ਕਰਿਆਨੇ ਦੀ ਦੁਕਾਨ 'ਤੇ ਗੋਲੀਬਾਰੀ ਕਰਨ ਵਾਲਾ 24 ਘੰਟਿਆਂ ਅੰਦਰ ਗ੍ਰਿਫ਼ਤਾਰ : ਡੀਐੱਸਪੀ ਸੰਜੀਵ ਕੁਮਾਰ
ਕਰਿਆਨੇ ਦੀ ਦੁਕਾਨ 'ਤੇ ਗੋਲੀਬਾਰੀ ਕਰਨ ਵਾਲਾ 24 ਘੰਟਿਆਂ ਅੰਦਰ ਗ੍ਰਿਫ਼ਤਾਰ : ਡੀਐੱਸਪੀ ਸੰਜੀਵ ਕੁਮਾਰ
Publish Date: Fri, 19 Dec 2025 06:27 PM (IST)
Updated Date: Fri, 19 Dec 2025 06:28 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਬਟਾਲਾ ਪੁਲਿਸ ਨੇ ਕਰਿਆਨੇ ਦੀ ਦੁਕਾਨ ਮਾਲਕ ਤੋਂ ਫਿਰੌਤੀ ਮੰਗਣ 'ਤੇ ਗੋਲੀਬਾਰੀ ਕਰਨ ਵਾਲੇ ਨੌਜਵਾਨ ਨੂੰ 24 ਘੰਟਿਆਂ ਦੇ ਅੰਦਰ ਸਫਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਐੱਸਪੀ ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਐੱਸਐੱਸਪੀ ਬਟਾਲਾ ਡਾ. ਮਹਿਤਾਬ ਸਿੰਘ ਅਤੇ ਐੱਸਪੀਡੀ ਸੰਦੀਪ ਕੁਮਾਰ ਦੀ ਅਗਵਾਈ ਹੇਠ ਪੁਲਿਸ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ 8 ਦਸੰਬਰ ਨੂੰ ਰਕੇਸ਼ ਕੁਮਾਰ ਐਂਡ ਸੰਜ ਕਰਿਆਨੇ ਦੀ ਦੁਕਾਨ ਦੇ ਮਾਲਕ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਇੱਕ ਵਟਸਐਪ ਕਾਲ ਆਈ, ਜਿਸ ਵਿੱਚ ਇੱਕ ਗੈਂਗਸਟਰ ਨੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ 16 ਦਸੰਬਰ ਨੂੰ ਸਵੇਰੇ 11:20 ਵਜੇ ਦੇ ਕਰੀਬ ਇੱਕ ਅਣਪਛਾਤੇ ਨੌਜਵਾਨ ਨੇ ਰਕੇਸ਼ ਕੁਮਾਰ ਐਂਡ ਸੰਨਜ਼ ਦੀ ਕਰਿਆਨੇ ਦੀ ਦੁਕਾਨ 'ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਕਰਿਆਨੇ ਦੀ ਦੁਕਾਨ ਦੇ ਮਾਲਕ ਮੰਨੂ ਮਲਹੋਤਰਾ ਦੇ ਬਿਆਨਾਂ ਦੇ ਆਧਾਰ 'ਤੇ ਸਿਟੀ ਪੁਲਿਸ ਸਟੇਸ਼ਨ ਵਿਖੇ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਲਈ ਸੀਆਈਏ ਇੰਚਾਰਜ ਸੁਖਰਾਜ ਸਿੰਘ ਅਤੇ ਥਾਣਾ ਸਿਟੀ ਸੁਖਜਿੰਦਰ ਸਿੰਘ ਅਧਾਰ ’ਤੇ ਪੁਲਿਸ ਟੀਮਾਂ ਬਣਾ ਕੇ ਮੁਲਜ਼ਮ ਦਾ ਪਿੱਛਾ ਕੀਤਾ ਗਿਆ। ਉਹਨਾਂ ਦੱਸਿਆ ਕਿ ਤਕਨੀਕੀ ਅਤੇ ਮਨੁੱਖੀ ਸਰੋਤਾਂ ਦੀ ਵਰਤੋਂ ਕਰਦਿਆਂ, ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਗੋਲੀ ਚਲਾਉਣ ਵਾਲੇ ਨੂੰ ਟਰੇਸ ਕਰ ਲਿਆ ਅਤੇ ਉਸਨੂੰ ਅੰਮ੍ਰਿਤਸਰ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਨੌਜਵਾਨ ਦੀ ਪਛਾਣ ਗੁਰਸਾਹਿਬ ਸਿੰਘ ਉਰਫ਼ ਗੁਰੀ ਪੁੱਤਰ ਹਰਜੀਤ ਸਿੰਘ ਵਾਸੀ ਮੱਲਿਆਂਵਾਲ, ਥਾਣਾ ਘੁੰਮਣ ਕਲਾਂ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਨੌਜਵਾਨ ਨੇ ਮੰਨਿਆ ਕਿ ਉਸਨੇ ਇੱਕ ਵਿਦੇਸ਼ੀ ਹੈਂਡਲਰ ਦੇ ਕਹਿਣ 'ਤੇ 2 ਲੱਖ ਰੁਪਏ ਦੇ ਲਾਲਚ ’ਚ ਕਰਿਆਨੇ ਦੀ ਦੁਕਾਨ 'ਤੇ ਗੋਲੀਬਾਰੀ ਕੀਤੀ ਸੀ। ਡੀਐੱਸਪੀ ਨੇ ਦੱਸਿਆ ਕਿ ਪੁਲਿਸ ਵਿਦੇਸ਼ੀ ਹੈਂਡਲਰਾਂ ਦੀ ਜਾਂਚ ਕਰ ਰਹੀ ਹੈ ਅਤੇ ਇਸ ਵੇਲੇ ਨੌਜਵਾਨ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਦੋ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਸੀਆਈਏ ਸਟਾਫ ਇੰਚਾਰਜ ਸੁਖਰਾਜ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।