ਹੁਸ਼ਿਆਰਪੁਰ ਪੁਲਿਸ ਦੀ ਨਸ਼ਾ ਤਸਕਰਾਂ ’ਤੇ ਵੱਡੀ ਕਾਰਵਾਈ: ਵੱਖ-ਵੱਖ ਥਾਵਾਂ ਤੋਂ 7 ਕਾਬੂ
ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਮੌਕੇ ’ਤੇ ਨਸ਼ਾ ਕਰਦਿਆਂ ਅਤੇ ਡੋਪ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਐੱਨ.ਡੀ.ਪੀ.ਐੱਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਹੈ।
Publish Date: Thu, 07 May 2026 11:40 AM (IST)
Updated Date: Thu, 07 May 2026 11:45 AM (IST)
ਪੰਜਾਬੀ ਜਾਗਰਣ ਰਿਪੋਰਟਰ, ਹੁਸ਼ਿਆਰਪੁਰ। ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਮੌਕੇ ’ਤੇ ਨਸ਼ਾ ਕਰਦਿਆਂ ਅਤੇ ਡੋਪ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਐੱਨ.ਡੀ.ਪੀ.ਐੱਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਹੈ।
ਨਸ਼ੇ ਦੇ ਧੂੰਏਂ ਦੇ ਗੁਬਾਰ ’ਚ ਘਿਰਿਆ ਮੁਲਜ਼ਮ ਪੁਲਿਸ ਚੜ੍ਹਿਆ ਹੱਥ
ਮੁਕੇਰੀਆਂ ਪੁਲਿਸ ਨੇ ਇੱਕ ਨੌਜਵਾਨ ਨੂੰ ਉਸਾਰੀ ਅਧੀਨ ਇਮਾਰਤ ਕੋਲੋਂ ਨਸ਼ਾ ਕਰਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਏ.ਐੱਸ.ਆਈ. ਪਵਨ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਜਦੋਂ ਇੱਕ ਮਾਰਬਲ ਦੀ ਦੁਕਾਨ ਨੇੜੇ ਗਸ਼ਤ ਕਰ ਰਹੀ ਸੀ, ਤਾਂ ਉਨ੍ਹਾਂ ਨੇ ਸੜਕ ਕਿਨਾਰੇ ਬੈਠੇ ਇੱਕ ਵਿਅਕਤੀ ਨੂੰ ਕਥਿਤ ਤੌਰ ’ਤੇ ਸਿਲਵਰ ਫੋਇਲ (ਪੰਨੀ) ਹੇਠਾਂ ਲਾਈਟਰ ਨਾਲ ਅੱਗ ਬਾਲ ਕੇ ਅਤੇ 10 ਰੁਪਏ ਦੇ ਨੋਟ ਨੂੰ ਪਾਈਪ ਵਾਂਗ ਵਰਤ ਕੇ ਨਸ਼ੀਲੇ ਪਦਾਰਥ ਦਾ ਧੂੰਆਂ ਅੰਦਰ ਖਿੱਚਦੇ ਹੋਏ ਦੇਖਿਆ।
ਪੁਲਿਸ ਨੂੰ ਦੇਖ ਕੇ ਮੁਲਜ਼ਮ ਨੇ ਸਮੱਗਰੀ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਦਬੋਚ ਲਿਆ। ਫੜੇ ਗਏ ਵਿਅਕਤੀ ਦੀ ਪਛਾਣ ਹਰੀਸ਼ ਪੁੱਤਰ ਚਾਂਦ ਕਿਸ਼ੋਰ, ਵਾਸੀ ਮੁਕੇਰੀਆਂ ਵਜੋਂ ਹੋਈ ਹੈ। ਪੁਲਿਸ ਨੇ ਮੌਕੇ ਤੋਂ ਲਾਈਟਰ, ਸਿਲਵਰ ਵਰਕ ਦੀ ਬਣੀ ਪੰਨੀ ਜਿਸ ਅਤੇ ਨਸ਼ੀਲਾ ਪਦਾਰਥ ਲੱਗਾ ਹੋਇਆ ਅਤੇ 10 ਰੁਪਏ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ ਹਨ।
ਝਾੜੀਆਂ ਦੀ ਓਟ ’ਚ ਨਸ਼ਾ ਕਰ ਰਹੇ ਦੋ ਨੌਜਵਾਨ ਕਾਬੂ
ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਵੀ ਦੋ ਨੌਜਵਾਨਾਂ ਨੂੰ ਨਸ਼ਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਏ.ਐੱਸ.ਆਈ. ਰਾਮ ਮੂਰਤੀ ਦੀ ਟੀਮ ਜਦੋਂ ਬਸੀ ਜਾਨਾਂ ਨੇੜੇ ਕੱਚੇ ਰਸਤੇ ’ਤੇ ਚੈਕਿੰਗ ਕਰ ਰਹੀ ਸੀ ਤਾਂ ਝਾੜੀਆਂ ਪਿੱਛੇ ਦੋ ਨੌਜਵਾਨ ਨਸ਼ਾ ਕਰਦੇ ਦਿਖਾਈ ਦਿੱਤੇ। ਦੋਵੇਂ ਨੌਜਵਾਨ ਕਥਿਤ ਤੌਰ ’ਤੇ ਵਾਰੋ-ਵਾਰੀ ਸਿਲਵਰ ਫੋਇਲ ਤੋਂ ਉੱਠ ਰਹੇ ਨਸ਼ੀਲੇ ਧੂੰਏਂ ਨੂੰ ਮੂੰਹ ਰਾਹੀਂ ਖਿੱਚ ਰਹੇ ਸਨ।
ਪੁਲਿਸ ਨੇ ਮੌਕੇ ਤੋਂ ਦੋਵੇਂ ਨੌਜਵਾਨਾਂ ਜਿਨ੍ਹਾਂ ਦੀ ਪਛਾਣ ਮਨੀਸ਼ ਕੁਮਾਰ ਵਾਸੀ ਪਿੰਡ ਬਡਿਆਲ ਅਤੇ ਮਨਜਿੰਦਰ ਸਿੰਘ ਉਰਫ ਬੰਟੀ ਵਾਸੀ ਪਿੰਡ ਧਿਗਾਣਗੜ੍ਹ ਵਜੋਂ ਹੋਈ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਜ਼ਮੀਨ ’ਤੇ ਸਿਲਵਰ ਵਰਕ ਦੀ ਸੁੱਟੀ ਹੋਈ ਕਾਲੀ ਪੰਨੀ, 10 ਰੁਪਏ ਦਾ ਰੋਲ ਕੀਤਾ ਹੋਇਆ ਨੋਟ ਅਤੇ ਲਾਈਟਰ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਡੋਪ ਟੈਸਟ ’ਚ ਨਸ਼ੇ ਦੀ ਹੋਈ ਪੁਸ਼ਟੀ, 4 ਕਾਬੂ
ਥਾਣਾ ਮੇਹਟੀਆਣਾ ਦੀ ਪੁਲਿਸ ਨੇ ਦੋ ਵੱਖ-ਵੱਖ ਕਾਰਵਾਈਆਂ ਦੌਰਾਨ 4 ਵਿਅਕਤੀਆਂ ਨੂੰ ਨਸ਼ੇ ਦੀ ਹਾਲਤ ਵਿੱਚ ਘੁੰਮਦੇ ਹੋਏ ਕਾਬੂ ਕੀਤਾ ਹੈ।
ਪੁਲਿਸ ਮੁਤਾਬਕ ਏ.ਐੱਸ.ਆਈ. ਜੋਗਿੰਦਰ ਸਿੰਘ ਨੇ ਮੁਖ਼ਬਰ ਦੀ ਇਤਲਾਹ ’ਤੇ ਗੁਰਵਿੰਦਰ ਸਿੰਘ ਉਰਫ ਕਾਲੀ ਅਤੇ ਭੁਪਿੰਦਰ ਸਿੰਘ ਉਰਫ ਭਿੰਦਾ (ਦੋਵੇਂ ਵਾਸੀ ਤਨੂੰਲੀ) ਨੂੰ ਪਿੰਡ ਤਨੂੰਲੀ ਤੋਂ ਕਾਬੂ ਕੀਤਾ। ਪੁਲਿਸ ਨੇ ਦੱਸਿਆ ਕਿ ਇਹ ਦੋਵੇਂ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿੱਚ ਘੁੰਮ ਰਹੇ ਸਨ। ਸਿਵਲ ਹਸਪਤਾਲ ਵਿੱਚ ਕਰਵਾਇਆ ਗਿਆ ਇਨ੍ਹਾਂ ਦਾ ਡੋਪ ਟੈਸਟ ਪਾਜ਼ੀਟਿਵ ਆਇਆ ਹੈ।
ਇੱਕ ਹੋਰ ਮਾਮਲੇ ਵਿੱਚ ਏ.ਐੱਸ.ਆਈ. ਕਰਨੈਲ ਸਿੰਘ ਨੇ ਸੁਰਜੀਤ ਸਿੰਘ ਉਰਫ ਹੱਡੀ ਅਤੇ ਸੁਖਦੇਵ ਸਿੰਘ (ਦੋਵੇਂ ਵਾਸੀ ਪਿੰਡ ਹਾਰਟਾ) ਨੂੰ ਬਡਲਾ ਚੋਅ ਦੇ ਬੰਨ੍ਹ ਤੋਂ ਗ੍ਰਿਫ਼ਤਾਰ ਕੀਤਾ। ਇਹ ਦੋਵੇਂ ਵੀ ਕਥਿਤ ਤੌਰ ’ਤੇ ਨਸ਼ੇ ਦੇ ਪ੍ਰਭਾਵ ਹੇਠ ਸਨ। ਡਾਕਟਰੀ ਜਾਂਚ ਦੌਰਾਨ ਇਨ੍ਹਾਂ ਦੇ ਨਸ਼ਾ ਕਰਨ ਦੀ ਪੁਸ਼ਟੀ ਹੋਣ ਤੋਂ ਬਾਅਦ ਪੁਲਿਸ ਨੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ।