ਕੁਵੈਤ ਤੋਂ ਆਈ ਮੰਦਭਾਗੀ ਖਬਰ, ਸੜਕ ਹਾਦਸੇ ’ਚ ਤਿੰਨ ਪੰਜਾਬੀਆਂ ਦੀ ਮੌਤ, ਮਚਿਆ ਚੀਕ-ਚਿਹਾੜਾ
ਮ੍ਰਿਤਕ ਦੇ ਭਰਾ ਨੇ ਹੋਰ ਦਸਿਆ ਕਿ ਇਸ ਮੰਦਭਾਗੀ ਖਬਰ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਜਗਦੀਪ ਆਪਣੇ ਪਿੱਛੇ ਪਤਨੀ ਅਤੇ ਇੱਕ ਬੱਚਾ ਛੱਡ ਗਿਆ ਹੈ। ਉਸ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸਦੇ ਭਰਾ ਦੀ ਮ੍ਰਿਤਕਦੇਹ ਨੂੰ ਲਿਆਉਣ ਲਈ ਮਦਦ ਕੀਤੀ ਜਾਵੇ।
Publish Date: Thu, 18 Dec 2025 07:03 PM (IST)
Updated Date: Thu, 18 Dec 2025 07:04 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਕੁਵੈਤ ਵਿਚ ਹੋਏ ਇਕ ਵੱਡੇ ਸੜਕ ਹਾਦਸੇ ਵਿਚ ਮਾਰੇ ਗਏ 7 ਨੌਜਵਾਨਾਂ ਵਿਚੋਂ ਇਕ ਦੀ ਸ਼ਨਾਖਤ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਦੇ ਨੌਜਵਾਨ ਜਗਦੀਪ ਵਜੋ ਹੋਈ ਹੈ। ਜਗਦੀਪ ਦੀ ਬੇਵਕਤੀ ਮੌਤ ਸਬੰਧੀ ਸੂਚਨਾ ਮਿਲਦਿਆ ਹੀ ਪਰਿਵਾਰ ਵਿਚ ਮਾਤਮ ਫੈਲ ਗਿਆ। ਇਸ ਸੂਚਨਾ ਨਾਲ ਕਸਬਾ ਦੋਰਾਂਗਲਾ ਵਿਚ ਵੀ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਜਗਦੀਪ ਦੇ ਭਰਾ ਨੇ ਦੱਸਿਆ ਕਿ ਉਸਦਾ ਭਰਾ ਡੇਢ ਸਾਲ ਪਹਿਲਾਂ ਰੋਜ਼ੀ ਰੋਟੀ ਲਈ ਕੁਵੈਤ ਗਿਆ ਸੀ।
ਉੱਥੋ ਜਗਦੀਪ ਦੇ ਜਾਣਕਾਰਾਂ ਵੱਲੋਂ ਸੂਚਨਾ ਦਿੱਤੀ ਗਈ ਹੈ ਕਿ 9 ਦਸੰਬਰ ਨੂੰ ਕੋਈ 7 ਨੌਜਵਾਨ ਕੁਵੈਤ ਵਿਖੇ ਆਪਣੇ ਕੰਮ ਤੇ ਜਾ ਰਹੇ ਸਨ ਤਾਂ ਇੱਕ ਭਿਆਨਕ ਸੜਕ ਹਾਦਸੇ ਦੇ ਸ਼ਿਕਾਰ ਹੋ ਗਏ। ਇੰਨਾਂ ਦੀ ਸ਼ਨਾਖਤ ਨੂੰ ਕਈ ਦਿਨ ਲੱਗ ਗਏ। ਪਤਾ ਲੱਗਾ ਹੈ ਕਿ ਇੰਨਾਂ 7 ਨੌਜਵਾਨਾਂ ਵਿਚੋਂ 2 ਦੀ ਪਹਿਚਾਣ ਪਾਕਿਸਤਾਨੀ ਨੌਜਵਾਨਾਂ ਵਜੋਂ ਹੋਈ ਹੈ ਜਦੋਂ ਕਿ 3 ਪੰਜਾਬ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ ਜਿੰਨਾਂ ਵਿੱਚੋਂ ਇੱਕ ਉਸਦਾ ਭਰਾ ਜਗਦੀਪ ਹੈ। 2 ਹੋਰ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਸਕੀ। ਮ੍ਰਿਤਕ ਦੇ ਭਰਾ ਨੇ ਹੋਰ ਦਸਿਆ ਕਿ ਇਸ ਮੰਦਭਾਗੀ ਖਬਰ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਜਗਦੀਪ ਆਪਣੇ ਪਿੱਛੇ ਪਤਨੀ ਅਤੇ ਇੱਕ ਬੱਚਾ ਛੱਡ ਗਿਆ ਹੈ। ਉਸ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸਦੇ ਭਰਾ ਦੀ ਮ੍ਰਿਤਕਦੇਹ ਨੂੰ ਲਿਆਉਣ ਲਈ ਮਦਦ ਕੀਤੀ ਜਾਵੇ।
ਉਸ ਨੇ ਇਹ ਵੀ ਕਿਹਾ ਕਿ ਵਿਦੇਸ਼ਾਂ ਵਿੱਚ ਰੋਟੀ ਕਮਾਉਣ ਗਏ ਕਈ ਨੌਜਵਾਨਾਂ ਦੀਆਂ ਮ੍ਰਿਤਕਦੇਹਾਂ ਮਹੀਨਿਆਂ ਤੱਕ ਉੱਥੇ ਰੁਲਦੀਆਂ ਰਹਿੰਦੀਆਂ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੇ ਦੁੱਖ ਦੇ ਸਮੇਂ ਉਹ ਪੀੜਤ ਪਰਿਵਾਰ ਦੀ ਬਾਂਹ ਫੜੇ ਅਤੇ ਮ੍ਰਿਤਕ ਦੇਹਾਂ ਨੂੰ ਆਪਣੇ ਖਰਚੇ ਤੇ ਦੇਸ਼ ਲਿਆਉਣ ਦਾ ਨਿਯਮ ਬਣਾਉਣ।