ਹੁਸ਼ਿਆਰਪੁਰ ਪੁਲਿਸ ਦਾ ਨਸ਼ਾ ਤਸਕਰਾਂ ’ਤੇ ਸ਼ਿਕੰਜਾ: ਟਾਂਡਾ ਅਤੇ ਮਾਡਲ ਟਾਊਨ ਤੋਂ ਦੋ ਮੁਲਜ਼ਮ ਕਾਬੂ
ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਗਈ ਸਖ਼ਤ ਮੁਹਿੰਮ ਤਹਿਤ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਅਤੇ ਨਸ਼ਾ ਕਰਦੇ ਰੰਗੇ ਹੱਥੀਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
Publish Date: Sun, 26 Apr 2026 12:21 PM (IST)
Updated Date: Sun, 26 Apr 2026 12:24 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਗਈ ਸਖ਼ਤ ਮੁਹਿੰਮ ਤਹਿਤ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਅਤੇ ਨਸ਼ਾ ਕਰਦੇ ਰੰਗੇ ਹੱਥੀਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਟਾਂਡਾ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਤਸਕਰ ਕਾਬੂ
ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਾਂਡਾ ਥਾਣੇ ਦੇ ਏ.ਐੱਸ.ਆਈ. ਲੋਕ ਰਾਮ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਰੜਾ ਤੋਂ ਫੱਤਾ ਘੁੱਲਾ ਵੱਲ ਗਸ਼ਤ 'ਤੇ ਸੀ। ਇਸ ਦੌਰਾਨ ਫੱਤਾ ਘੁੱਲਾ ਮੋੜ ਕੋਲ ਇੱਕ ਨੌਜਵਾਨ ਸਾਹਮਣੇ ਤੋਂ ਆਉਂਦਾ ਦਿਖਾਈ ਦਿੱਤਾ। ਪੁਲਿਸ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਉਕਤ ਨੌਜਵਾਨ ਘਬਰਾ ਗਿਆ ਅਤੇ ਉਸ ਨੇ ਆਪਣੇ ਪਜਾਮੇ ਦੀ ਸੱਜੀ ਜੇਬ ਵਿੱਚੋਂ ਇੱਕ ਮੋਮੀ ਲਿਫਾਫਾ ਕੱਢ ਕੇ ਨੇੜੇ ਝਾੜੀਆਂ ਵਿੱਚ ਸੁੱਟ ਦਿੱਤਾ।
ਸ਼ੱਕੀ ਹਾਲਤ ਦੇਖਦਿਆਂ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਨੌਜਵਾਨ ਨੂੰ ਕਾਬੂ ਕਰ ਲਿਆ। ਜਦੋਂ ਸੁੱਟੇ ਗਏ ਲਿਫਾਫੇ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਕਥਿਤ ਤੌਰ ’ਤੇ 35 ਨਸ਼ੀਲੀਆਂ ਗੋਲੀਆਂ (ਬਿਨਾਂ ਮਾਰਕਾ, ਸੰਤਰੀ ਰੰਗ) ਬਰਾਮਦ ਹੋਈਆਂ। ਪੁਲਿਸ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਅਜੇ ਕੁਮਾਰ ਪੁੱਤਰ ਅਮਰਜੀਤ ਸਿੰਘ ਵਾਸੀ ਦਸਮੇਸ਼ ਨਗਰ, ਟਾਂਡਾ ਵਜੋਂ ਹੋਈ ਹੈ।
ਮਾਡਲ ਟਾਊਨ ਪੁਲਿਸ ਵੱਲੋਂ ਨਸ਼ਾ ਕਰਦਾ ਨੌਜਵਾਨ ਰੰਗੇ ਹੱਥੀਂ ਗ੍ਰਿਫਤਾਰ
ਪੁਲਿਸ ਮੁਤਾਬਕ ਥਾਣਾ ਮਾਡਲ ਟਾਊਨ, ਹੁਸ਼ਿਆਰਪੁਰ ਪੁਲਿਸ ਦੇ ਐੱਸ.ਆਈ. ਗੁਰਦੀਪ ਸਿੰਘ ਦੀ ਟੀਮ ਜਦੋਂ ਡਗਾਣਾ ਤੋਂ ਪਿੰਡ ਪਿੱਪਲਾਵਾਲਾ ਵੱਲ ਚੈਕਿੰਗ ਲਈ ਜਾ ਰਹੀ ਸੀ ਤਾਂ ਖੇਤਾਂ ਵਿੱਚ ਇੱਕ ਅੰਬ ਦੇ ਬੂਟੇ ਪਿੱਛੇ ਇੱਕ ਨੌਜਵਾਨ ਸ਼ੱਕੀ ਹਾਲਤ ਵਿੱਚ ਲੁਕਿਆ ਦਿਖਾਈ ਦਿੱਤਾ।
ਜਦੋਂ ਪੁਲਿਸ ਨੇ ਨੇੜੇ ਜਾ ਕੇ ਦੇਖਿਆ ਤਾਂ ਮੁਲਜ਼ਮ ਕਥਿਤ ਤੌਰ 'ਤੇ ਸਿਲਵਰ ਵਰਕ ਦੇ ਹੇਠਾਂ ਲਾਇਟਰ ਨਾਲ ਅੱਗ ਬਾਲ ਕੇ ਨਸ਼ਾ ਕਰ ਰਿਹਾ ਸੀ। ਉਹ ਪਾਈਪ ਨੁਮਾ ਚੀਜ਼ ਰਾਹੀਂ ਸਿਲਵਰ ਪੰਨੀ ਦੇ ਉੱਪਰੋਂ ਨਿਕਲ ਰਹੇ ਧੂੰਏਂ ਨੂੰ ਆਪਣੇ ਅੰਦਰ ਖਿੱਚ ਰਿਹਾ ਸੀ। ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਫੜੇ ਗਏ ਵਿਅਕਤੀ ਦੀ ਪਛਾਣ ਮਨੀਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਸਥਾਨਕ ਮੁਹੱਲਾ ਟਿੱਬਾ ਸਾਹਿਬ ਵਜੋਂ ਹੋਈ ਹੈ।
ਦੋਹਾਂ ਮਾਮਲਿਆਂ ਵਿੱਚ ਪੁਲਿਸ ਵੱਲੋਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਸਪਲਾਈ ਦੇ ਸੰਭਾਵਿਤ ਸੋਰਸਾਂ ਬਾਰੇ ਪਤਾ ਲਗਾਇਆ ਜਾ ਸਕੇ।