ਮਿਊਂਸੀਪਲ ਐਕਸ਼ਨ ਕਮੇਟੀ ਪੰਜਾਬ ਅਤੇ ਸਫਾਈ ਸੇਵਕ ਸੰਘ ਪੰਜਾਬ ਦੇ ਸੱਦੇ ’ਤੇ ਨਗਰ ਨਿਗਮ ਹੁਸ਼ਿਆਰਪੁਰ ਦੀਆਂ ਵੱਖ-ਵੱਖ ਯੂਨੀਅਨਾਂ ਵੱਲੋਂ ਕੀਤੀ ਜਾ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਮੰਗਲਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੀ।
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮਿਊਂਸੀਪਲ ਐਕਸ਼ਨ ਕਮੇਟੀ ਪੰਜਾਬ ਅਤੇ ਸਫਾਈ ਸੇਵਕ ਸੰਘ ਪੰਜਾਬ ਦੇ ਸੱਦੇ ’ਤੇ ਨਗਰ ਨਿਗਮ ਹੁਸ਼ਿਆਰਪੁਰ ਦੀਆਂ ਵੱਖ-ਵੱਖ ਯੂਨੀਅਨਾਂ ਵੱਲੋਂ ਕੀਤੀ ਜਾ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਮੰਗਲਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੀ। ਸਫਾਈ, ਸੀਵਰਮੈਨ, ਟਿਊਬਵੈੱਲ ਅਤੇ ਫਾਇਰਮੈਨ ਯੂਨੀਅਨਾਂ ਨਾਲ ਸਬੰਧਤ ਕਰਮਚਾਰੀਆਂ ਨੇ ਨਗਰ ਨਿਗਮ ਦਫ਼ਤਰ ਦੇ ਮੁੱਖ ਗੇਟ ਅੱਗੇ ਇਕੱਠੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ‘ਪਿੱਟ ਸਿਆਪਾ’ ਕਰਕੇ ਆਪਣਾ ਰੋਸ ਪ੍ਰਗਟਾਇਆ।
ਹੜਤਾਲ ਦੇ ਦੂਜੇ ਦਿਨ ਹੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ। ਖਾਸ ਕਰਕੇ ਸਥਾਨਕ ਮੁਹੱਲਾ ਕੱਚਾ ਟੋੱਬਾ ਸਮੇਤ ਕਈ ਇਲਾਕਿਆਂ ਵਿੱਚ ਸਫਾਈ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਨਿੱਜੀ ਕਾਰਨਾਂ ਕਰਕੇ ਹੁਸ਼ਿਆਰਪੁਰ ਵਿੱਚ ਦੇਰੀ ਨਾਲ ਸ਼ੁਰੂ ਹੋਈ ਹੜਤਾਲ : ਆਦੀਆ
ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕਰਨਜੋਤ ਆਦੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਭਰ ਵਿੱਚ ਮੁਨਿਸਪਲ ਕਾਮਿਆਂ ਦੀ ਹੜਤਾਲ 6 ਮਈ ਤੋਂ ਸ਼ੁਰੂ ਹੋ ਗਈ ਸੀ, ਪਰ ਹੁਸ਼ਿਆਰਪੁਰ ਵਿੱਚ ਕੁਝ ਨਿੱਜੀ ਕਾਰਨਾਂ ਅਤੇ ਹੋਰਨਾਂ ਨਗਰ ਨਿਗਮਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਇਹ ਸੰਘਰਸ਼ 11 ਮਈ ਤੋਂ ਸ਼ੁਰੂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਅੱਜ ਹੜਤਾਲ ਦਾ ਦੂਜਾ ਦਿਨ ਹੈ ਅਤੇ ਮੁਲਾਜ਼ਮਾਂ ਵਿੱਚ ਪੰਜਾਬ ਸਰਕਾਰ ਦੀਆਂ “ਮੁਲਾਜ਼ਮ ਮਾਰੂ ਨੀਤੀਆਂ” ਖ਼ਿਲਾਫ਼ ਭਾਰੀ ਰੋਸ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਡਿੱਠਾ ਕਰ ਰਹੀ ਹੈ, ਜਿਸ ਕਾਰਨ ਕਰਮਚਾਰੀਆਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਿਆ।
“ਹੱਕ ਲੈ ਕੇ ਹੀ ਹੜਤਾਲ ਖਤਮ ਕਰਾਂਗੇ”
