ਨਸ਼ਾ ਤਸਕਰਾਂ 'ਤੇ ਹੁਸ਼ਿਆਰਪੁਰ ਪੁਲਿਸ ਦਾ ਸ਼ਿਕੰਜਾ: 6 ਮੁਲਜ਼ਮ ਕਾਬੂ, ਵੱਡੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਤੇ ਪਾਊਡਰ ਬਰਾਮਦ
ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਨਸ਼ਾ ਕਰਨ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ, ਪਾਊਡਰ ਅਤੇ ਨਸ਼ਾ ਕਰਨ ਲਈ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਕੀਤਾ ਹੈ।
Publish Date: Fri, 08 May 2026 12:12 PM (IST)
Updated Date: Fri, 08 May 2026 12:15 PM (IST)
ਪੰਜਾਬੀ ਜਾਗਰਣ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਨਸ਼ਾ ਕਰਨ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ, ਪਾਊਡਰ ਅਤੇ ਨਸ਼ਾ ਕਰਨ ਲਈ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਕੀਤਾ ਹੈ।
ਪੁਲਿਸ ਨੂੰ ਦੇਖ ਕੇ ਭੱਜ ਰਹੇ ਤਿੰਨ ਨੌਜਵਾਨਾਂ ਨੂੰ ਵੀਡੀਓ ਕਾਲੋਨੀ ਨੇੜੇ ਦਬੋਚਿਆ
ਮਾਹਿਲਪੁਰ ਪੁਲਿਸ ਨੇ ਗਸ਼ਤ ਦੌਰਾਨ ਤਿੰਨ ਨੌਜਵਾਨਾਂ ਨੂੰ ਸ਼ੱਕੀ ਹਾਲਾਤ ਵਿੱਚ ਕਾਬੂ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਏ.ਐੱਸ.ਆਈ. ਸਤਨਾਮ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਹਰਬੰਸ ਗੇਟ ਤੋਂ ਵੀਡੀਓ ਕਾਲੋਨੀ ਹੁੰਦੇ ਹੋਏ ਪਿੰਡ ਬਘੋਰੇ ਵੱਲ ਜਾ ਰਹੀ ਸੀ। ਇਸ ਦੌਰਾਨ ਵੀਡੀਓ ਕਾਲੋਨੀ ਦੇ ਨੇੜੇ ਖੜ੍ਹੇ ਤਿੰਨ ਨੌਜਵਾਨ ਪੁਲਿਸ ਦੀ ਗੱਡੀ ਦੇਖ ਕੇ ਘਬਰਾ ਗਏ ਅਤੇ ਦੌੜਨ ਦੀ ਕੋਸ਼ਿਸ਼ ਕਰਨ ਲੱਗੇ।
ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਤਿੰਨਾਂ ਨੂੰ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਨਵਦੀਪ ਸਿੰਘ ਉਰਫ ਨਵ ਤੇ ਪ੍ਰੇਮ ਕੁਮਾਰ ਉਰਫ ਮੰਗਾ, ਦੋਵੇਂ ਵਾਸੀ ਪਿੰਡ ਸੈਲਾ ਖੁਰਦ ਅਤੇ ਸੁਭਮ ਵਾਸੀ ਟਾਹਲੀਵਾਲ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ ਲਾਇਆ ਕਿ ਤਲਾਸ਼ੀ ਦੌਰਾਨ ਨਵਦੀਪ ਦੀ ਜੇਬ ਵਿੱਚੋਂ ਕਥਿਤ ਤੌਰ ’ਤੇ 98 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਦੂਜੇ ਪਾਸੇ ਪ੍ਰੇਮ ਕੁਮਾਰ ਅਤੇ ਸੁਭਮ ਕੋਲੋਂ ਕਥਿਤ ਤੌਰ ’ਤੇ ਨਸ਼ੇ ਦੇ ਸੇਵਨ ਲਈ ਵਰਤੀ ਜਾਂਦੀ ਸਿਲਵਰ ਪੰਨੀ, ਲਾਈਟਰ ਅਤੇ ਰੋਲ ਕੀਤਾ ਹੋਇਆ 50 ਰੁਪਏ ਦਾ ਨੋਟ ਬਰਾਮਦ ਹੋਇਆ ਹੈ।
116 ਗ੍ਰਾਮ ਨਸ਼ੀਲੇ ਪਾਊਡਰ ਸਣੇ ਇੱਕ ਗ੍ਰਿਫਤਾਰ
