕ ਸਮਾਣਾ ਬੋਰਵੈੱਲ ਹਾਦਸਾ : ਮਾਸੂਮ ਗੁਰਕਰਨ ਨੂੰ ਬਾਹਰ ਕੱਢਣ ਲਈ ਪ੍ਰਸ਼ਾਸਨ ਵੱਲੋਂ ਵੱਡਾ ਰੈਸਕਿਊ ਆਪਰੇਸ਼ਨ
Publish Date: Fri, 15 May 2026 08:42 PM (IST)
Updated Date: Sat, 16 May 2026 04:15 AM (IST)

* ਡਾ. ਰਵਜੋਤ ਤੇ ਡਾ. ਚੱਬੇਵਾਲ ਮੌਕੇ ’ਤੇ ਪੁੱਜੇ ਤੇ ਰੈਸਕਿਊ ਕਾਰਜਾਂ ਦਾ ਜਾਇਜ਼ਾ ਲਿਆ * ਬੋਰਵੈੱਲ ਲਗਪਗ 250 ਫੁੱਟ ਡੂੰਘਾ ਹੈ : ਸਬ ਡਵੀਜ਼ਨਲ ਮੈਜਿਸਟ੍ਰੇਟ ਐੱਚਐੱਸਪੀ : 57 ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਤੇ ਡੀਸੀ ਆਸ਼ਿਕਾ ਜੈਨ ਰੈਸਕਿਊ ਆਪਰੇਸ਼ਨ ਦੀ ਨਿਗਰਾਨੀ ਕਰਦੇ ਹੋਏ। 58 ਬੋਰਵੈੱਲ ’ਚ ਡਿੱਗੇ ਬੱਚੇ ਗੁਰਕਰਨ ਸਿੰਘ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰੈਸਕਿਊ ਟੀਮਾਂ ਤੇ ਕਰਮਚਾਰੀ ਜੰਗੀ ਪੱਧਰ ‘ਤੇ ਬਚਾਅ ਕਾਰਜ ਕਰਦੇ ਹੋਏ। 59 ਬੋਰਵੈੱਲ ’ਚ ਡਿੱਗੇ ਬੱਚੇ ਗੁਰਕਰਨ ਸਿੰਘ ਦੀ ਫਾਈਲ ਫੋਟੋ। ਸੰਜੀਵ ਸੂਦ/ਕਮਲ, ਪੰਜਾਬੀ ਜਾਗਰਣ ਹੁਸ਼ਿਆਰਪੁਰ/ਹਰਿਆਣਾ : ਹੁਸ਼ਿਆਰਪੁਰ-ਦਸੂਹਾ ਮੁੱਖ ਮਾਰਗ ’ਤੇ ਸਥਿਤ ਭੀਖੋਵਾਲ ਨੇੜਲੇ ਪਿੰਡ ਚੱਕ ਸਮਾਣਾ ’ਚ ਸ਼ੁੱਕਰਵਾਰ ਸ਼ਾਮ ਉਸ ਵੇਲੇ ਹੰਗਾਮਾ ਮਚ ਗਿਆ, ਜਦੋਂ ਚਾਰ ਸਾਲਾ ਬੱਚਾ ਖੇਡਦੇ ਸਮੇਂ ਖੁੱਲ੍ਹੇ ਬੋਰਵੈੱਲ ’ਚ ਡਿੱਗ ਗਿਆ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ’ਤੇ ਰੈਸਕਿਊ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਗੁਰਕਰਨ ਸਿੰਘ (4) ਪੁੱਤਰ ਰਵਿੰਦਰ ਸਿੰਘ ਵਾਸੀ ਚੱਕ ਸਮਾਣਾ ਆਪਣੇ ਘਰ ਨੇੜੇ ਖੇਡ ਰਿਹਾ ਸੀ। ਇਸ ਦੌਰਾਨ ਉਹ ਅਚਾਨਕ ਨਵੇਂ ਪੁੱਟੇ ਗਏ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ’ਚ ਲੋਕ ਅਤੇ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਤੁਰੰਤ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ। ਪੰਜਾਬ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਤੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵੀ ਮੌਕੇ ’ਤੇ ਪਹੁੰਚੇ ਤੇ ਰੈਸਕਿਊ ਕਾਰਜਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਸੀਨੀਅਰ ਪੁਲਿਸ ਕਪਤਾਨ ਸੰਦੀਪ ਮਲਿਕ ਤੇ ਹੋਰ ਸੀਨੀਅਰ ਅਧਿਕਾਰੀ ਮੌਕੇ ’ਤੇ ਡੇਰਾ ਲਗਾ ਕੇ ਰੈਸਕਿਊ ਆਪਰੇਸ਼ਨ ਦੀ ਨਿਗਰਾਨੀ ਕਰ ਰਹੇ ਹਨ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਮੰਗ ‘ਤੇ ਐੱਨਡੀਆਰਐੱਫ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਹੈ ਅਤੇ ਬਚਾਅ ਕਾਰਜਾਂ ਵਿੱਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ, ਫਾਇਰ ਬ੍ਰਿਗੇਡ, ਮੈਡੀਕਲ ਐਮਰਜੈਂਸੀ ਸੇਵਾਵਾਂ ਅਤੇ ਹੋਰ ਵਿਭਾਗਾਂ ਦੀਆਂ ਟੀਮਾਂ ਲਗਾਤਾਰ ਰੈਸਕਿਊ ਆਪ੍ਰੇਸ਼ਨ ’ਚ ਲੱਗੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਦੇ ਸੇਵਾਦਾਰ ਵੀ ਪ੍ਰਸ਼ਾਸਨ ਦੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚੇ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ। ਡੀਸੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਬੱਚੇ ਦੀ ਮਾਤਾ ਨੂੰ ਵੀ ਮੌਕੇ ’ਤੇ ਬੁਲਾ ਕੇ ਬੱਚੇ ਨਾਲ ਗੱਲ ਕਰਵਾਈ ਗਈ ਤਾਂ ਜੋ ਉਸ ਨੂੰ ਜਾਣੀ-ਪਹਿਚਾਣੀ ਆਵਾਜ਼ ਤੋਂ ਹੌਸਲਾ ਮਿਲ ਸਕੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਪੂਰੀ ਕੋਸ਼ਿਸ਼ ਹੈ ਕਿ ਬੱਚੇ ਨਾਲ ਲਗਾਤਾਰ ਸੰਪਰਕ ਬਣਿਆ ਰਹੇ। ਇਸ ਤੋਂ ਇਲਾਵਾ ਬੋਰਵੈੱਲ ’ਚ ਰੌਸ਼ਨੀ ਲਈ ਲਾਈਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਬੱਚੇ ਨੂੰ ਚਾਨਣ ਦਿਖਾਈ ਦਿੰਦਾ ਰਹੇ। ਹੁਸ਼ਿਆਰਪੁਰ ਦੇ ਸਬ ਡਵੀਜ਼ਨਲ ਮੈਜਿਸਟ੍ਰੇਟ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਬੋਰਵੈੱਲ ਲਗਪਗ 250 ਫੁੱਟ ਡੂੰਘਾ ਹੈ ਅਤੇ ਬੱਚੇ ਨੂੰ ਸਹੀ ਸਲਾਮਤ ਬਾਹਰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੁੱਢਲੀ ਜਾਣਕਾਰੀ ਅਨੁਸਾਰ ਬੱਚਾ ਕਰੀਬ 20 ਤੋਂ 25 ਫੁੱਟ ਦੀ ਡੂੰਘਾਈ ’ਤੇ ਫਸਿਆ ਹੋਇਆ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਪਰਿਵਾਰ ਨੇ ਇਹ ਟਿਊਬਵੈੱਲ ਦਾ ਬੋਰ ਕਰਵਾਇਆ ਸੀ, ਬੱਚਾ ਉਸੇ ਪਰਿਵਾਰ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਟਿਊਬਵੈੱਲ ਚੱਲਣਯੋਗ ਹੋ ਗਿਆ ਸੀ ਪਰ ਸਾਈਡਾਂ ਤੋਂ ਬਜਰੀ ਤੇ ਮਿੱਟੀ ਭਰਨ ਦਾ ਕੰਮ ਬਾਕੀ ਸੀ। ਇਸੇ ਕਾਰਨ ਬੱਚਾ ਬੋਰਵੈੱਲ ’ਚ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਪਾਈਪ ਰਾਹੀਂ ਕੈਮਰਾ ਬੋਰਵੈੱਲ ’ਚ ਭੇਜਿਆ ਗਿਆ ਹੈ ਤੇ ਬੱਚੇ ਦੀ ਹਰਕਤ ’ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਨਾਲ ਹੀ ਬੱਚੇ ਤੱਕ ਆਕਸੀਜਨ ਵੀ ਪਹੁੰਚਾਈ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਰੈਸਕਿਊ ਆਪਰੇਸ਼ਨ ਜਾਰੀ ਸੀ।