ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਗ੍ਰਿਫਤਾਰ
ਚੋਰ ਗ੍ਰੋਹ ਦੇ 2 ਮੈਂਬਰ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ
Publish Date: Wed, 22 Apr 2026 04:07 PM (IST)
Updated Date: Wed, 22 Apr 2026 04:10 PM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਥਾਣਾ ਟਾਂਡਾ ਪੁਲਿਸ ਨੇ ਇਕ ਚੋਰ ਗਿਰੋਹ ਦੇ 2 ਵਿਅਕਤੀਆਂ ਨੂੰ ਚੋਰੀ ਦੇ 6 ਮੋਟਰਸਾਈਕਲਾਂ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਨਵਦੀਪ ਸਿੰਘ ਉਰਫ ਨਵੀਂ ਪੁੱਤਰ ਜਗਤਾਰ ਸਿੰਘ ਵਾਸੀ ਪੰਡੋਰੀ ਅਰਾਈਆ ਥਾਣਾ ਦਸੂਹਾ ਤੇ ਅਮਰਜੀਤ ਸਿੰਘ ਉਰਫ ਜਸੀ ਪੁੱਤਰ ਸੁਰਜੀਤ ਸਿੰਘ ਵਾਸੀ ਜੈਤਪੁਰ ਥਾਣਾ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਇਸ ਸਬੰਧੀ ਇਕ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਟਾਂਡਾ ਸੁਖਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ’ਤੇ ਕਾਬੂ ਪਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਐੱਸਐੱਚਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਦੀ ਅਗਵਾਈ ਵਿਚ ਹੈੱਡ ਕਾਂਸਟੇਬਲ ਤਲਵਿੰਦਰ ਸਿੰਘ ਨੂੰ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਸਿਨੇਮਾ ਚੌਕ ਟਾਂਡਾ ਉਤਮੁੜ ’ਚ ਖਾਸ ਮੁਖਬਰ ਦੀ ਇਤਲਾਹ ’ਤੇ ਨਵਦੀਪ ਸਿੰਘ ਉਰਫ ਨਵੀਂ ਨੂੰ ਚੈਕਿੰਗ ਦੌਰਾਨ ਚੋਰੀ ਦੇ ਮੋਟਰਸਾਈਕਲ ਬਿਨਾਂ ਨੰਬਰੀ ਮਾਰਕਾ ਹੀਰੋ ਸਪਲੈਡਰ ਰੰਗ ਕਾਲਾ ਸਮੇਤ ਕਾਬੂ ਕਰਕੇ ਥਾਣਾ ਟਾਂਡਾ ਲਿਆਂਦਾ ਤੇ ਮੁਕਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਦੌਰਾਨ ਕੀਤੀ ਪੁੱਛਗਿੱਛ ਦੀ ਬਿਨਾਅ ’ਤੇ ਵੱਖ-ਵੱਖ ਜਗ੍ਹਾ ਤੋਂ 5 ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕਰਕੇ ਉਸਦੇ ਸਾਥੀ ਅਮਰਜੀਤ ਸਿੰਘ ਉਰਫ ਜਸੀ ਨੂੰ ਦਰਜ ਮੁਕੱਦਮਾ ਵਿਚ ਨਾਮਜ਼ਦ ਕਰ ਲਿਆ। ਡੀਐੱਸਪੀ ਨੇ ਦੱਸਿਆ ਕਿ ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਬਾਰੀਕੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।