ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਤਾਂ ਇਕ ਨੌਜਵਾਨ ਲੜਖੜਾਉਂਦਾ ਮਿਲਿਆ, ਜਿਸਨੇ ਆਪਣੀ ਪਛਾਣ ਪੁਨੀਤ ਸਿੰਘ ਵਾਸੀ ਸਥਾਨਕ ਸੁਖੀਆਬਾਦ ਵਜੋਂ ਦੱਸੀ। ਪੁਲਿਸ ਨੇ ਉਸਦਾ ਸਿਵਲ ਹਸਪਤਾਲ ਵਿੱਚ ਡੋਪ ਟੈਸਟ ਕਰਵਾਇਆ, ਜੋ ਪਾਜ਼ੀਟਿਵ ਆਇਆ। ਇਸ ਉਪਰੰਤ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਵੱਲੋਂ ਨਸ਼ੇ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ ਦੀਆਂ ਸੰਬੰਧਿਤ ਧਾਰਾਵਾਂ ਹੇਠ ਮਾਮਲੇ ਦਰਜ ਕਰਕੇ ਅਗੇ ਦੀ ਜਾਂਚ ਜਾਰੀ ਹੈ। ਪੁਲਿਸ ਅਨੁਸਾਰ ਇਨ੍ਹਾਂ ਵਿੱਚੋਂ ਇੱਕ ਕੋਲੋਂ ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ ਹਨ, ਜਦੋਂ ਕਿ ਦੋ ਨੌਜਵਾਨਾਂ ਨੂੰ ਨਸ਼ੇ ਦੀ ਹਾਲਤ ਵਿੱਚ ਘੁੰਮਦਿਆਂ ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਨੂੰ ਦੇਖ ਕੇ ਲਿਫਾਫਾ ਸੁੱਟ ਭੱਜਿਆ
ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਥਾਣਾ ਟਾਂਡਾ ਦੇ ਏ.ਐਸ.ਆਈ. ਸੰਜੀਵ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਅਤੇ ਗਸ਼ਤ ਦੇ ਸਬੰਧ ਵਿੱਚ ਚੌਂਕੀ ਸਰਾਂ ਤੋਂ ਪਿੰਡ ਬੈਂਚ ਬਾਜਾ ਵੱਲ ਜਾ ਰਹੀ ਸੀ। ਜਦੋਂ ਪੁਲਿਸ ਦੀ ਗੱਡੀ ਪਿੰਡ ਲਿਤਰਾਂ ਦੀ ਪਾਣੀ ਵਾਲੀ ਟੈਂਕੀ ਤੋਂ ਥੋੜ੍ਹਾ ਅੱਗੇ ਪਹੁੰਚੀ ਤਾਂ ਉੱਥੇ ਅੰਬ ਦੇ ਰੁੱਖ ਹੇਠਾਂ ਇੱਕ ਮੋਨਾ ਨੌਜਵਾਨ ਖੜ੍ਹਾ ਸੀ। ਪੁਲਿਸ ਪਾਰਟੀ ਨੂੰ ਆਪਣੇ ਵੱਲ ਆਉਂਦਿਆਂ ਦੇਖ ਕੇ ਉਹ ਘਬਰਾ ਗਿਆ। ਉਸ ਨੇ ਆਪਣੇ ਲੋਅਰ (ਪਜਾਮੇ) ਦੀ ਜੇਬ ਵਿੱਚੋਂ ਇੱਕ ਵਜ਼ਨਦਾਰ ਮੋਮੀ (ਪਲਾਸਟਿਕ) ਦਾ ਲਿਫਾਫਾ ਕੱਢ ਕੇ ਥੱਲੇ ਸੁੱਟ ਦਿੱਤਾ ਅਤੇ ਉੱਥੋਂ ਦੌੜਨ ਦੀ ਕੋਸ਼ਿਸ਼ ਕੀਤੀ ਪਰ ਮੁਸਤੈਦ ਪੁਲਿਸ ਮੁਲਾਜ਼ਮਾਂ ਨੇ ਘੇਰਾਬੰਦੀ ਕਰਕੇ ਉਸ ਨੂੰ ਮੌਕੇ 'ਤੇ ਹੀ ਦਬੋਚ ਲਿਆ।
ਪੁੱਛਗਿੱਛ ਦੌਰਾਨ ਨੌਜਵਾਨ ਨੇ ਆਪਣੀ ਪਛਾਣ ਨੁਪਿੰਦਰ ਸਿੰਘ ਉਰਫ਼ ਨੂਪੀ ਪੁੱਤਰ ਬਲਵਿੰਦਰ ਸਿੰਘ, ਵਾਸੀ ਟਾਂਡਾ ਵਜੋਂ ਦੱਸੀ। ਪੁਲਿਸ ਨੇ ਦਾਅਵਾ ਕੀਤਾ ਕਿ ਜਦੋਂ ਉਸ ਵੱਲੋਂ ਸੁੱਟੇ ਗਏ ਮੋਮੀ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਕਥਿਤ ਤੌਰ 'ਤੇ ਬਿਨਾਂ ਲੇਬਲ ਵਾਲੀਆਂ 50 ਸੰਤਰੀ ਰੰਗ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਮੁਲਜ਼ਮ ਖਿਲਾਫ਼ ਕੇਸ ਦਰਜ ਕਰਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਨਸ਼ਾ ਛੁਡਾਉਣ ਅਤੇ ਨਸ਼ੇੜੀਆਂ ਦੀ ਧਰਪਕੜ ਲਈ ਸਦਰ ਪੁਲਿਸ ਨੂੰ ਉਸ ਵੇਲੇ ਸਫ਼ਲਤਾ ਮਿਲੀ ਜਦੋਂ ਐਸ.