ਮੋਟਰਸਾਈਕਲਾਂ ਦੀ ਟੱਕਰ ’ਚ ਦੋ ਦੀ ਮੌਤ
ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ ’ਚ ਦੋ ਦੀ ਹੋਈ ਮੌਤ
Publish Date: Sun, 30 Nov 2025 09:43 PM (IST)
Updated Date: Mon, 01 Dec 2025 04:12 AM (IST)

ਬੀਟੀਐੱਲ16 ਮ੍ਰਿਤਕ ਕੁਲਵੰਤ ਲਾਲ ਦੀ ਪੁਰਾਣੀ ਤਸਵੀਰ।ਬੀਟੀਐੱਲ17 ਮ੍ਰਿਤਕ ਗੁਰਪ੍ਰੀਤ ਦੇ ਪਰਿਵਾਰਿਕ ਮੈਂਬਰ ਵਿਰਲਾਪ ਕਰਦੇ ਹੋਏ। ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਐਤਵਾਰ ਦੇਰ ਸ਼ਾਮ ਬਟਾਲਾ ਦੇ ਨਜ਼ਦੀਕੀ ਪਿੰਡ ਭੁੱਲਰ ਗਾਦੜੀਆਂ ਨੇੜੇ ਮੋਟਰਸਾਈਕਲਾਂ ਦੀ ਆਪਸੀ ਟੱਕਰ ’ਚ ਦੋ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕੁਲਵੰਤ ਲਾਲ (55) ਪੁੱਤਰ ਗੁਲਜਾਰ ਲਾਲ ਵਾਸੀ ਗਾਦੜੀਆਂ ਤੇ ਗੁਰਪ੍ਰੀਤ ਉਰਫ ਸਾਜਨ (25) ਪੁੱਤਰ ਹੰਸ ਰਾਜ ਵਾਸੀ ਵਿੰਝਵਾਂ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਕੁਲਵੰਤ ਲਾਲ ਦੇ ਭਤੀਜੇ ਨੇ ਦੱਸਿਆ ਕਿ ਉਸ ਦਾ ਤਾਇਆ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆ ਰਿਹਾ ਸੀ ਕਿ ਇਕ ਹੋਰ ਮੋਟਰਸਾਈਕਲ ਨਾਲ ਸੂਏ ਪੁੱਲ ਭੁੱਲਰ ਗਾਦੜੀਆਂ ਨੇੜੇ ਦੋਵਾਂ ਮੋਟਰਸਾਈਕਲਾਂ ਦੀ ਆਪਸ ’ਚ ਭਿਆਨਕ ਟੱਕਰ ਹੋ ਗਈ। ਉਸ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਮੋਟਰਸਾਈਕਲਾਂ ਦੇ ਪਰਖੱਚੇ ਉੱਡ ਗਏ ਹਨ। ਉਨ੍ਹਾਂ ਦੱਸਿਆ ਕਿ ਜਦੋਂ ਸਿਵਲ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਉਸ ਦੇ ਤਾਏ ਨੂੰ ਮ੍ਰਿਤਕ ਐਲਾਨ ਦਿੱਤਾ। ਇਸੇ ਟੱਕਰ ’ਚ ਦੂਸਰੇ ਮੋਟਰਸਾਈਕਲ ਸਵਾਰ ਗੁਰਪ੍ਰੀਤ ਉਰਫ ਸਾਜਨ ਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ। ਸਿਵਲ ਹਸਪਤਾਲ ਬਟਾਲਾ ਦੇ ਐਮਰਜੈਂਸੀ ਵਾਰਡ ਦੇ ਡਾਕਟਰ ਸਾਹਿਲ ਨੇ ਦੱਸਿਆ ਕਿ ਉਕਤ ਐਕਸੀਡੈਂਟ ਦੇ ਮਾਮਲੇ ’ਚ ਦੋਵਾਂ ਨੂੰ ਜਦ ਹਸਪਤਾਲ ਲਿਆਂਦਾ ਗਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੋਰਚਰੀ ਹਾਊਸ ’ਚ ਰਖਵਾ ਦਿੱਤਾ ਗਿਆ ਹੈ ਤੇ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਧਰ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਹੈ। ਦੋਵਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਗਹਿਰੇ ਸਦਮੇ ’ਚ ਹਨ।