ਹੁਸ਼ਿਆਰਪੁਰ ਪੁਲਿਸ ਦੀ 'ਸਵੀਪ' ਮੁਹਿੰਮ: ਚਰਸ ਤੇ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਵਾਲੇ 11 ਸਮਗਲਰ ਕਾਬੂ
ਜ਼ਿਲ੍ਹਾ ਪੁਲਿਸ ਨੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਚਲਾਈ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਅਤੇ ਨਾਕਾਬੰਦੀ ਕਰਕੇ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਚਰਸ, ਨਸ਼ੀਲੀਆਂ ਗੋਲੀਆਂ ਅਤੇ ਨਸ਼ਾ ਕਰਨ ਦਾ ਸਾਮਾਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਫੜੇ ਗਏ ਕਈ ਮੁਲਜ਼ਮ ਮੌਕੇ ’ਤੇ ਨਸ਼ਾ ਕਰਦੇ ਪਾਏ ਗਏ, ਜਦਕਿ ਕਈਆਂ ਦੇ ਡੋਪ ਟੈਸਟ ਪੋਜ਼ੀਟਿਵ ਆਏ ਹਨ।
Publish Date: Fri, 01 May 2026 11:33 AM (IST)
Updated Date: Fri, 01 May 2026 11:38 AM (IST)
ਪੰਜਾਬੀ ਜਾਗਰਣ ਰਿਪੋਰਟਰ, ਹੁਸ਼ਿਆਰਪੁਰ। ਜ਼ਿਲ੍ਹਾ ਪੁਲਿਸ ਨੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਚਲਾਈ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਅਤੇ ਨਾਕਾਬੰਦੀ ਕਰਕੇ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਚਰਸ, ਨਸ਼ੀਲੀਆਂ ਗੋਲੀਆਂ ਅਤੇ ਨਸ਼ਾ ਕਰਨ ਦਾ ਸਾਮਾਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਫੜੇ ਗਏ ਕਈ ਮੁਲਜ਼ਮ ਮੌਕੇ ’ਤੇ ਨਸ਼ਾ ਕਰਦੇ ਪਾਏ ਗਏ, ਜਦਕਿ ਕਈਆਂ ਦੇ ਡੋਪ ਟੈਸਟ ਪੋਜ਼ੀਟਿਵ ਆਏ ਹਨ।
ਫੋਕਲ ਪੁਆਇੰਟ ਪੁਰਹੀਰਾਂ: 296 ਗ੍ਰਾਮ ਚਰਸ ਸਮੇਤ ਨੌਜਵਾਨ ਦਬੋਚਿਆ
ਪੁਲਿਸ ਨੇ ਦੱਸਿਆ ਕਿ ਥਾਣਾ ਇੰਡਸਟਰੀਅਲ ਫੋਕਲ ਪੋਇੰਟ ਪੁਰਹੀਰਾਂ ਦੀ ਪੁਲਿਸ ਪਾਰਟੀ ਜਦੋਂ ਗੁਰਦੁਆਰਾ ਗਰਾਊਂਡ ਨੇੜੇ ਗਸ਼ਤ ਕਰ ਰਹੀ ਸੀ, ਤਾਂ ਸਾਹਮਣੇ ਤੋਂ ਆ ਰਿਹਾ ਇੱਕ ਨੌਜਵਾਨ ਸਾਹਿਲ ਪੁੱਤਰ ਬਲਵਿੰਦਰ ਸਿੰਘ ਵਾਸੀ ਫੋਕਲ ਪੋਇੰਟ ਪੁਰਹੀਰਾਂ ਪੁਲਿਸ ਨੂੰ ਦੇਖ ਕੇ ਭੱਜਣ ਲੱਗਾ। ਜਦੋਂ ਉਸ ਨੂੰ ਸ਼ੱਕ ਦੇ ਆਧਾਰ |ਤੇ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਉਸ ਦੀ ਪੈਂਟ ਦੀ ਜੇਬ ਵਿੱਚੋਂ ਇੱਕ ਮੋਮੀ ਲਿਫਾਫਾ ਬਰਾਮਦ ਹੋਇਆ। ਪੁਲਿਸ ਦਾ ਇਲਜ਼ਾਮ ਹੈ ਕਿ ਮੋਮੀ ਲਿਫਾਫੇ ਦੀ ਜਾਂਚ ਦੌਰਾਨ ਉਸ ਵਿੱਚੋਂ 296 ਗ੍ਰਾਮ ਚਰਸ ਬਰਾਮਦ ਹੋਈ ਹੈ।
ਸ਼ਹਿਰ ਦੇ ਅਫਗਾਨ ਰੋਡ ’ਤੇ ਦੋ ਭਰਾ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ
ਸਿਟੀ ਪੁਲਿਸ ਦੀ ਟੀਮ ਨੇ ਗਸ਼ਤ ਦੌਰਾਨ ਅਫਗਾਨ ਰੋਡ ’ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਸ਼ੱਕੀ ਹਾਲਤ ਵਿੱਚ ਰੋਕਿਆ। ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਅਤੇ ਬਲਜੀਤ ਸਿੰਘ ਉਰਫ ਬਲੀ ਵਾਸੀ ਪਿੰਡ ਈਸਪੁਰ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇਹ ਦੋਵੇਂ ਸਕੇ ਭਰਾ ਹਨ ਅਤੇ ਪੁਲਿਸ ਨੂੰ ਦੇਖ ਕੇ ਮੋਟਰਸਾਈਕਲ ਮੋੜ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ ਕਥਿਤ ਤੌਰ ’ਤੇ 180 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।
ਝਾੜੀਆਂ ਦੀ ਓਹਲੇ ਅਤੇ ਖਾਲੀ ਪਲਾਟ ’ਚ ਨਸ਼ਾ ਕਰਦੇ ਚੜ੍ਹੇ ਪੁਲਿਸ ਹੱਥ
ਮਾਡਲ ਟਾਊਨ ਪੁਲਿਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਨਸ਼ਾ ਕਰਦੇ ਹੋਏ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਜੰਗਲਾਤ ਵਿਭਾਗ ਦੇ ਦਫ਼ਤਰ ਨੇੜੇ ਕੱਚੇ ਰਸਤੇ ’ਤੇ ਝਾੜੀਆਂ ਦੀ ਓਹਲੇ ਇਕ ਵਿਅਕਤੀ ਸ਼ੱਕੀ ਹਾਲਤ ਵਿੱਚ ਬੈਠਾ ਮਿਲਿਆ।
ਪੁਲਿਸ ਨੇ ਕਿਹਾ ਕਿ ਉਹ ਕਥਿਤ ਤੌਰ ’ਤੇ ਸਿਲਵਰ ਫੋਇਲ ਵਰਕ ਦੀ ਬਣੀ ਪੰਨੀ ਦੇ ਹੇਠਾਂ ਲਾਇਟਰ ਰਾਹੀਂ ਅੱਗ ਵਾਲ ਕੇ 10 ਰੁਪਏ ਦੇ ਪਾਇਪ ਨੁੰਮਾ ਨੋਟ ਰਾਹੀਂ ਉਡ ਰਹੇ ਧੂੰਏ ਨੂੰ ਆਪਣੇ ਨੱਕ ਅੰਦਰ ਨੂੰ ਖਿਚ ਕੇ ਨਸ਼ਾ ਕਰ ਰਿਹਾ ਸੀ ਅਤੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਕਾਬੂ ਕੀਤੇ ਵਿਅਕਤੀ ਦੀ ਪਛਾਣ ਬਿਕਰਮ ਉਰਫ ਵਿੱਕੀ ਵਾਸੀ ਪਿੰਡ ਸੈਦਪੁਰ, ਜਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ।