ਇੱਕ ਹੋਰ ਕਾਰਵਾਈ ਵਿੱਚ ਗੜ੍ਹਸ਼ੰਕਰ ਪੁਲਿਸ ਨੇ ਇੱਕ ਵਿਅਕਤੀ ਨੂੰ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਐੱਸ.ਆਈ. ਪਰਮਜੀਤ ਸਿੰਘ ਦੀ ਟੀਮ ਪਿੰਡ ਡੇਰੋ ਨੇੜੇ ਨਹਿਰ ਦੇ ਸੂਏ ਕੋਲ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸ਼ੰਮੀ ਕਪੂਰ ਉਰਫ ਦੀਪਾ ਵਾਸੀ ਪਿੰਡ ਅਲੀਪੁਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਪੁਲਿਸ ਨੇ ਦੋਸ਼ ਲਾਇਆ ਕਿ ਜਦੋਂ ਉਸ ਦੀ ਚੈਕਿੰਗ ਕੀਤੀ ਗਈ ਤਾਂ ਉਸ ਕੋਲੋਂ ਕਥਿਤ ਤੌਰ ’ਤੇ 116 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ।
ਝਾੜੀਆਂ ਵਿੱਚ ਬੈਠ ਕੇ ਨਸ਼ਾ ਕਰਦਾ ਵਿਅਕਤੀ ਰੰਗੇ ਹੱਥੀਂ ਕਾਬੂ
ਥਾਣਾ ਬੁਲੋਵਾਲ ਦੀ ਪੁਲਿਸ ਨੇ ਨਸ਼ੇ ਦਾ ਸੇਵਨ ਕਰ ਰਹੇ ਇੱਕ ਵਿਅਕਤੀ ਨੂੰ ਮੌਕੇ 'ਤੇ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਏ.ਐੱਸ.ਆਈ. ਨਰਿੰਦਰ ਸਿੰਘ ਦੀ ਟੀਮ ਜਦੋਂ ਫੱਤੋਵਾਲ ਦੇ ਚੋਅ ਨੇੜੇ ਪਹੁੰਚੀ ਤਾਂ ਉਨ੍ਹਾਂ ਨੇ ਦੇਖਿਆ ਕਿ ਦਰੱਖਤਾਂ ਦੀ ਓਟ ਵਿੱਚ ਬੈਠਾ ਇੱਕ ਵਿਅਕਤੀ ਕਥਿਤ ਤੌਰ ’ਤੇ ਸਿਲਵਰ ਪੇਪਰ ਅਤੇ ਲਾਈਟਰ ਦੀ ਮਦਦ ਨਾਲ ਨਸ਼ੇ ਦਾ ਧੂੰਆਂ ਖਿੱਚ ਰਿਹਾ ਸੀ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਜਿਸ ਦੀ ਪਛਾਣ ਅਮਿਤ ਕੁਮਾਰ ਵਾਸੀ ਬੁਲੋਵਾਲ ਵਜੋਂ ਹੋਈ। ਪੁਲਿਸ ਨੇ ਦੋਸ਼ ਲਾਇਆ ਕਿ ਮੁਲਜ਼ਮ ਕੋਲੋਂ ਇੱਕ ਸਿਲਵਰ ਪੇਪਰ (ਐਲੂਮੀਨੀਅਮ ਫੁਆਇਲ), ਲਾਈਟਰ ਅਤੇ ਨਸ਼ੇ ਲਈ ਵਰਤਿਆ 10 ਰੁਪਏ ਦਾ ਰੋਲ ਕੀਤਾ ਹੋਇਆ ਨੋਟ ਮਿਲਿਆ ਹੈ।
ਸੜਕ ਕਿਨਾਰੇ ਨਸ਼ੇ ਦੀ ਲੋਰ ਵਿੱਚ ਬੈਠਾ ਗ੍ਰਿਫਤਾਰ
ਮੁਕੇਰੀਆਂ ਪੁਲਿਸ ਨੇ ਭੰਗਾਲਾ ਤੋਂ ਮਾਨਸਰ ਰੋਡ 'ਤੇ ਕਾਰਵਾਈ ਕਰਦਿਆਂ ਸੁਲਿੰਦਰ ਮਸੀਹ ਵਾਸੀ ਜੰਡਵਾਲ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਏ.ਐਸ.ਆਈ. ਦਿਲਦਾਰ ਸਿੰਘ ਦੀ ਟੀਮ ਨੇ ਦੇਖਿਆ ਕਿ ਸੁਲਿੰਦਰ ਮਸੀਹ ਝਾੜੀਆਂ ਵਿੱਚ ਬੈਠ ਕੇ ਸਿਲਵਰ ਪੰਨੀ ਰਾਹੀਂ ਕਥਿਤ ਤੌਰ ’ਤੇ ਨਸ਼ੇ ਦਾ ਸੇਵਨ ਕਰ ਰਿਹਾ ਸੀ।
ਪੁਲਿਸ ਨੂੰ ਦੇਖ ਕੇ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਨਸ਼ੀਲਾ ਸਾਮਾਨ ਲਿਫਾਫੇ ਵਿੱਚ ਪਾ ਕੇ ਸੁੱਟ ਦਿੱਤਾ। ਪੁਲਿਸ ਨੇ ਦੋਸ਼ ਲਾਇਆ ਕਿ ਸੁੱਟੇ ਗਏ ਲਿਫਾਫੇ ਵਿੱਚੋਂ ਨਸ਼ੀਲਾ ਪਦਾਰਥ ਲੱਗੀ ਸਿਲਵਰ ਪੰਨੀ, ਲਾਈਟਰ ਅਤੇ 10 ਰੁਪਏ ਦਾ ਨੋਟ ਬਰਾਮਦ ਹੋਇਆ ਹੈ।
ਪੁਲਿਸ ਵੱਲੋਂ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਐੱਨ.ਡੀ.ਪੀ.ਐੱਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।