ਆਈ. ਹਰਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਆਦਮਵਾਲ ਅੱਡੇ 'ਤੇ ਮੌਜੂਦ ਸੀ। ਪੁਲਿਸ ਨੇ ਦੱਸਿਆ ਕਿ ਇਸੇ ਦੌਰਾਨ ਇੱਕ ਖ਼ਾਸ ਮੁਖ਼ਬਰ ਨੇ ਪੁਲਿਸ ਤੱਕ ਸੂਚਨਾ ਪਹੁੰਚਾਈ ਕਿ ਸੁਖੀਆਬਾਦ ਦਾ ਰਹਿਣ ਵਾਲਾ ਇੱਕ ਨੌਜਵਾਨ ਨਸ਼ੇ ਕਰਨ ਦਾ ਆਦੀ ਹੈ ਅਤੇ ਉਹ ਅੱਜ ਵੀ ਭਾਰੀ ਨਸ਼ੇ ਦੀ ਲੋਰ ਵਿੱਚ ਸੁਖੀਆਬਾਦ ਨੇੜੇ ਸਵਰਗ ਆਸ਼ਰਮ ਰੋਡ 'ਤੇ ਘੁੰਮ ਰਿਹਾ ਹੈ।
ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਤਾਂ ਇਕ ਨੌਜਵਾਨ ਲੜਖੜਾਉਂਦਾ ਮਿਲਿਆ, ਜਿਸਨੇ ਆਪਣੀ ਪਛਾਣ ਪੁਨੀਤ ਸਿੰਘ ਵਾਸੀ ਸਥਾਨਕ ਸੁਖੀਆਬਾਦ ਵਜੋਂ ਦੱਸੀ। ਪੁਲਿਸ ਨੇ ਉਸਦਾ ਸਿਵਲ ਹਸਪਤਾਲ ਵਿੱਚ ਡੋਪ ਟੈਸਟ ਕਰਵਾਇਆ, ਜੋ ਪਾਜ਼ੀਟਿਵ ਆਇਆ। ਇਸ ਉਪਰੰਤ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਪਾਵਰ ਕਲੋਨੀ ਦੀ ਬੈਕ ਸਾਈਡ ਤੇ ਨਸ਼ੇ ਦੀ ਹਾਲਤ ‘ਚ ਮਿਲੇ ਨੌਜਵਾਨ ਖ਼ਿਲਾਫ਼ ਕੇਸ
ਇੱਕ ਹੋਰ ਮਾਮਲੇ ਵਿੱਚ ਥਾਣਾ ਹਾਜੀਪੁਰ ਦੀ ਪੁਲਿਸ ਨੇ ਨਸ਼ੇ ਦੀ ਹਾਲਤ ਵਿੱਚ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ, ਏ.ਐਸ.ਆਈ. ਰਵਿੰਦਰ ਸਿੰਘ ਸਮੇਤ ਪੁਲਿਸ ਫੋਰਸ ਟੀ-ਪੁਆਇੰਟ ਹਾਜੀਪੁਰ ਵਿਖੇ ਨਾਕਾਬੰਦੀ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸੇ ਦੌਰਾਨ ਇੱਕ ਗੁਪਤ ਮੁਖ਼ਬਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਪਾਵਰ ਕਲੋਨੀ ਦੀ ਬੈਕ ਸਾਈਡ ਇੱਕ ਵਿਅਕਤੀ ਬਹੁਤ ਜ਼ਿਆਦਾ ਨਸ਼ੇ ਵਿੱਚ ਹੈ ਅਤੇ ਸੜਕ 'ਤੇ ਲੜਖੜਾ ਕੇ ਤੁਰ ਰਿਹਾ ਹੈ।
ਏ.ਐਸ.ਆਈ. ਰਵਿੰਦਰ ਸਿੰਘ ਨੇ ਬਿਨਾਂ ਸਮਾਂ ਗਵਾਏ ਸਾਥੀ ਮੁਲਾਜ਼ਮਾਂ ਨੂੰ ਨਾਲ ਲਿਆ ਅਤੇ ਦੱਸੀ ਹੋਈ ਜਗ੍ਹਾ 'ਤੇ ਰੇਡ ਕੀਤੀ। ਉੱਥੇ ਇੱਕ ਲੜਕਾ ਨਸ਼ੇ ਦੀ ਹਾਲਤ ਵਿੱਚ ਬੈਠਾ ਹੋਇਆ ਮਿਲਿਆ। ਪੁਲਿਸ ਨੇ ਜਦੋਂ ਉਸ ਤੋਂ ਉਸ ਦੀ ਨਾਮ-ਪਤਾ ਪੁੱਛਿਆ ਤਾਂ ਉਸ ਨੇ ਆਪਣੀ ਪਛਾਣ ਹਰਸ਼ ਠਾਕੁਰ ਵਾਸੀ ਪਿੰਡ ਬਹਿ ਲੱਖਣ ਵਜੋਂ ਦੱਸੀ। ਉਸਦਾ ਡੋਪ ਟੈਸਟ ਕਰਵਾਇਆ ਗਿਆ, ਜੋ ਪਾਜ਼ੀਟਿਵ ਆਉਣ ‘ਤੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।