ਇੱਥੇ ਦੱਸਣਯੋਗ ਹੈ ਕਿ ਪਿਛਲੇ ਸਾਲ 22 ਅਪ੍ਰੈਲ ਨੂੰ ਸ਼੍ਰੀਨਗਰ ਦੇ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਵਿੱਚ ਬੇਕਸੂਰ ਭਾਰਤੀਆਂ ਨੂੰ ਸ਼ਹੀਦ ਕਰਨ ਵਾਲੇ ਦਿਨ ਤੋਂ ਹੀ ਡੇਰਾ ਬਾਬਾ ਨਾਨਕ ਦੀ ਸਰਹੱਦ ਤੇ ਬਣੇ ਸ਼੍ਰੀ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਸੀ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਡੇਰਾ ਬਾਬਾ ਨਾਨਕ : ਸ਼੍ਰੀਨਗਰ ਦੇ ਪਹਿਲਗਾਮ ਵਿੱਚ ਪਿਛਲੇ ਸਾਲ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਦੀ ਨਜ਼ਰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ’ਤੇ ਬਣੇ ਕਰਤਾਰਪੁਰ ਲਾਂਘੇ ਨੂੰ ਲੱਗਣ ਕਾਰਨ ਇਹ ਲਾਂਘਾ ਪਿਛਲੇ ਕਰੀਬ ਇੱਕ ਸਾਲ ਤੋਂ ਬੰਦ ਪਿਆ ਹੋਇਆ ਹੈ। ਇੱਥੇ ਦੱਸਣਯੋਗ ਹੈ ਕਿ ਪਿਛਲੇ ਸਾਲ 22 ਅਪ੍ਰੈਲ ਨੂੰ ਸ਼੍ਰੀਨਗਰ ਦੇ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਵਿੱਚ ਬੇਕਸੂਰ ਭਾਰਤੀਆਂ ਨੂੰ ਸ਼ਹੀਦ ਕਰਨ ਵਾਲੇ ਦਿਨ ਤੋਂ ਹੀ ਡੇਰਾ ਬਾਬਾ ਨਾਨਕ ਦੀ ਸਰਹੱਦ ਤੇ ਬਣੇ ਸ਼੍ਰੀ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਸੀ। ਉਸੇ ਦੌਰਾਨ ਵਧੇ ਤਣਾਅ ਦੇ ਚਲਦਿਆਂ ਭਾਰਤ ਸਰਕਾਰ ਵੱਲੋਂ ਆਪ੍ਰੇਸ਼ਨ ਸਿੰਧੂਰ ਦੇ ਮੱਦੇਨਜ਼ਰ 7 ਮਈ ਤੋਂ ਅਣਮਿਥੇ ਸਮੇਂ ਲਈ ਲਾਂਘਾ ਬੰਦ ਕਰ ਦਿੱਤਾ ਗਿਆ ਸੀ। ਇਸ ਉਪਰੰਤ ਅਗਸਤ ਮਹੀਨੇ ਰਾਵੀ ਤੇ ਉੱਜ ਦਰਿਆ ਦੇ ਤੇਜ਼ ਵਹਾਅ ਪਾਣੀ ਕਾਰਨ ਆਏ ਹੜ੍ਹ ਨੇ ਸਰਹੱਦ ’ਤੇ ਬਣੇ ਸ਼੍ਰੀ ਕਰਤਾਰਪੁਰ ਪੈਸੰਜਰ ਟਰਮੀਨਲ ਅਤੇ ਦੋਹਾਂ ਦੇਸ਼ਾਂ ਵੱਲੋਂ ਲਾਏ ਜ਼ੀਰੋ ਲਾਈਨ ਤੇ ਆਰਜ਼ੀ ਗੇਟਾਂ, ਧੁੱਸੀ ਬੰਨ੍ਹ, ਦਰਸ਼ਨੀ ਸਥਲ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਸੀ ਜਦਕਿ ਲੈਂਡ ਪੋਰਟ ਅਥਾਰਟੀ ਆਫ ਇੰਡੀਆ, ਡਰੇਨ ਵਿਭਾਗ ਅਤੇ ਸਰਕਾਰਾਂ ਵੱਲੋਂ ਸ਼੍ਰੀ ਕਰਤਾਰਪੁਰ ਟਰਮੀਨਲ, ਦਰਸ਼ਨੀ ਸਥਲ ਅਤੇ ਡਿਫੈਂਸ ਧੁੱਸੀ ਬੰਨ੍ਹ ਦਾ ਨਿਰਮਾਣ ਮੁਕੰਮਲ ਕਰ ਲਿਆ ਗਿਆ ਸੀ।
ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੋਂ ਸਵਾ 4 ਕਿਲੋਮੀਟਰ ਦੂਰੀ ਤੇ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਹੈ। ਇਹ ਪਵਿੱਤਰ ਅਸਥਾਨ 1947 ਦੀ ਭਾਰਤ ਤੇ ਪਾਕਿਸਤਾਨ ਦੀ ਵੰਡ ਦੌਰਾਨ ਪਾਕਿਸਤਾਨ ਵਾਲੇ ਪਾਸੇ ਆ ਗਿਆ ਸੀ। ਆਜ਼ਾਦੀ ਦੇ 72 ਸਾਲ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਦਿਹਾੜੇ ਮੌਕੇ 9 ਨਵੰਬਰ 2019 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਸਮੇਂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਯਤਨਾਂ ਸਦਕਾ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਕਰਨ ਲਈ ਬਿਨਾਂ ਵੀਜ਼ਾ ਲਾਂਘਾ ਖੋਲਿ੍ਹਆ ਗਿਆ। ਇੱਥੇ ਦੱਸਣ ਯੋਗ ਹੈ ਕਿ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ 9 ਨਵੰਬਰ 2019 ਨੂੰ ਖੁੱਲ੍ਹਣ ਦੇ 127 ਦਿਨ ਬਾਅਦ ਕੋਰੋਨਾ ਮਹਾਮਾਰੀ ਦੇ ਚਲਦਿਆਂ 16 ਮਾਰਚ 2020 ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਉਸ ਸਮੇਂ 20 ਮਹੀਨੇ ਕਰਤਾਰਪੁਰ ਲਾਂਘਾ ਬੰਦ ਹੋਣ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਦਿਹਾੜੇ ਮੌਕੇ ਮੁੜ 17 ਨਵੰਬਰ 2021 ਨੂੰ ਭਾਰਤ ਸਰਕਾਰ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਖੋਲ ਦਿੱਤਾ ਗਿਆ ਸੀ। ਇਸ ਲਾਂਘੇ ਰਾਹੀਂ ਹੁਣ ਤੱਕ ਡੇਰਾ ਬਾਬਾ ਨਾਨਕ ਦੀ ਕਮਾਂਤਰੀ ਸਰਹੱਦ ਰਾਹੀਂ 41564 ਸ਼ਰਧਾਲੂਆਂ ਵੱਲੋਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕੀਤੇ ਜਾ ਚੁੱਕੇ ਹਨ । ਭਾਰਤ ਸਰਕਾਰ ਵੱਲੋਂ ਲੈਂਡਪੋਰਟ ਅਥਰਟੀ ਆਫ ਇੰਡੀਆ ਦੀ ਦੇਖਰੇਖ ਹੇਠ ਕਰੀਬ ਪੰਜ ਅਰਬ ਦੀ ਲਾਗਤ ਨਾਲ 54 ਏਕੜ ਜ਼ਮੀਨ ਵਿੱਚ ਸਰਹੱਦ ’ਤੇ ਬਣਾਏ ਗਏ ਅਜੂਬੇ ਦੀ ਤਰਜ ਤੇ ਸ਼੍ਰੀ ਕਰਤਾਰਪੁਰ ਪੈਸੰਜਰ ਟਰਮੀਨਲ ਜੋ ਪਿਛਲੇ ਸਾਲ 25 ਤੇ 26 ਅਗਸਤ ਦੀ ਰਾਤ ਨੂੰ ਪਾਣੀ ਨੇ ਵੱਡੇ ਪੱਧਰ ਤੇ ਨੁਕਸਾਨ ਕੀਤਾ ਸੀ ਪਰੰਤੂ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਅਜੂਬੇ ਵਰਗੇ ਬਣਾਏ ਗਏ ਟਰਮੀਨਲ ਦੀ ਸਾਫ ਸਫਾਈ ਕਰਨ ਤੋਂ ਬਾਅਦ ਇੱਕ ਮਹੀਨੇ ਬਾਅਦ 25 ਸਤੰਬਰ ਨੂੰ ਪੈਸੰਜਰ ਟਰਮੀਨਲ ਵੇਖਣ ਲਈ ਨਾਨਕ ਨਾਮ ਲੇਵਾ ਸੰਗਤਾਂ ਦੇ ਸਪੁਰਦ ਕਰ ਦਿੱਤਾ ਗਿਆ।
