ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨਿਕਾਸ ਕੁਮਾਰ ਨੇ ਚੋਣ ਪ੍ਰਕਿਰਿਆ ਦੀ ਸਮਾਪਤੀ ਤੋਂ ਬਾਅਦ ਅੰਤਿਮ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 66.21 ਫੀਸਦੀ ਫਾਈਨਲ ਵੋਟਿੰਗ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਸੁਰੱਖਿਆ ਅਤੇ ਪਾਰਦਰਸ਼ਤਾ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ, ਜਿਸ ਸਦਕਾ ਵੋਟਿੰਗ ਦਾ ਕੰਮ ਨਿਰਵਿਘਨ ਨੇਪਰੇ ਚੜ੍ਹਿਆ।
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਛੇ ਨਗਰ ਕੌਂਸਲਾਂ (ਮੁਕੇਰੀਆਂ, ਦਸੂਹਾ, ਗੜ੍ਹਸ਼ੰਕਰ, ਹਰਿਆਣਾ, ਗੜ੍ਹਦੀਵਾਲਾ ਅਤੇ ਉੜਮੁੜ ਟਾਂਡਾ) ਦੀਆਂ ਆਮ ਚੋਣਾਂ ਮੰਗਲਵਾਰ ਨੂੰ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਦੇ ਪੂਰੀ ਤਰ੍ਹਾਂ ਅਮਨ-ਅਮਾਨ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋ ਗਈਆਂ। ਅੱਜ ਸਵੇਰੇ 8 ਵਜੇ ਸ਼ੁਰੂ ਹੋਈ ਵੋਟਿੰਗ ਪ੍ਰਕਿਰਿਆ ਦੌਰਾਨ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਖ਼ਾਸ ਗੱਲ ਇਹ ਰਹੀ ਕਿ ਅਸਮਾਨੋਂ ਵਰ੍ਹਦੀ ਕੜਕਦੀ ਧੁੱਪ ਅਤੇ ਭਿਆਨਕ ਲੂ ਦੇ ਬਾਵਜੂਦ ਲੋਕਾਂ ਨੇ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਆਪਣੇ ਮਤਾਧਿਕਾਰ ਦੀ ਵਰਤੋਂ ਕੀਤੀ।
ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨਿਕਾਸ ਕੁਮਾਰ ਨੇ ਚੋਣ ਪ੍ਰਕਿਰਿਆ ਦੀ ਸਮਾਪਤੀ ਤੋਂ ਬਾਅਦ ਅੰਤਿਮ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 66.21 ਫੀਸਦੀ ਫਾਈਨਲ ਵੋਟਿੰਗ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਸੁਰੱਖਿਆ ਅਤੇ ਪਾਰਦਰਸ਼ਤਾ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ, ਜਿਸ ਸਦਕਾ ਵੋਟਿੰਗ ਦਾ ਕੰਮ ਨਿਰਵਿਘਨ ਨੇਪਰੇ ਚੜ੍ਹਿਆ।
ਸਮੇਂ-ਸਮੇਂ ਦੇ ਜਾਰੀ ਕੀਤੇ ਗਏ ਰੁਝਾਨਾਂ ਮੁਤਾਬਕ, ਸਵੇਰੇ 10:00 ਵਜੇ ਤੱਕ ਵੋਟਿੰਗ ਦੀ ਰਫ਼ਤਾਰ ਕੁਝ ਮੱਧਮ ਰਹੀ ਅਤੇ ਜ਼ਿਲ੍ਹੇ ਵਿੱਚ ਕੁੱਲ 14.5% ਵੋਟਿੰਗ ਹੋਈ ਸੀ। ਇਸ ਦੌਰਾਨ ਗੜ੍ਹਦੀਵਾਲਾ ਵਿੱਚ 18.6% ਅਤੇ ਮੁਕੇਰੀਆਂ ਵਿੱਚ ਸਭ ਤੋਂ ਘੱਟ 13.5% ਵੋਟਾਂ ਪਈਆਂ ਸਨ। ਦੁਪਹਿਰ 12:00 ਵਜੇ ਤੱਕ ਵੋਟਰਾਂ ਦੀ ਆਮਦ ਵਧਣ ਨਾਲ ਇਹ ਅੰਕੜਾ 31.49% ਤੱਕ ਪਹੁੰਚ ਗਿਆ, ਜਿੱਥੇ ਗੜ੍ਹਦੀਵਾਲਾ 41.17% ਨਾਲ ਸਭ ਤੋਂ ਅੱਗੇ ਚੱਲ ਰਿਹਾ ਸੀ।
