ਟਾਂਡਾ ਪੁਲਿਸ ਦੀ ਵੱਡੀ ਕਾਰਵਾਈ: 50 ਲੱਖ ਦੀ ਫਿਰੌਤੀ ਮੰਗਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਦੋ ਵਿਅਕਤੀਆਂ 'ਤੇ ਸ਼ਿਕੰਜਾ
ਟਾਂਡਾ ਪੁਲਿਸ ਨੇ ਧਮਕੀਆਂ ਦੇ ਕੇ ਲੱਖਾਂ ਰੁਪਏ ਦੀ ਵਸੂਲੀ ਮੰਗਣ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਦਰਜ ਕੀਤੀ ਗਈ ਐਫ.ਆਈ.ਆਰ. ਵਿੱਚ ਗੁਰਲਾਲ ਵਾਸੀ ਰੁਡਿਆਣਾ (ਕਲਾਨੌਰ), ਜ਼ਿਲ੍ਹਾ ਗੁਰਦਾਸਪੁਰ ਅਤੇ ਗੁਰਦੇਵ ਸਿੰਘ ਉਰਫ਼ ਜੇਸਲ ਵਾਸੀ ਚੰਬਾਲ, ਜ਼ਿਲ੍ਹਾ ਤਰਨਤਾਰਨ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
Publish Date: Wed, 22 Apr 2026 01:04 PM (IST)
Updated Date: Wed, 22 Apr 2026 01:09 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਟਾਂਡਾ ਪੁਲਿਸ ਨੇ ਧਮਕੀਆਂ ਦੇ ਕੇ ਲੱਖਾਂ ਰੁਪਏ ਦੀ ਵਸੂਲੀ ਮੰਗਣ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਦਰਜ ਕੀਤੀ ਗਈ ਐਫ.ਆਈ.ਆਰ. ਵਿੱਚ ਗੁਰਲਾਲ ਵਾਸੀ ਰੁਡਿਆਣਾ (ਕਲਾਨੌਰ), ਜ਼ਿਲ੍ਹਾ ਗੁਰਦਾਸਪੁਰ ਅਤੇ ਗੁਰਦੇਵ ਸਿੰਘ ਉਰਫ਼ ਜੇਸਲ ਵਾਸੀ ਚੰਬਾਲ, ਜ਼ਿਲ੍ਹਾ ਤਰਨਤਾਰਨ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਪੁਲਿਸ ਅਨੁਸਾਰ ਸਰਬਜੀਤ ਸਿੰਘ ਵਾਸੀ ਪਿੰਡ ਜਲਾਲ ਨੰਗਲ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਵਟਸਐਪ ਕਾਲਾਂ ਰਾਹੀਂ ਧਮਕਾਇਆ ਜਾ ਰਿਹਾ ਹੈ। ਸਰਬਜੀਤ ਸਿੰਘ ਨੂੰ ਪਹਿਲੀ ਕਾਲ 29 ਜਨਵਰੀ 2026 ਨੂੰ ਕਰੀਬ 2:04 ਵਜੇ ਉਸਦੇ ਮੋਬਾਇਲ ਨੰਬਰ ’ਤੇ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ਰਾਹੀਂ ਆਈ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਗੁਰਲਾਲ ਰੁਡਿਆਣਾ ਦੱਸਿਆ। ਸਰਬਜੀਤ ਸਿੰਘ ਨੇ ਕਾਲ ਕੱਟ ਦਿੱਤੀ ਪਰ ਬਾਅਦ ਵਿੱਚ ਉਸਨੂੰ ਵਾਰ-ਵਾਰ ਕਾਲਾਂ ਆਉਂਦੀਆਂ ਰਹੀਆਂ। 22 ਫਰਵਰੀ 2026 ਨੂੰ ਸਵੇਰੇ ਕਰੀਬ 10:44 ਵਜੇ ਦੁਬਾਰਾ ਇੱਕ ਹੋਰ ਵਿਦੇਸ਼ੀ ਨੰਬਰ ਤੋਂ ਕਾਲ ਆਈ, ਜਿਸ ਦੌਰਾਨ ਕਾਲਰ ਨੇ ਆਪਣੇ ਆਪ ਨੂੰ ਗੁਰਲਾਲ ਦੱਸਦਿਆਂ ਉਸ ਤੋਂ ਕਥਿਤ ਤੌਰ 'ਤੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਅਤੇ ਨਾ ਦੇਣ ਦੀ ਸੂਰਤ ਵਿੱਚ ਬੁਰੇ ਨਤੀਜੇ ਭੁਗਤਣ ਦੀ ਚੇਤਾਵਨੀ ਦਿੰਦੇ ਹੋਏ ਉਸਦੇ ਬੱਚਿਆਂ ਅਤੇ ਪਰਿਵਾਰ ਬਾਰੇ ਜਾਣਕਾਰੀ ਹੋਣ ਦੀ ਗੱਲ ਕਹਿ ਕੇ ਧਮਕਾਇਆ। ਸਰਬਜੀਤ ਸਿੰਘ ਨੇ ਡਰ ਦੇ ਮਾਰੇ ਕਾਲ ਕੱਟ ਦਿੱਤੀ, ਪਰ ਬਾਅਦ ਵਿੱਚ ਉਸਨੂੰ ਵਾਇਸ ਮੈਸੇਜ ਵੀ ਭੇਜੇ ਗਏ।
ਸਰਬਜੀਤ ਸਿੰਘ ਨੂੰ 29 ਫਰਵਰੀ 2026 ਨੂੰ ਸ਼ਾਮ ਕਰੀਬ 4:17 ਵਜੇ ਇਕ ਹੋਰ ਵਟਸਐਪ ਕਾਲ ਆਈ, ਜਿਸ ਦੌਰਾਨ ਕਾਲਰ ਨੇ ਮੁੜ 50 ਲੱਖ ਰੁਪਏ ਕਿਸਤਾਂ ਵਿੱਚ ਦੇਣ ਲਈ ਕਿਹਾ ਅਤੇ ਇਸਨੂੰ ਆਖਰੀ ਮੌਕਾ ਦੱਸਿਆ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।