ਹੁਸ਼ਿਆਰਪੁਰ ਵਿੱਚ ਸਿਵਲ ਹਸਪਤਾਲ ਦੇ ਬਾਹਰ ਪੁਲਿਸ ਹਿਰਾਸਤ ਦੌਰਾਨ ਵਾਪਰੀ ਘਟਨਾ ਦੀ ਸੀਸੀਟੀਵੀ ਵੀਡੀਓ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਵੀਡੀਓ ਵਿੱਚ ਹੱਥਕੜੀ ਲਗੇ ਕੈਦੀ ਅਤੇ ਪੁਲਿਸ ਮੁਲਾਜ਼ਿਮ ਵਿਚਾਲੇ ਹੋਈ ਜਬਰਦਸਤ ਝੜਪ ਸਾਫ਼ ਦਿਖਾਈ ਦੇ ਰਹੀ ਹੈ, ਜਿਸ ਵਿੱਚ ਕੈਦੀ ਲਗਾਤਾਰ ਪੁਲਿਸ ਮੁਲਾਜ਼ਿਮ ‘ਤੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ।
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਵਿੱਚ ਸਿਵਲ ਹਸਪਤਾਲ ਦੇ ਬਾਹਰ ਪੁਲਿਸ ਹਿਰਾਸਤ ਦੌਰਾਨ ਵਾਪਰੀ ਘਟਨਾ ਦੀ ਸੀਸੀਟੀਵੀ ਵੀਡੀਓ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਵੀਡੀਓ ਵਿੱਚ ਹੱਥਕੜੀ ਲਗੇ ਕੈਦੀ ਅਤੇ ਪੁਲਿਸ ਮੁਲਾਜ਼ਿਮ ਵਿਚਾਲੇ ਹੋਈ ਜਬਰਦਸਤ ਝੜਪ ਸਾਫ਼ ਦਿਖਾਈ ਦੇ ਰਹੀ ਹੈ, ਜਿਸ ਵਿੱਚ ਕੈਦੀ ਲਗਾਤਾਰ ਪੁਲਿਸ ਮੁਲਾਜ਼ਿਮ ‘ਤੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ।
ਵੀਡੀਓ ਮੁਤਾਬਕ, ਦੋਵਾਂ ਵਿਚਾਲੇ ਕਾਫ਼ੀ ਸਮੇਂ ਤੱਕ ਧੱਕਮੁੱਕੀ ਅਤੇ ਜਦੋਜਹਦ ਚੱਲਦੀ ਰਹੀ। ਇਸ ਦੌਰਾਨ ਪੁਲਿਸ ਮੁਲਾਜ਼ਿਮ ਆਪਣੇ ਬਚਾਅ ਲਈ ਸੰਘਰਸ਼ ਕਰਦਾ ਦਿਖਾਈ ਦਿੰਦਾ ਹੈ। ਆਖ਼ਿਰਕਾਰ, ਹਾਲਾਤ ਕਾਬੂ ਤੋਂ ਬਾਹਰ ਹੋਣ ‘ਤੇ ਮੁਲਾਜ਼ਿਮ ਵੱਲੋਂ ਆਪਣੇ ਬਚਾਅ ਵਿੱਚ ਗੋਲੀ ਚਲਾਈ ਗਈ, ਜੋ ਕੈਦੀ ਨੂੰ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਸਿਵਲ ਹਸਪਤਾਲ ਦੇ ਬਾਹਰ ਪੁਲਿਸ ਹਿਰਾਸਤ ਵਿੱਚੋਂ ਕਥਿਤ ਤੌਰ ‘ਤੇ ਭੱਜਣ ਦੀ ਕੋਸ਼ਿਸ਼ ਦੌਰਾਨ ਇੱਕ ਹੱਥਕੜੀ ਲਗੇ ਕੈਦੀ ਨਸੀਬ ਸਿੰਘ (ਵਾਸੀ ਪਿੰਡ ਕੋਟਲਾ ਗੋਂਸਪੁਰ, ਜ਼ਿਲ੍ਹਾ ਹੁਸ਼ਿਆਰਪੁਰ, ਹਾਲ ਵਾਸੀ ਨੂਰ ਵਾਲਾ ਰੋਡ, ਦਸਮੇਸਪੁਰ ਕਲੋਨੀ ਜੋਧੇਵਾਲ, ਜਿਲ੍ਹਾ ਲੁਧਿਆਣਾ) ਨੇ ਸੀਨੀਅਰ ਕਾਂਸਟੇਬਲ ਜਸਦੀਪ ਸਿੰਘ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਸੀ। ਪੁਲਿਸ ਦੇ ਮੁਤਾਬਕ, ਕੈਦੀ ਨੇ ਨਾ ਸਿਰਫ਼ ਹਮਲਾ ਕੀਤਾ, ਸਗੋਂ ਸਰਵਿਸ ਰਿਵਾਲਵਰ ਖੋਹਣ ਦੀ ਵੀ ਕੋਸ਼ਿਸ਼ ਕੀਤੀ।
ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਸੀ ਕਿ ਨਸੀਬ ਸਿੰਘ ਨੂੰ ਸੈਂਟਰਲ ਜੇਲ੍ਹ ਤੋਂ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਕੈਦੀ ਨੂੰ ਰੋਕਣ ਲਈ ਪਹਿਲਾਂ ਚੇਤਾਵਨੀ ਵਜੋਂ ਗੋਲੀ ਚਲਾਈ ਗਈ, ਪਰ ਜਦੋਂ ਉਹ ਨਾ ਰੁਕਿਆ ਅਤੇ ਝੜਪ ਜਾਰੀ ਰਹੀ, ਤਾਂ ਆਪਣੇ ਬਚਾਅ ਵਿੱਚ ਹੋਰ ਗੋਲੀਆਂ ਚਲਾਉਣੀਆਂ ਪਈਆਂ, ਜਿਸ ਨਾਲ ਕੈਦੀ ਜਖਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਐਸਐਸਪੀ ਨੇ ਇਹ ਵੀ ਦੱਸਿਆ ਕਿ ਮੁੱਢਲੀ ਜਾਣਕਾਰੀ ਮੁਤਾਬਕ ਕੈਦੀ ਖਿਲਾਫ ਕਤਲ, ਕਤਲ ਦੀ ਕੋਸ਼ਿਸ਼ ਅਤੇ ਐਨਡੀਪੀਐਸ ਐਕਟ ਤਹਿਤ ਕਈ ਮਾਮਲੇ ਦਰਜ ਹਨ ਅਤੇ ਉਹ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ।
ਇਸ ਘਟਨਾ ਵਿੱਚ ਜਖਮੀ ਹੋਏ ਸੀਨੀਅਰ ਕਾਂਸਟੇਬਲ ਜਸਦੀਪ ਸਿੰਘ ਦਾ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੁਲਿਸ ਨੇ ਜਸਦੀਪ ਸਿੰਘ ਦੇ ਬਿਆਨ ‘ਤੇ ਭਾਰਤੀ ਨਿਆਏ ਸੰਹਿਤਾ ਦੀਆਂ ਧਾਰਾਵਾਂ 121(1), 221, 132 ਅਤੇ 109(1) ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ।
ਐਸਐਸਪੀ ਨੇ ਇਹ ਵੀ ਕਿਹਾ ਕਿ ਕੈਦੀ ਕੋਲ ਤੇਜ਼ਧਾਰ ਹਥਿਆਰ ਕਿਵੇਂ ਪਹੁੰਚਿਆ, ਇਸ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।