ਸੁਵਾਜਨਾ ਮਨੁੱਖੀ ਸਿਹਤ ਲਈ ਗੁਣਕਾਰੀ ਹੋਣ ’ਤੇ ਵਧੀ ਵਿਕਰੀ, ਚੋਖਾ ਭਾਅ ਮਿਲਣ ਕਾਰਨ ਕਾਸ਼ਤਕਾਰ ਹੋ ਰਹੇ ਮਾਲੋ ਮਾਲ
ਸੁਵਾਜਨਾ ਮਨੁੱਖੀ ਸਿਹਤ ਲਈ ਗੁਣਕਾਰੀ ਹੋਣ ’ਤੇ ਵਧੀ ਵਿਕਰੀ, ਚੋਖਾ ਭਾਅ ਮਿਲਣ ਕਾਰਨ ਕਾਸ਼ਤਕਾਰ ਹੋ ਰਹੇ ਮਾਲੋ ਮਾਲ
Publish Date: Sun, 23 Nov 2025 06:00 PM (IST)
Updated Date: Sun, 23 Nov 2025 06:01 PM (IST)

ਮਹਿੰਦਰ ਸਿੰਘ ਅਰਲੀਭੰਨ,ਪੰਜਾਬੀ ਜਾਗਰਣ ਕਲਾਨੌਰ: ਬਿਮਾਰੀਆਂ ਤੋਂ ਬਚਣ ਲਈ ਜਿੱਥੇ ਨਿਰੋਈ ਸਿਹਤ ਬਣਾਉਣ ਖਾਤਰ ਹਰੇਕ ਮਨੁੱਖ ਵੱਲੋਂ ਆਪਣੇ ਖਾਣ-ਪੀਣ ਵਿੱਚ ਸੁਧਾਰ ਲਿਆਉਣ ਤੋਂ ਇਲਾਵਾ ਚੰਗਾ ਖਾਣ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ। ਉੱਥੇ ਸੁਵਾਜਨਾ ਖਾਣਾ ਮਨੁੱਖੀ ਸਿਹਤ ਲਈ ਗੁਣਕਾਰੀ ਮੰਨਿਆ ਜਾਣ ਤੇ ਸੁਵਾਜਨਾ ਦੀ ਵਿਕਰੀ ਜ਼ਿਆਦਾ ਅਤੇ ਭਾਅ ਵਿੱਚ ਚੋਖਾ ਵਾਧਾ ਹੋਣ ਕਰਕੇ ਇਸ ਵਾਰ ਸੁਵਾਜਨਾ ਦੀ ਖੇਤੀ ਕਰਨ ਵਾਲੇ ਕਾਸ਼ਤਕਾਰ ਖੂਬ ਮਾਲੋ ਮਾਲ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੁਵਾਜਨਾ ਦੀ ਖੇਤੀ ਕਰਨ ਵਾਲੇ ਕਿਸਾਨ ਸੁਰਿੰਦਰ ਸਿੰਘ ਮਸਤਕੋਟ, ਧਰਮ ਸਿੰਘ ਢਿੱਲੋਂ ਆਦਿ ਦੱਸਿਆ ਕਿ ਸੁਵਾਜਨਾ ਮਨੁੱਖੀ ਸਿਹਤ ਲਈ ਬੇਹੱਦ ਲਾਹੇਵੰਦ ਹੋਣ ਕਾਰਨ ਲੋਕਾਂ ਵੱਲੋਂ ਸੁਵਾਜਨਾ ਦੀ ਖਰੀਦ ਹੱਥੋਂ ਹੱਥ ਕੀਤੀ ਜਾ ਰਹੀ ਹੈ। ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ 22 ਮਰਲੇ ਵਿੱਚ ਸੁਵਾਜਨਾ ਦੀ ਬਿਜਾਈ ਜੂਨ ਮਹੀਨੇ ਵਿੱਚ ਕੀਤੀ ਸੀ। ਜਦਕਿ ਇਸ ਵੇਲੇ ਸੁਵਾਜਨਾ ਦੀ ਪੁਟਾਈ ਪੂਰੇ ਜ਼ੋਰਾਂ ਵਿੱਚ ਚੱਲ ਰਹੀ ਹੈ। ਉਸ ਨੇ ਦੱਸਿਆ ਕਿ ਉਸ ਵੱਲੋਂ ਥੋਕ ਵਿੱਚ ਸੁਵਾਜਨਾ ਸ਼ੁਰੂ ਵਿੱਚ 60 ਰੁਪਏ ਅਤੇ ਇਸ ਵੇਲੇ 40 ਰੁਪਏ ਪ੍ਰਤੀ ਕਿਲੋ ਵੇਚਿਆ ਜਾ ਰਿਹਾ ਹੈ। ਜਦ ਕਿ ਸ਼ਹਿਰਾਂ,ਕਸਬਿਆਂ ਅਤੇ ਪਿੰਡਾਂ ਵਿੱਚ ਅਤੇ ਫੇਰੀ ਵਾਲਿਆਂ ਵੱਲੋਂ ਇਸ ਵੇਲੇ 60 ਤੋਂ 70 ਪਏ ਪ੍ਰਤੀ ਕਿਲੋ ਸੁਵਾਜਨਾ ਵੇਚਿਆ ਜਾ ਰਿਹਾ ਹੈ। ਸੁਰਿੰਦਰ ਸਿੰਘ ਨੇ ਦੱਸਿਆ ਕਿ ਸੁਵਾਜਨਾ ਦਾ ਬੀਜ ਮੁਸ਼ਕਲ ਨਾਲ ਮਿਲਦਾ ਹੈ ਜਿਸ ਦਾ ਕਾਰਨ ਇਹ ਹੈ ਕਿ ਸੁਵਜਨੇ ਦੀਆਂ ਫਲੀਆਂ ਪੱਕਦਿਆਂ ਹੀ ਖਿੜ ਜਾਂਦੀਆਂ ਹਨ ਅਤੇ ਬੀਜ ਹਵਾ ਵਿੱਚ ਉੱਡ ਜਾਂਦੇ ਹਨ ਜਿਸ ਕਰਕੇ ਸੁਵਜਨੇ ਦੇ ਬੀਜ ਦੀ ਹਰ ਸਾਲ ਕਿਲਤ ਆਉਂਦੀ ਹੈ। ਉਹਨਾਂ ਦੱਸਿਆ ਕਿ ਉਸ ਨੇ ਕਨਾਲ ਵਿੱਚ ਲਗਾਏ ਗਏ ਸੁਵਾਜਨਾ ਤੋਂ 40 ਹਜ਼ਾਰ ਦੇ ਕਰੀਬ ਆਮਦਨ ਹੋਈ ਹੈ। ਉਸ ਨੇ ਦੱਸਿਆ ਕਿ ਜੇਕਰ ਇਸ ਦਾ ਬੀਜ ਮਿਲ ਜਾਵੇ ਤਾਂ ਇਸ ਦੀ ਫਸਲ ਸਾਰੀਆਂ ਫਸਲਾਂ ਨਾਲੋਂ ਲਾਹੇਵੰਦ ਹੈ। ਉਹਨਾਂ ਦੱਸਿਆ ਕਿ ਭਾਵੇਂ ਸੁਵਾਜਨਾ ਨੂੰ ਪਾਲਣ ਲਈ ਜ਼ਿਆਦਾ ਮਿਹਨਤ ਨਹੀਂ ਲੱਗਦੀ ਪਰੰਤੂ ਇਸ ਦੀ ਪੁਟਾਈ ਕਰਨੀ ਔਖੀ ਹੈ। ---ਸੁਵਾਜਨਾ ਦੀਆਂ ਫਲੀਆਂ,ਪੱਤੇ, ਜੜ੍ਹ ਮਨੁੱਖੀ ਸਿਹਤ ਲਈ ਰਾਮਬਾਣ : ਵੈਦ ਸਿਮਰਤਜੀਤ ਸਿੰਘ-- ਸੁਵਾਜਨਾ ਮਨੁੱਖੀ ਸਿਹਤ ਲਈ ਰਾਮਬਾਣ ਹੈ। ਇਸ ਦੀਆਂ ਫਲੀਆਂ, ਪੱਤਿਆਂ ਦਾ ਮੋਰਿੰਗਾ ਪਾਊਡਰ, ਫਲੀਆਂ ਦੀ ਸਬਜ਼ੀ ਅਤੇ ਸੁਵਾਜਨਾ ਦੀਆਂ ਜੜ੍ਹਾਂ ਦਾ ਆਚਾਰ ਮਨੁੱਖੀ ਸਿਹਤ ਲਈ ਬੇਹੱਦ ਗੁਣਕਾਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵੈਦ ਸਿਮਰਤਜੀਤ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸੁਵਾਜਨਾ ਦਾ ਪਾਊਡਰ, ਜੜ੍ਹ ਅਤੇ ਫਲੀਆਂ ਖਾਣ ਨਾਲ ਸ਼ੂਗਰ, ਜੋੜਾ ਦਾ ਦਰਦ, ਗਠੀਆ ਨੂੰ ਖਤਮ ਕਰਦਾ ਹੈ। ਇਸ ਤੋਂ ਇਲਾਵਾ ਇਸ ਦੀਆਂ ਗੋਲੀਆਂ ,ਸ਼ਰਬਤ ਅਤੇ ਮੋਰਿੰਗਾ ਪਾਊਡਰ ਮਾਰਕੀਟ ਵਿੱਚ ਵੱਡੇ ਪੱਧਰ ਤੇ ਲੋਕਾਂ ਵੱਲੋਂ ਖਰੀਦ ਕੇ ਵਰਤੋਂ ਕੀਤੀ ਜਾ ਰਹੀ ਹੈ। ਸਿਮਰਤਜੀਤ ਸਿੰਘ ਨੇ ਦੱਸਿਆ ਕਿ ਸੁਵਾਜਨਾ ਖਾਣ ਨਾਲ ਸਰੀਰ ਦੀ ਇਮਿਊਨਿਟੀ ਪਾਵਰ ਵੱਧਦੀ ਹੈ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਪੇਟ ਦੀ ਚਰਬੀ ਵੀ ਘੱਟਦੀ ਹੈ। ਇਸ ਵਿੱਚੋਂ ਆਇਰਨ ਅਤੇ ਕੈਲਸ਼ੀਅਮ ਵੀ ਵਧੇਰੇ ਮਾਤਰਾ ਵਿੱਚ ਮਿਲਦਾ।