ਦੱਸਣਯੋਗ ਹੈ ਕਿ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ’ਤੇ ਖੁੱਲੇ ਸ਼੍ਰੀ ਕਰਤਾਰਪੁਰ ਲਾਂਘੇ ਰਾਹੀਂ 2019 ਵਿੱਚ 34423, 2020 ਨੂੰ 28363, 2021 ਨੂੰ ਕੋਰੋਨਾ ਮਹਾਮਾਰੀ ਦੇ ਦੌਰ ਦੌਰਾਨ 9749, 2022 ਨੂੰ 84192, 2023 ਨੂੰ 95556, ਦਸੰਬਰ 2024 ਨੂੰ 109668 ਅਤੇ 7 ਮਈ 2025 ਤੱਕ 57713 ਸਮੇਤ 415564 ਸ਼ਰਧਾਲੂਆਂ ਵੱਲੋਂ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਬਣੇ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕੀਤੇ ਗਏ ਹਨ।
ਲਾਂਘਾ ਖੋਲ੍ਹਣ ਤੇ ਹੋਰ ਸਿੱਖ ਮੁੱਦਿਆਂ ਲਈ ਕੇਂਦਰ ਦੇ ਨੁਮਾਇੰਦਿਆਂ ਨੂੰ ਮਿਲਾਂਗੇ : ਵਡਾਲਾ
ਗੁਰਦੁਆਰਾ ਸ਼੍ਰੀ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਪ੍ਰਧਾਨ ਗੁਰ ਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸ਼੍ਰੀ ਕਰਤਾਰਪੁਰ ਲਾਂਘਾ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਭਾਵਨਾ ਨਾਲ ਜੁੜਿਆ ਹੋਇਆ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਮਰਹੂਮ ਕੁਲਦੀਪ ਸਿੰਘ ਵਡਾਲਾ ਅਤੇ ਸਮੂਹ ਸ਼੍ਰੀ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਵੱਲੋਂ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਖੋਲਣ ਲਈ 218 ਦੇ ਕਰੀਬ ਲੜੀਵਾਰ ਅਰਦਾਸਾਂ ਕੀਤੀਆਂ ਸਨ ਅਤੇ ਇਹਨਾਂ ਅਰਦਾਸਾਂ ਨੂੰ ਬੂਰ ਪੈਣ ਤੇ ਭਾਰਤ ਅਤੇ ਪਾਕਿਸਤਾਨ ਦੀ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਦੀ ਸਰਹੱਦ ’ਤੇ ਕਰਤਾਰਪੁਰ ਲਾਂਘਾ ਖੋਲਿਆ ਗਿਆ ਸੀ। ਸੰਸਥਾ ਵੱਲੋਂ ਮੁੜ ਲਾਂਘਾ ਖੋਲਣ ਸਬੰਧੀ ਸਰਹੱਦ ’ਤੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤਹਿਤ ਚੇਤ ਅਤੇ ਵਿਸਾਖ ਮਹੀਨੇ ਦੀ ਮੱਸਿਆ ਮੌਕੇ ਅਰਦਾਸ ਕੀਤੀ ਜਾ ਚੁੱਕੀ ਹੈ ਤੇ ਇਹ ਅਰਦਾਸਾਂ ਲੜੀਵਾਰ ਜਾਰੀ ਰਹਿਣਗੀਆਂ। ਉਹਨਾਂ ਕਿਹਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਹੋਰ ਨਾਨਕ ਨਾਮ ਲੇਵਾ ਸੰਗਤਾਂ ਸਮੇਤ ਸ਼੍ਰੀ ਕਰਤਾਰਪੁਰ ਲਾਂਘਾ ਖੋਲਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਤੇ ਜੇਲ੍ਹਾਂ ਵਿੱਚ ਬੰਦੀ ਸਿੰਘਾਂ ਅਤੇ ਹੋਰ ਸਿੱਖ ਮਸਲਿਆਂ ਸਬੰਧੀ ਭਾਰਤ ਸਰਕਾਰ ਦੇ ਨੁਮਾਇੰਦਿਆਂ ਨੂੰ ਮਿਲਣ ਲਈ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ।
ਦੋਵਾਂ ਦੇਸ਼ਾਂ ’ਚ ਰੋਜ਼ਾਨਾ 5 ਹਜ਼ਾਰ ਸ਼ਰਧਾਲੂਆਂ ਲਈ ਦਰਸ਼ਨਾਂ ਦੀ ਹੋਈ ਸੀ ਗੱਲ : ਬਾਜਵਾ
ਸੁਖਮਨੀ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਬਾਜਵਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਦੀ ਸਰਹੱਦ ’ਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅਰਬਾਂ ਰੁਪਏ ਖਰਚ ਕਰਕੇ ਕਰਤਾਰਪੁਰ ਲਾਂਘਾ ਖੋਲਿ੍ਹਆ ਗਿਆ ਸੀ। ਪ੍ਰੰਤੂ ਅਫ਼ਸੋਸ ਕੇ ਇਸ ਲਾਂਘੇ ਨੂੰ ਕਦੇ ਕੋਰੋਨਾ ਮਹਾਮਾਰੀ ਅਤੇ ਕਦੇ ਆਪ੍ਰੇਸ਼ਨ ਸਿੰਧੂਰ ਦੇ ਨਾਂ ਹੇਠ ਬੰਦ ਕਰਕੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵੀ ਦੇ ਦਰਸ਼ਨਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਬਾਜਵਾ ਨੇ ਕਿਹਾ ਲਾਂਘਾ ਖੋਲ੍ਹਣ ਸਮੇਂ ਦੋਹਾਂ ਦੇਸ਼ਾਂ ਵਿੱਚ ਹਰ ਰੋਜ਼ 5 ਹਜ਼ਾਰ ਸ਼ਰਧਾਲੂਆਂ ਦੇ ਦਰਸ਼ਨ ਕਰਨ ਦੀ ਗੱਲ ਕਹੀ ਗਈ ਸੀ ਪਰੰਤੂ ਅਜੇ ਤੱਕ ਇੱਕ ਵਾਰ ਵੀ ਇੱਕ ਦਿਨ ਵਿੱਚ 5 ਹਜ਼ਾਰ ਸ਼ਰਧਾਲੂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਭਾਰਤ ਸਰਕਾਰ ਤੁਰੰਤ ਕਰਤਾਰਪੁਰ ਲਾਂਘਾ ਖੋਲ੍ਹੇ ਤਾਂ ਜੋ ਨਾਨਕ ਨਾਮ ਲੇਵਾ ਸੰਗਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਦਰਸ਼ਨ ਕਰ ਸਕਣ।