ਬੁੱਲੋਵਾਲ ਥਾਣੇ ਦੀ ਪੁਲਿਸ ਵੱਲੋਂ ਇਕ ਖਾਲੀ ਪਲਾਟ ਵਿੱਚ ਨਸ਼ਾ ਕਰਦੇ ਨੌਜਵਾਨ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਮੁਤਾਬਕ ਨਸਰਾਲਾ ਚੋਅ ਨੇੜੇ ਇਕ ਕਮਰੇ ਵਿੱਚ ਬੈਠਾ ਨੌਜਵਾਨ ਸਿਲਵਰ ਪੇਪਰ ਰਾਹੀਂ ਨਸ਼ਾ ਕਰ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਦੀ ਪਛਾਣ ਨੀਰਜ ਵਾਸੀ ਪਿੰਡ ਦਿਉਵਾਲ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ।
ਡੋਪ ਟੈਸਟ ਵਿੱਚ 6 ਮੁਲਜ਼ਮਾਂ ਦੀ ਰਿਪੋਰਟ ਆਈ ਪੋਜ਼ੀਟਿਵ
ਮੇਹਟੀਆਣਾ ਅਤੇ ਸਦਰ ਪੁਲਿਸ ਨੇ ਮੁਖਬਰ ਦੀ ਸੂਚਨਾ ’ਤੇ ਵੱਖ-ਵੱਖ ਥਾਵਾਂ ਤੋਂ 6 ਵਿਅਕਤੀਆਂ ਨੂੰ ਗ਼਼੍ਰਿਫਤਾਰ ਕੀਤਾ ਹੈ।
ਪੁਲਿਸ ਨੇ ਕਿਹਾ ਕਿ ਥਾਣਾ ਮੇਹਟੀਆਣਾ ਦੀ ਪੁਲਿਸ ਨੇ ਮੁੱਖਬਰ ਖਾਸ ਦੀ ਸੂਚਨਾ ਤੇ ਪਿੰਡ ਮੋਨਾ ਕਲਾਂ ਦੇ ਚਾਰ ਨੌਜਵਾਨਾਂ—ਹਰਜੀਤ ਸਿੰਘ, ਵਰਿੰਦਰ ਪਾਲ ਉਰਫ ਵਿੱਕੀ, ਧਰਮਿੰਦਰ ਅਤੇ ਪੱਪੂ—ਨੂੰ ਪਿੰਡ ਮੋਨਾ ਕਲਾਂ ਤੋ ਹੇੜੀਆ ਨੂੰ ਜਾਂਦੇ ਰਸਤੇ ਤੋਂ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿੱਚ ਘੁੰਮਦੇ ਹੋਏ ਕਾਬੂ ਕੀਤਾ ਗਿਆ।
ਇਸ ਤੋਂ ਇਲਾਵਾ ਮੇਹਟੀਆਣਾ ਪੁਲਿਸ ਵਲੋਂ ਵਿਲੀਅਮ ਵਾਸੀ ਪਿੰਡ ਖਨੋੜਾ ਜੋ ਕਥਿਤ ਤੌਰ ’ਤੇ ਨਸ਼ੇ ਕਰਨ ਦਾ ਆਦੀ ਹੋਣ ਦੇ ਇਲਜ਼ਾਮ ਹੇਠ ਉਸ ਨੂੰ ਵੀ ਮੁੱਖਬਰ ਦੀ ਇਤਲਾਹ ’ਤੇ ਕਾਬੂ ਕੀਤਾ।
ਸਦਰ ਪੁਲਿਸ ਵਲੋਂ ਅਮਨ ਕੁਮਾਰ ਵਾਸੀ ਬਜਵਾੜਾ ਕਲਾਂ ਨੂੰ ਵੀ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿੱਚ ਕਾਬੂ ਕੀਤਾ। ਜਦੋਂ ਇਨ੍ਹਾਂ ਸਾਰਿਆਂ ਦਾ ਸਿਵਲ ਹਸਪਤਾਲ, ਹੁ਼ਸ਼ਿਆਰਪੁਰ ਵਿੱਚ ਡੋਪ ਟੈਸਟ ਕਰਵਾਇਆ ਗਿਆ ਤਾਂ ਰਿਪੋਰਟ ਪੋਜ਼ੀਟਿਵ ਪਾਈ ਗਈ।
ਪੁਲਿਸ ਨੇ ਕਿਹਾ ਕਿ ਸਾਰੇ ਮਾਮਲਿਆਂ ਵਿੱਚ ਐੱਨ.ਡੀ.ਪੀ.ਐੱਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।