ਵਿਧਾਇਕ ਜਿੰਪਾ ਨੇ ਬਜਵਾੜਾ ਸਕੂਲ ‘ਚ ਨਵੇਂ ਕਲਾਸਰੂਮਾਂ ਦਾ ਕੀਤਾ ਉਦਘਾਟਨ
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਸਰਕਾਰੀ ਐਲੀਮੈਂਟਰੀ ਸਕੂਲ ਬਜਵਾੜਾ ‘ਚ ਨਵੇਂ ਕਲਾਸਰੂਮਾਂ ਦਾ ਕੀਤਾ ਉਦਘਾਟਨ
Publish Date: Wed, 22 Apr 2026 07:07 PM (IST)
Updated Date: Wed, 22 Apr 2026 07:10 PM (IST)

ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ‘ਚ ਇਤਿਹਾਸਕ ਬਦਲਾਅ ਲਿਆ ਰਹੀ : ਜਿੰਪਾ ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਬਜਵਾੜਾ ਵਿਚ 7.50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਨਵੇਂ ਕਲਾਸਰੂਮਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿਚ ਇਤਿਹਾਸਕ ਬਦਲਾਅ ਲਿਆ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਸਰਕਾਰ ਦੀਆਂ ਮੁੱਖ ਤਰਜੀਹਾਂ ਵਿਚ ਸ਼ਾਮਲ ਹੈ ਤੇ ਇਸੇ ਤਹਿਤ ਨਵੇਂ ਕਮਰੇ, ਆਧੁਨਿਕ ਸਹੂਲਤਾਂ ਤੇ ਸਾਫ-ਸੁਥਰਾ ਮਾਹੌਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਹੂਲਤਾਂ ਦੀ ਘਾਟ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਵਿਚ ਭੇਜਣ ਲਈ ਮਜਬੂਰ ਹੁੰਦੇ ਸਨ, ਪਰ ਹੁਣ ਸਰਕਾਰੀ ਸਕੂਲਾਂ ਵਿਚ ਹੋ ਰਹੇ ਸੁਧਾਰਾਂ ਨਾਲ ਲੋਕਾਂ ਦਾ ਭਰੋਸਾ ਵਧ ਰਿਹਾ ਹੈ। ਸਿੱਖਿਆ ਵਿਚ ਨਿਵੇਸ਼ ਭਵਿੱਖ ਵਿੱਚ ਨਿਵੇਸ਼ ਦੇ ਬਰਾਬਰ ਹੈ ਤੇ ਸਰਕਾਰ ਇਸ ਦਿਸ਼ਾ ਵਿਚ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਇਸ ਮੌਕੇ ਸਕੂਲ ਸਟਾਫ ਤੇ ਸਥਾਨਕ ਨਿਵਾਸੀਆਂ ਨੇ ਨਵੇਂ ਕਲਾਸਰੂਮ ਬਣਾਉਣ ਲਈ ਵਿਧਾਇਕ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਬਿਹਤਰ ਮਾਹੌਲ ਵਿਚ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ। ਕਾਰਜਕ੍ਰਮ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਮਨਦੀਪ ਸ਼ਰਮਾ, ਸਰਪੰਚ ਰਾਜੇਸ਼ ਕੁਮਾਰ ਬੱਬੂ, ਵਿਭਾਗੀ ਅਧਿਕਾਰੀ, ਐੱਸਐੱਮਸੀ ਮੈਂਬਰ, ਅਧਿਆਪਕ ਵਰਗ, ਵਿਦਿਆਰਥੀ ਤੇ ਵੱਡੀ ਗਿਣਤੀ ਵਿਚ ਸਥਾਨਕ ਨਿਵਾਸੀ ਹਾਜ਼ਰ ਸਨ।