ਨਾਮਜ਼ਦਗੀ ਦਫਤਰਾਂ ਨੂੰ 3 ਵੱਜਦਿਆਂ ਹੀ ਜੜ ਦਿੱਤੇ ਜਿੰਦਰੇ, ਕਈ ਬੇਰੰਗ ਪਰਤੇ
ਨਾਮਜ਼ਦਗੀ ਦਫਤਰਾਂ ਨੂੰ 3 ਵੱਜਦਿਆਂ ਹੀ ਜੜ ਦਿੱਤੇ ਜਿੰਦਰੇ, ਕਈ ਬੇਰੰਗ ਪਰਤੇ
Publish Date: Thu, 04 Dec 2025 04:18 PM (IST)
Updated Date: Thu, 04 Dec 2025 04:20 PM (IST)

ਮਹਿੰਦਰ ਸਿੰਘ ਅਰਲੀਭੰਨ,ਪੰਜਾਬੀ ਜਾਗਰਣ ਕਲਾਨੌਰ: ਕਸਬਾ ਕਲਾਨੌਰ ਦੇ ਤਹਿਸੀਲ ਕੰਪਲੈਕਸ ਵਿੱਚ ਬਣਾਏ ਗਏ ਨਾਮਜ਼ਦਗੀ ਦਫਤਰ ਜਿਸ ਵਿੱਚ ਬਲਾਕ ਸੰਮਤੀ ਕਲਾਨੌਰ ਦੇ 19 ਜ਼ੋਨਾਂ ਦੇ ਬਲਾਕ ਸੰਮਤੀ ਉਮੀਦਵਾਰਾਂ ਦੇ ਕਾਗਜ਼ ਜਮਾ ਕਰਵਾਏ ਗਏ, 3 ਵੱਜਦਿਆਂ ਹੀ ਐੱਸਪੀ ਦਵਿੰਦਰ ਚੌਧਰੀ ਦੀ ਦੇਖ ਰੇਖ ਹੇਠ ਪੁਲਿਸ ਕਰਮੀਆਂ ਵੱਲੋਂ ਮੁੱਖ ਗੇਟ ਨੂੰ ਜਿੰਦਰੇ ਲਗਾ ਦਿੱਤੇ ਗਏ। ਇੱਥੇ ਦੱਸਣ ਯੋਗ ਹੈ ਕਿ ਚੋਣ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ 11 ਵਜੇ ਤੋਂ ਲੈ ਕੇ 4 ਵਜੇ ਤੱਕ ਪਹਿਲੀ ਦਸੰਬਰ ਤੋਂ ਲੈ ਕੇ ਚਾਰ ਦਸੰਬਰ ਤੱਕ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਦੇਸ਼ ਸਨ। ਵੀਰਵਾਰ ਨੂੰ ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ ਜਿੱਥੇ ਅਕਾਲੀ ਦਲ ਪੁਨਰ ਸੁਰਜੀਤ, ਸ਼੍ਰੋਮਣੀ ਅਕਾਲੀ ਦਲ ਬਾਦਲ,ਕਾਂਗਰਸ ਪਾਰਟੀ ਤੇ ਉਮੀਦ ਵਾਰ ਆਪਣੀਆਂ ਨਾਮਜ਼ਦਗੀਆਂ ਭਰਨ ਲਈ ਸਾਰਾ ਦਿਨ ਜੱਦੋ ਜਹਿਦ ਕਰਦੇ ਰਹੇ। ਕਲਾਨੌਰ ਤਹਿਸੀਲ ਕੰਪਲੈਕਸ ਵਿੱਚ ਬਣਾਏ ਗਏ ਨਾਮਜ਼ਦਗੀ ਦਫਤਰ ਵਿੱਚ 3 ਵੱਜਦਿਆਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਬਾਹਰੀ ਗੇਟ ਨੂੰ ਜਿੰਦਰੇ ਲਗਾ ਦਿੱਤੇ ਗਏ। ਇਸ ਮੌਕੇ ਐੱਸਪੀ ਦਵਿੰਦਰ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਚੋਣ ਕਮਿਸ਼ਨਰ ਦੇ ਆਦੇਸ਼ਾਂ ਤਹਿਤ 3 ਵੱਜਦਿਆਂ ਹੀ ਬਾਹਰੀ ਗੇਟ ਨੂੰ ਜਿੰਦਰੇ ਲਗਾ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਜੋ ਕੰਪਲੈਕਸ ਦੇ ਅੰਦਰ ਉਮੀਦਵਾਰ ਲੰਮੀਆਂ-ਲੰਮੀਆਂ ਲਾਈਨਾਂ ਵਿੱਚ ਖੜੇ ਹਨ ਉਹਨਾਂ ਸਾਰਿਆਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾਣਗੇ।