ਆਨਲਾਈਨ ਫਾਰਮੇਸੀਆਂ ਖ਼ਿਲਾਫ਼ ਕੈਮਿਸਟਾਂ ਦਾ ਹੱਲਾ-ਬੋਲ: 20 ਮਈ ਨੂੰ ਦੇਸ਼ ਵਿਆਪੀ ਹੜਤਾਲ ਦਾ ਐਲਾਨ
ਪੰਜਾਬ ਸਮੇਤ ਦੇਸ਼ ਭਰ ਵਿੱਚ 20 ਮਈ ਨੂੰ ਕੈਮਿਸਟਾਂ ਵੱਲੋਂ ਹੜਤਾਲ ਕਰਨ ਦੇ ਐਲਾਨ ਨਾਲ ਸਿਹਤ ਸੇਵਾਵਾਂ ‘ਤੇ ਅਸਰ ਪੈਣ ਦੇ ਆਸਾਰ ਹਨ। ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਦੱਸਿਆ ਕਿ ਇਹ ਹੜਤਾਲ 19 ਮਈ ਦੀ ਅੱਧੀ ਰਾਤ 12 ਵਜੇ ਤੋਂ 20 ਮਈ ਦੀ ਅੱਧੀ ਰਾਤ 12 ਵਜੇ ਤੱਕ ਰਹੇਗੀ, ਜਿਸ ਦੌਰਾਨ ਸਾਰੀਆਂ ਦਵਾਈਆਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ।
Publish Date: Fri, 24 Apr 2026 05:48 PM (IST)
Updated Date: Fri, 24 Apr 2026 05:51 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਸਮੇਤ ਦੇਸ਼ ਭਰ ਵਿੱਚ 20 ਮਈ ਨੂੰ ਕੈਮਿਸਟਾਂ ਵੱਲੋਂ ਹੜਤਾਲ ਕਰਨ ਦੇ ਐਲਾਨ ਨਾਲ ਸਿਹਤ ਸੇਵਾਵਾਂ ‘ਤੇ ਅਸਰ ਪੈਣ ਦੇ ਆਸਾਰ ਹਨ। ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਦੱਸਿਆ ਕਿ ਇਹ ਹੜਤਾਲ 19 ਮਈ ਦੀ ਅੱਧੀ ਰਾਤ 12 ਵਜੇ ਤੋਂ 20 ਮਈ ਦੀ ਅੱਧੀ ਰਾਤ 12 ਵਜੇ ਤੱਕ ਰਹੇਗੀ, ਜਿਸ ਦੌਰਾਨ ਸਾਰੀਆਂ ਦਵਾਈਆਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ।
ਐਸੋਸੀਏਸ਼ਨ ਦੇ ਪ੍ਰਧਾਨ ਰਮਨ ਕਪੂਰ ਨੇ ਕਿਹਾ ਕਿ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਕੈਮਿਸਟ ਇਸ ਹੜਤਾਲ ਵਿੱਚ ਹਿੱਸਾ ਲੈਣਗੇ, ਜਿਸ ਨਾਲ ਦਵਾਈਆਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ ਅਤੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਹ ਫੈਸਲਾ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ ਦੇ ਨਿਰਦੇਸ਼ਾਂ ਅਨੁਸਾਰ ਲਿਆ ਗਿਆ ਹੈ। ਰਮਨ ਕਪੂਰ ਨੇ ਦੋਸ਼ ਲਗਾਇਆ ਕਿ ਔਨਲਾਈਨ ਫਾਰਮੇਸੀ ਕੰਪਨੀਆਂ ਨਿਯਮਾਂ ਦੀ ਉਲੰਘਣਾ ਕਰਦੀਆਂ ਹੋਈਆਂ ਭਾਰੀ ਛੂਟਾਂ ਦੇ ਕੇ ਮਾਰਕੀਟ ਨੂੰ ਪ੍ਰਭਾਵਿਤ ਕਰ ਰਹੀਆਂ ਹਨ, ਜਿਸ ਨਾਲ ਛੋਟੇ ਕੈਮਿਸਟਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਕਾਰਪੋਰੇਟ ਕੰਪਨੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਬੇਹਿਸਾਬ ਛੂਟਾਂ ਅਤੇ ਨਕਲੀ ਦਵਾਈਆਂ ਦਾ ਖ਼ਤਰਾ ਵੀ ਵਧ ਰਿਹਾ ਹੈ। ਉਨ੍ਹਾਂ ਦੇ ਮੁਤਾਬਕ, ਔਨਲਾਈਨ ਦਵਾਈਆਂ ਦੀ ਵਿਕਰੀ ਗੈਰ-ਕਾਨੂੰਨੀ ਹੋਣ ਦੇ ਬਾਵਜੂਦ ਬੇਰੋਕ ਚੱਲ ਰਹੀ ਹੈ, ਜਿਸ ‘ਤੇ ਸਰਕਾਰ ਵੱਲੋਂ ਸਖ਼ਤ ਕਾਰਵਾਈ ਦੀ ਲੋੜ ਹੈ।
ਕਪੂਰ ਨੇ ਮੰਗ ਕੀਤੀ ਕਿ ਔਨਲਾਈਨ ਦਵਾਈਆਂ ਦੀ ਵਿਕਰੀ ‘ਤੇ ਤੁਰੰਤ ਪਾਬੰਦੀ ਲਗਾਈ ਜਾਵੇ, ਕਾਰਪੋਰੇਟ ਕੰਪਨੀਆਂ ਦੀਆਂ ਮਨਮਾਨੀਆਂ ਛੂਟਾਂ ਰੋਕੀਆਂ ਜਾਣ ਅਤੇ ਨਕਲੀ ਦਵਾਈਆਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇ। ਇਸਦੇ ਨਾਲ ਹੀ ਡਰੱਗਜ਼ ਐਕਟ ਵਿੱਚ ਸਖ਼ਤ ਸੋਧਾਂ ਕਰਕੇ ਫਾਰਮਾਸਿਸਟ ਦੀ ਲਾਜ਼ਮੀ ਮੌਜੂਦਗੀ ਯਕੀਨੀ ਬਣਾਈ ਜਾਵੇ ਅਤੇ ਮੈਡੀਕਲ ਸਟੋਰਾਂ ‘ਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਇਹ ਇੱਕ ਦਿਨ ਦੀ ਹੜਤਾਲ ਲੰਬੇ ਸਮੇਂ ਦੇ ਅੰਦੋਲਨ ਵਿੱਚ ਤਬਦੀਲ ਹੋ ਸਕਦੀ ਹੈ।