ਕਰਨਜੋਤ ਆਦੀਆ ਨੇ ਕਿਹਾ ਕਿ ਇਸ ਵਾਰ ਮੁਲਾਜ਼ਮ ਆਪਣੇ ਹੱਕ ਲੈ ਕੇ ਹੀ ਹੜਤਾਲ ਖਤਮ ਕਰਨਗੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਹਰ ਮੁਲਾਜ਼ਮ, ਚਾਹੇ ਉਹ ਕਿਸੇ ਵੀ ਬਰਾਂਚ ਜਾਂ ਕੈਟਾਗਰੀ ਨਾਲ ਸਬੰਧਤ ਹੋਵੇ, ਇਸ ਸਾਂਝੀ ਲੜਾਈ ਦਾ ਹਿੱਸਾ ਹੈ।
ਉਨ੍ਹਾਂ ਦੱਸਿਆ ਕਿ ਟਿਊਬਵੈੱਲ ਆਪਰੇਟਰਾਂ ਤੋਂ ਲੈ ਕੇ ਮਾਲੀਆਂ ਅਤੇ ਹੋਰ ਸ਼ਾਖਾਵਾਂ ਦੇ ਕਰਮਚਾਰੀ ਵੀ ਇਸ ਸੰਘਰਸ਼ ਵਿੱਚ ਸ਼ਾਮਲ ਹਨ। ਇਸ ਦੇ ਨਾਲ ਹੀ ਨਗਰ ਨਿਗਮ ਦਾ ਸਮੁੱਚਾ ਆਊਟਸੋਰਸ ਸਟਾਫ ਵੀ ਹੜਤਾਲ ਨੂੰ ਪੂਰਨ ਸਮਰਥਨ ਦੇ ਰਿਹਾ ਹੈ।
ਮੁਲਾਜ਼ਮਾਂ ਦੀਆਂ ਮੁੱਖ ਮੰਗਾਂ
ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਕੰਟਰੈਕਟ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਅਤੇ “ਸੇਮ ਵਰਕ, ਸੇਮ ਪੇ” ਦੀ ਨੀਤੀ ਲਾਗੂ ਕੀਤੀ ਜਾਵੇ। ਇਸ ਦੇ ਨਾਲ ਹੀ ਘੱਟੋ-ਘੱਟ ਤਨਖਾਹ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ, ਪੁਰਾਣੀ ਪੈਨਸ਼ਨ ਸਕੀਮ ਮੁੜ ਲਾਗੂ ਕਰਨ, ਡੀ.ਏ. ਅਤੇ ਏਰੀਅਰ ਦੀ ਅਦਾਇਗੀ ਕਰਨ ਅਤੇ ਖਾਲੀ ਅਸਾਮੀਆਂ ’ਤੇ ਪੱਕੀ ਭਰਤੀ ਕਰਨ ਦੀ ਮੰਗ ਵੀ ਕੀਤੀ ਗਈ।
ਆਗੂਆਂ ਨੇ ਕਿਹਾ ਕਿ ਕਈ ਕਰਮਚਾਰੀ 20 ਤੋਂ 25 ਸਾਲਾਂ ਤੋਂ ਨਿਗਮ ਵਿੱਚ ਸੇਵਾਵਾਂ ਦੇ ਰਹੇ ਹਨ, ਪਰ ਅਜੇ ਤੱਕ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਆਊਟਸੋਰਸ ਮੁਲਾਜ਼ਮਾਂ ਤੋਂ ਘੱਟ ਤਨਖਾਹ ’ਤੇ ਵੱਧ ਕੰਮ ਲਿਆ ਜਾ ਰਿਹਾ ਹੈ।
ਸ਼ਹਿਰ ਵਿੱਚ ਸਫਾਈ ਵਿਵਸਥਾ ਡਾਵਾਂਡੋਲ
ਹੜਤਾਲ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਡਾਵਾਂਡੋਲ ਹੋਣੀ ਸ਼ੁਰੂ ਹੋ ਗਈ ਹੈ। ਕਈ ਥਾਵਾਂ ’ਤੇ ਕੂੜਾ ਇਕੱਠਾ ਹੋਣ ਕਾਰਨ ਲੋਕਾਂ ਨੇ ਚਿੰਤਾ ਜਤਾਈ ਹੈ। ਖਾਸ ਤੌਰ ’ਤੇ ਮੁਹੱਲਾ ਕੱਚਾ ਟੋੱਬਾ ਵਿੱਚ ਗੰਦਗੀ ਦੇ ਵੱਡੇ ਢੇਰ ਲੱਗਣ ਕਾਰਨ ਰਾਹਗੀਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਆਦੀਆ ਨੇ ਮੰਨਿਆ ਕਿ ਹੜਤਾਲ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ, ਪਰ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਹੱਕਾਂ ਦੀ ਲੜਾਈ ਹੈ ਅਤੇ ਸਰਕਾਰ ਦੀਆਂ ਨੀਤੀਆਂ ਕਾਰਨ ਉਹ ਮਜਬੂਰ ਹਨ।
ਮੰਗਾਂ ਨਾ ਮੰਨਣ ਤੱਕ ਸੰਘਰਸ਼ ਜਾਰੀ ਰਹੇਗਾ
ਇਸ ਮੌਕੇ ਹੋਰਨਾਂ ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮੁਲਾਜ਼ਮ ਇਸ ਵਾਰ ਆਰ-ਪਾਰ ਦੀ ਲੜਾਈ ਦੇ ਰੌਂਅ ਵਿੱਚ ਹਨ ਅਤੇ ਆਪਣੇ ਹੱਕ ਲਏ ਬਿਨਾਂ ਹੜਤਾਲ ਖ਼ਤਮ ਨਹੀਂ ਕਰਨਗੇ।
ਇਸ ਦੌਰਾਨ “ਮੁਲਾਜ਼ਮ ਏਕਤਾ ਜ਼ਿੰਦਾਬਾਦ”, “ਪੰਜਾਬ ਸਰਕਾਰ ਹਾਏ-ਹਾਏ” ਅਤੇ “ਪੰਜਾਬ ਸਰਕਾਰ ਮੁਰਦਾਬਾਦ” ਦੇ ਨਾਅਰਿਆਂ ਨਾਲ ਨਗਰ ਨਿਗਮ ਕੰਪਲੈਕਸ ਗੂੰਜਦਾ ਰਿਹਾ।