ਦੁਪਹਿਰ 2:00 ਵਜੇ ਤੱਕ, ਜਦੋਂ ਜ਼ਿਲ੍ਹੇ ਵਿੱਚ ਭਿਆਨਕ ਲੂ ਦਾ ਪ੍ਰਕੋਪ ਸੀ, ਉਦੋਂ ਵੀ ਵੋਟਰਾਂ ਦੀਆਂ ਲਾਈਨਾਂ ਲੱਗੀਆਂ ਰਹੀਆਂ ਅਤੇ ਕੁੱਲ ਵੋਟਿੰਗ ਪ੍ਰਤੀਸ਼ਤਤਾ 46.48% ਦਰਜ ਕੀਤੀ ਗਈ। ਸ਼ਾਮ 5:00 ਵਜੇ ਪੋਲਿੰਗ ਦਾ ਅਧਿਕਾਰਤ ਸਮਾਂ ਖ਼ਤਮ ਹੋਣ ਤੱਕ ਇਹ ਅੰਕੜਾ 65.53% ਤੱਕ ਪਹੁੰਚ ਚੁੱਕਾ ਸੀ। ਇਸ ਤੋਂ ਬਾਅਦ ਲਾਈਨਾਂ ਵਿੱਚ ਖੜ੍ਹੇ ਵੋਟਰਾਂ ਦੀਆਂ ਵੋਟਾਂ ਭੁਗਤਾਉਣ ਮਗਰੋਂ ਅੰਤਿਮ ਵੋਟਿੰਗ ਪ੍ਰਤੀਸ਼ਤਤਾ 66.21% 'ਤੇ ਜਾ ਕੇ ਸਥਿਰ ਹੋਈ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨਿਕਾਸ ਕੁਮਾਰ ਵੱਲੋਂ ਜਾਰੀ ਵੱਖ-ਵੱਖ ਨਗਰ ਕੌਂਸਲਾਂ ਦੇ ਅੰਤਿਮ ਅੰਕੜਿਆਂ ਅਨੁਸਾਰ, ਨਗਰ ਕੌਂਸਲ ਗੜ੍ਹਦੀਵਾਲਾ ਵਿੱਚ ਸਭ ਤੋਂ ਵੱਧ 75.03 ਫੀਸਦੀ ਰਿਕਾਰਡ ਵੋਟਿੰਗ ਹੋਈ। ਇਸ ਤੋਂ ਇਲਾਵਾ ਨਗਰ ਕੌਂਸਲ ਹਰਿਆਣਾ ਵਿੱਚ 68.8 ਫੀਸਦੀ, ਉੜਮੁੜ ਟਾਂਡਾ ਵਿੱਚ 67.07 ਫੀਸਦੀ, ਮੁਕੇਰੀਆਂ ਵਿੱਚ 65.90 ਫੀਸਦੀ, ਗੜ੍ਹਸ਼ੰਕਰ ਵਿੱਚ 65.34 ਫੀਸਦੀ ਅਤੇ ਦਸੂਹਾ ਵਿੱਚ ਸਭ ਤੋਂ ਘੱਟ 63.18 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।
ਨਿਕਾਸ ਕੁਮਾਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ 6 ਨਗਰ ਕੌਂਸਲਾਂ ਦੇ ਕੁੱਲ 80 ਵਾਰਡਾਂ ਲਈ 118 ਪੋਲਿੰਗ ਬੂਥ ਬਣਾਏ ਗਏ ਸਨ, ਜਿੱਥੇ ਮਾਹੌਲ ਪੂਰੀ ਤਰ੍ਹਾਂ ਸ਼ਾਂਤਮਈ ਰਿਹਾ। ਇਨ੍ਹਾਂ ਬੂਥਾਂ 'ਤੇ ਸੁਰੱਖਿਆ ਦੇ ਵਿਆਪਕ ਪ੍ਰਬੰਧ ਸਨ ਅਤੇ ਜ਼ਿਲ੍ਹਾ ਪੁਲਿਸ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦਿਨ ਭਰ ਲਗਾਤਾਰ ਸਾਰੇ ਕੇਂਦਰਾਂ ਦੀ ਨਿਗਰਾਨੀ ਕੀਤੀ ਗਈ। ਚੋਣ ਮੈਦਾਨ ਵਿੱਚ ਉਤਰੇ ਕੁੱਲ 263 ਉਮੀਦਵਾਰਾਂ ਦੀ ਸਿਆਸੀ ਤਕਦੀਰ ਹੁਣ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਚੁੱਕੀ ਹੈ।
ਨਿਕਾਸ ਕੁਮਾਰ ਨੇ ਚੋਣ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਦਿਨ-ਰਾਤ ਡਿਊਟੀ ਨਿਭਾਉਣ ਵਾਲੇ ਚੋਣ ਕਰਮਚਾਰੀਆਂ, ਪੁਲਿਸ ਤੇ ਸੁਰੱਖਿਆ ਕਰਮੀਆਂ ਅਤੇ ਭਿਆਨਕ ਗਰਮੀ ਦੇ ਬਾਵਜੂਦ ਲੋਕਤੰਤਰ ਦਾ ਹਿੱਸਾ ਬਣੇ ਜ਼ਿਲ੍ਹੇ ਦੇ ਸੂਝਵਾਨ ਵੋਟਰਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਵੋਟਾਂ ਦੀ ਗਿਣਤੀ 29 ਮਈ ਨੂੰ ਨਿਰਧਾਰਿਤ ਕੇਂਦਰਾਂ 'ਤੇ ਕਰਵਾਈ ਜਾਵੇਗੀ। ਇਸ ਦੌਰਾਨ ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਘੇਰਾ ਹੋਵੇਗਾ ਅਤੇ ਪੂਰੀ ਪ੍ਰਕਿਰਿਆ ਸੀਸੀਟੀਵੀ ਕੈਮਰਿਆਂ ਦੀ ਸਖ਼ਤ ਨਿਗਰਾਨੀ ਹੇਠ ਮੁਕੰਮਲ ਕੀਤੀ ਜਾਵੇਗੀ।