ਸ਼ਨਿੱਚਰਵਾਰ ਨੂੰ ਮੌਸਮ ਠੰਡਾ ਹੋਣ ਉਪਰੰਤ ਵੱਡੀ ਗਿਣਤੀ ਵਿੱਚ ਸੰਗਤਾਂ ਡੇਰਾ ਬਾਬਾ ਨਾਨਕ ਸਥਿਤ ਦਰਸ਼ਨ ਸਥਲ ਅਤੇ ਕਰਤਾਰਪੁਰ ਕੋਰੀਡੋਰ ਪੁੱਜੀਆਂ। ਪਰ ਦੂਰਬੀਨ ਦੀ ਘਾਟ ਅਤੇ ਪਾਕਿਸਤਾਨ ਵਾਲੇ ਪਾਸੇ ਉੱਗੇ ਉੱਚੇ ਸਰਕੰਡਿਆਂ ਤੇ ਜੰਗਲੀ ਬੂਟਿਆਂ ਕਾਰਨ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੀਆਂ ਰਹੀਆਂ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ: ਭਾਰਤ ਅਤੇ ਪਾਕਿਸਤਾਨ ਦਰਮਿਆਨ ਵਧੇ ਤਣਾਅ ਕਾਰਨ ਪਿਛਲੇ ਇੱਕ ਸਾਲ ਤੋਂ ਬੰਦ ਪਿਆ ਸ੍ਰੀ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਮੰਗ ਇੱਕ ਵਾਰ ਫਿਰ ਜ਼ੋਰ ਫੜਨ ਲੱਗੀ ਹੈ। ਲਾਂਘਾ ਬੰਦ ਹੋਣ ਕਾਰਨ ਦੁਨੀਆ ਭਰ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੀਆਂ ਹੋਈਆਂ ਪਈਆਂ ਹਨ। ਇਸ ਦੇ ਨਾਲ ਹੀ ਡੇਰਾ ਬਾਬਾ ਨਾਨਕ ਸਰਹੱਦ ’ਤੇ ਬਣੇ ਦਰਸ਼ਨ ਸਥਲ ਤੋਂ ਵੀ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੇ ਸਪੱਸ਼ਟ ਦਰਸ਼ਨ ਨਹੀਂ ਹੋ ਰਹੇ।
ਸ਼ਨਿੱਚਰਵਾਰ ਨੂੰ ਮੌਸਮ ਠੰਡਾ ਹੋਣ ਉਪਰੰਤ ਵੱਡੀ ਗਿਣਤੀ ਵਿੱਚ ਸੰਗਤਾਂ ਡੇਰਾ ਬਾਬਾ ਨਾਨਕ ਸਥਿਤ ਦਰਸ਼ਨ ਸਥਲ ਅਤੇ ਕਰਤਾਰਪੁਰ ਕੋਰੀਡੋਰ ਪੁੱਜੀਆਂ। ਪਰ ਦੂਰਬੀਨ ਦੀ ਘਾਟ ਅਤੇ ਪਾਕਿਸਤਾਨ ਵਾਲੇ ਪਾਸੇ ਉੱਗੇ ਉੱਚੇ ਸਰਕੰਡਿਆਂ ਤੇ ਜੰਗਲੀ ਬੂਟਿਆਂ ਕਾਰਨ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੀਆਂ ਰਹੀਆਂ।
ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 16ਵੀਂ ਪੀੜ੍ਹੀ ਵਿਚੋਂ ਬਾਬਾ ਅਵਤਾਰ ਸਿੰਘ ਜੀ ਸ਼੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਉਹ ਪਵਿੱਤਰ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ 17 ਸਾਲ ਤੋਂ ਵੱਧ ਸਮਾਂ ਬਿਤਾਇਆ ਅਤੇ ਇਥੇ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਸੌਂਪੀ ਸੀ। ਉਨ੍ਹਾਂ ਕਿਹਾ ਕਿ 9 ਨਵੰਬਰ 2019 ਨੂੰ ਖੁੱਲ੍ਹੇ ਕਰਤਾਰਪੁਰ ਲਾਂਘੇ ਰਾਹੀਂ ਲੱਖਾਂ ਸ਼ਰਧਾਲੂਆਂ ਨੇ ਦਰਸ਼ਨ ਕੀਤੇ, ਪਰ ਹੁਣ ਲਾਂਘਾ ਬੰਦ ਹੋਣ ਕਾਰਨ ਸੰਗਤਾਂ ਗਹਿਰੀ ਨਿਰਾਸ਼ਾ ਮਹਿਸੂਸ ਕਰ ਰਹੀਆਂ ਹਨ।
