ਜਥੇਬੰਦੀਆਂ ਵੱਲੋਂ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ
ਸੰਯੁਕਤ ਕਿਸਾਨ ਮੋਰਚਾ ਪੰਜਾਬ, ਬਿਜਲੀ ਮੁਲਾਜ਼ਮਾਂ, ਪੈਨਸ਼ਨਰਜ਼ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ
Publish Date: Mon, 08 Dec 2025 03:55 PM (IST)
Updated Date: Mon, 08 Dec 2025 03:57 PM (IST)
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ
ਕਾਦੀਆਂ : ਸੰਯੁਕਤ ਕਿਸਾਨ ਮੋਰਚਾ ਪੰਜਾਬ, ਬਿਜਲੀ ਮੁਲਾਜ਼ਮਾਂ, ਪੈਨਸ਼ਨਰਜ਼ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਬਿਜਲੀ ਸੋਧ ਬਿੱਲ 2025, ਸਰਕਾਰੀ ਵਿਭਾਗਾਂ ਦੀਆ ਜ਼ਮੀਨਾਂ ਵੇਚਣ, ਨਵੇਂ ਬਣਾਏ 4 ਲੇਬਰ ਕੋਡ ਬਿੱਲ ਅਤੇ ਸੀਡ ਬਿੱਲ 2025 ਖਿਲਾਫ਼ ਪਾਵਰਕਾਮ ਸਬ ਡਵੀਜ਼ਨ ਕਾਦੀਆਂ ਦੇ ਦਫ਼ਤਰ ਵਿਖੇ ਵਿਸ਼ਾਲ ਇਕੱਠ ਕਰਕੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਪੈਨਸ਼ਨਰਜ਼ ਵੱਲੋਂ ਧਰਨਾ ਦੇ ਕੇ ਲੋਕ ਵਿਰੋਧੀ ਬਿਜਲੀ ਸੋਧ ਬਿੱਲ 2025, ਚਾਰ ਲੇਬਰ ਕੋਡ ਬਿੱਲ, ਸੀਡ ਬਿੱਲ 2025 ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਧਰਨੇ ਦੀ ਅਗਵਾਈ ਬੀਕੇਯੂ ਏਕਤਾ ਉਗਰਾਹਾਂ ਆਗੂ ਹਰਦੀਪ ਸਿੰਘ ਲੋਹ ਚੁੱਪ, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂ ਸੁਰਜੀਤ ਸਿੰਘ ਗੁਰਾਇਆ, ਫੈਡਰੇਸ਼ਨ ਚਾਹਲ ਦੇ ਆਗੂ ਬਲਜਿੰਦਰ ਸਿੰਘ ਬਾਜਵਾ, ਫੈਡਰੇਸ਼ਨ ਏਟਕ ਦੇ ਆਗੂ ਹਰਪ੍ਰੀਤ ਸਿੰਘ ਪੈਨਸ਼ਨਰਜ਼ ਯੂਨੀਅਨ ਦੇ ਆਗੂ ਦਵਿੰਦਰ ਸਿੰਘ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂ ਰਮੇਸ਼ ਕੁਮਾਰ ਸ਼ਰਮਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਨੋਖ ਸਿੰਘ ਘੋੜੇ ਵਾਹ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਮੇਜਰ ਸਿੰਘ ਕੋਟ ਟੋਡਰ ਮੱਲ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸਤਨਾਮ ਸਿੰਘ ਸੰਧੂ ਨੇ ਸਾਂਝੇ ਤੌਰ ’ਤੇ ਕੀਤੀ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਿਜਲੀ ਸੋਧ ਬਿੱਲ 2025 ਦੇ ਲਾਗੂ ਹੋਣ ਨਾਲ ਬਿਜਲੀ ਵੰਡ ਪ੍ਰਣਾਲੀ ਨਿੱਜੀ ਕੰਪਨੀਆਂ ਦੇ ਹੱਥ ਵਿਚ ਚਲੀ ਜਾਵੇਗੀ, ਕਰਾਸ ਸਬਸਿਡੀ ਖਤਮ ਹੋਵੇਗੀ, ਖੇਤੀਬਾੜੀ ਤੇ ਘਰੇਲੂ ਬਿਜਲੀ ਤੇ ਸਬਸਿਡੀਆਂ ਬੰਦ ਹੋਣਗੀਆਂ, ਹਰ ਸਾਲ ਬਿਜਲੀ ਦੇ ਰੇਟ ਵਧਾਏ ਜਾਣਗੇ, ਬਿਜਲੀ ਮਹਿੰਗੀ ਹੋ ਕੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ, ਬੀਜ ਬਿੱਲ 2025 ਰੱਦ ਕੀਤਾ ਜਾਵੇ। ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਲੋਕ ਵਿਰੋਧੀ ਨੀਤੀਆਂ ਰੱਦ ਨਾ ਕੀਤੀਆਂ ਤਾਂ ਕਿਸਾਨ, ਮਜ਼ਦੂਰ, ਮੁਲਾਜ਼ਮ ਸਾਂਝਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਪਿਆਰਾ ਸਿੰਘ ਭਾਮੜੀ, ਬਾਵਾ ਸਿੰਘ ਠੀਕਰੀਵਾਲਾ, ਜਗਤਾਰ ਸਿੰਘ ਖੁੰਡਾ, ਕਸ਼ਮੀਰ ਸਿੰਘ, ਸਕੱਤਰ ਸਿੰਘ ਭੇਟ ਪੱਤਨ, ਸੁਰਜੀਤ ਸਿੰਘ ਨੰਗਲ ਝੌਰ ਆਦਿ ਹਾਜ਼ਰ ਸਨ।