ਬਾਬਾ ਅਵਤਾਰ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਕਰਤਾਰਪੁਰ ਲਾਂਘਾ ਤੁਰੰਤ ਮੁੜ ਖੋਲ੍ਹਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਯਾਤਰਾ ਮਾਰਗ ਨਹੀਂ, ਸਗੋਂ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਦੀਆਂ ਆਸਥਾਵਾਂ ਨਾਲ ਜੁੜਿਆ ਹੋਇਆ ਪਵਿੱਤਰ ਪੁਲ ਹੈ।
ਸੰਗਤਾਂ ਅਤੇ ਧਾਰਮਿਕ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਪਾਕਿਸਤਾਨ ਵਾਲੇ ਪਾਸੇ ਉੱਗੇ ਸਰਕੰਡਿਆਂ ਅਤੇ ਦਰੱਖਤਾਂ ਦੀ ਕਟਾਈ ਕਰਵਾਈ ਜਾਵੇ ਤਾਂ ਜੋ ਸਰਹੱਦ ’ਤੇ ਬਣੇ ਦਰਸ਼ਨ ਸਥਲ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਸਪੱਸ਼ਟ ਦਰਸ਼ਨ ਹੋ ਸਕਣ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਬੀਐੱਸਐੱਫ ਅਤੇ ਪਾਕਿਸਤਾਨ ਰੇਂਜਰਾਂ ਦੇ ਤਾਲਮੇਲ ਨਾਲ ਅਜਿਹਾ ਕੀਤਾ ਜਾਂਦਾ ਰਿਹਾ ਹੈ।
1 ਅਤੇ 2 ਜੂਨ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਸੌਂਪੇ ਜਾਣਗੇ ਮੰਗ ਪੱਤਰ
ਸ੍ਰੀ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਮੁੱਖ ਪ੍ਰਬੰਧਕ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਮੰਗ ਲਈ 1 ਅਤੇ 2 ਜੂਨ ਨੂੰ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦਾ ਇੱਕ ਵਫ਼ਦ ਜਲਦ ਹੀ ਕੇਂਦਰ ਸਰਕਾਰ ਨਾਲ ਵੀ ਮੁਲਾਕਾਤ ਕਰੇਗਾ ਤਾਂ ਜੋ ਸੰਗਤਾਂ ਦੀ ਇਹ ਲੰਬੇ ਸਮੇਂ ਤੋਂ ਲਟਕੀ ਮੰਗ ਪੂਰੀ ਹੋ ਸਕੇ।
‘ਕਰਤਾਰਪੁਰ ਲਾਂਘਾ ਖੁੱਲ੍ਹਣਾ ਸਮੇਂ ਦੀ ਲੋੜ ਹੈ। ਦੁਨੀਆ ਭਰ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਉਡੀਕ ਕਰ ਰਹੀਆਂ ਹਨ।’
— ਬਾਬਾ ਅਵਤਾਰ ਸਿੰਘ, 16ਵੀਂ ਪੀੜ੍ਹੀ, ਸ੍ਰੀ ਗੁਰੂ ਨਾਨਕ ਦੇਵ ਜੀ ਵੰਸ਼