ਸੇਖਵਾਂ ਨੇ ਅੱਗੇ ਕਿਹਾ ਕਿ ਸ਼ਹੀਦਾਂ ਦੀ ਯਾਦ ’ਚ ਉਸਾਰੇ ਗਏ ਸਮਾਰਕ ਦੇ ਰੱਖ ਰਖਾਅ ਅਤੇ ਨਵੀਨੀਕਰਨ ਦੇ ਵਿਕਾਸ ਕਾਰਜ ਜਲਦ ਕਰਵਾਏ ਜਾਣਗੇ ਅਤੇ ਜਲਦ ਅਤਿ ਆਧੁਨਿਕ ਸਹੂਲਤਾਂ ਨਾਲ ਸੈੱਲ 500 ਕਪੈਸਟੀ ਵਾਲਾ ਆਡੀਟੋਰੀਅਮ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਆਸ਼ੀਰਵਾਦ ਸਦਕਾ ਉਹ ਛੋਟਾ ਘੱਲੂਘਾਰਾ ਛੰਬ ਕਾਹਨੂੰਵਾਨ ਦੇ ਵਿਕਾਸ ਲਈ ਸੇਵਾ ਕਰ ਰਹੇ ਹਨ।

ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵਲੋਂ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਛੰਬ ਵਿਖੇ 17 ਮਈ 1746 ਨੂੰ ਯੁੱਧ ਵਿਚ ਸ਼ਹੀਦ ਹੋਏ ਕਰੀਬ 11 ਹਜ਼ਾਰ ਸਿੰਘਾਂ-ਸਿੰਘਣੀਆਂ ਅਤੇ ਯੋਧਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ ਗਿਆ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਹੈਰੀਟੇਜ ਗੁਰਦਾਸਪੁਰ ਦੇ ਚੇਅਰਮੈਨ, ਆਦਿਤਿਆ ਉੱਪਲ ਦੀ ਅਗਵਾਈ ਵਿੱਚ ਕਰਵਾਏ ਸ਼ਹੀਦੀ ਸਮਾਗਮ ਵਿੱਚ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਸ਼ਹੀਦੀ ਸਮਾਗਮ ’ਚ ਹਲਕਾ ਇੰਚਾਰਜ ਕਾਦੀਆਂ ਐਡਵੋਕੈਟ ਜਗਰੂਪ ਸਿੰਘ ਸੇਖਵਾਂ, ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜ), ਤੇਜਿੰਦਰਪਾਲ ਸਿੰਘ ਸੰਧੂ, ਜਨਰਲ ਸਕੱਤਰ, ਜ਼ਿਲ੍ਹਾ ਹੈਰੀਟੇਜ ਸੁਸਾਇਟੀ (ਸਾਬਕਾ ਵਧੀਕ ਡਿਪਟੀ ਕਮਿਸਨਰ ਗੁਰਦਾਸਪੁਰ) ਤੇ ਸੰਗਤਾਂ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਅੱਜ ਉਹ ਸ਼ਹੀਦਾਂ ਦੀ ਧਰਤੀ ਛੋਟਾ ਘੱਲੂਘਾਰਾ ਸਮਾਰਕ ਵਿਖੇ ਆਏ ਹਨ ਅਤੇ ਸ਼ਹੀਦਾਂ ਨੂੰ ਯਾਦ ਕਰਨ ਦਾ ਸੁਭਾਗ ਮਿਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਪਿਤਾ ਜਥੇਦਾਰ ਸੇਵਾ ਸਿੰਘ ਸੇਖਵਾਂ ਜੀ ਵਲੋਂ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਦੇ ਨਿਰਮਾਣ ’ਚ ਵੱਡਮੁੱਲਾ ਯੋਗਦਾਨ ਪਾਇਆ ਹੈ ਅਤੇ ਉਨ੍ਹਾਂ ਦਾ ਇਤਿਹਾਸਕ ਤੇ ਧਾਰਮਿਕ ਸਥਾਨਾਂ ਨਾਲ ਡੂੰਘਾ ਲਗਾਅ ਸੀ। ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦਾਂ ਨੂੰ ਸਾਡੀ ਸਾਰਿਆਂ ਦੀ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ’ਚ ਸਹਿਯੋਗ ਕਰੀਏ।
ਸੇਖਵਾਂ ਨੇ ਅੱਗੇ ਕਿਹਾ ਕਿ ਸ਼ਹੀਦਾਂ ਦੀ ਯਾਦ ’ਚ ਉਸਾਰੇ ਗਏ ਸਮਾਰਕ ਦੇ ਰੱਖ ਰਖਾਅ ਅਤੇ ਨਵੀਨੀਕਰਨ ਦੇ ਵਿਕਾਸ ਕਾਰਜ ਜਲਦ ਕਰਵਾਏ ਜਾਣਗੇ ਅਤੇ ਜਲਦ ਅਤਿ ਆਧੁਨਿਕ ਸਹੂਲਤਾਂ ਨਾਲ ਸੈੱਲ 500 ਕਪੈਸਟੀ ਵਾਲਾ ਆਡੀਟੋਰੀਅਮ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਆਸ਼ੀਰਵਾਦ ਸਦਕਾ ਉਹ ਛੋਟਾ ਘੱਲੂਘਾਰਾ ਛੰਬ ਕਾਹਨੂੰਵਾਨ ਦੇ ਵਿਕਾਸ ਲਈ ਸੇਵਾ ਕਰ ਰਹੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਸਿਮਰਨ ਸਿੰਘ ਢਿੱਲੋਂ ਨੇ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ ਗੁਰਦਾਸਪੁਰ ਦੀ ਧਰਤੀ ਯੋਧਿਆ ਤੇ ਸੰਤਾਂ ਦੀ ਧਰਤੀ ਹੈ ਤੇ ਦੇਸ਼ ਦੀ ਸੇਵਾ ’ਚ ਗੁਰਦਾਸਪੁਰ ਵਾਸੀਆਂ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਜੋ ਕੋਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ, ਉਹ ਜਿੰਦਾ ਨਹੀਂ ਰਹਿੰਦੀਆਂ ਹਨ। ਇਸ ਮੌਕੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀ ਸ਼ਹੀਦਾਂ ਨੂੰ ਯਾਦ ਕਰੀਏ ਤੇ ਉਨ੍ਹਾਂ ਦੇ ਸੰਜੋਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੇ ਡਿਊਟੀ ਨਿਭਾਈਏ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਅਤੇ ਜਿਲਾ ਪ੍ਰਸ਼ਾਸਨ ਵਲੋਂ ਸ਼ਹੀਦਾਂ ਦੀ ਯਾਦ ਵਿਚ ਕਰਵਾਏ ਗਏ ਸ਼ਹੀਦੀ ਸਮਾਗਮ ਨੌਜਵਾਨ ਪੀੜ੍ਹੀ ਲਈ ਬਹੁਤ ਲਾਭਦਾਇਕ ਹਨ। ਇਸ ਤੋਂ ਪਹਿਲਾਂ ਤੇਜਿੰਦਰਪਾਲ ਸਿੰਘ ਸੰਧੂ, ਜਨਰਲ ਸੈਕਟਰੀ ਜਿਲਾ ਹੈਰੀਟੇਜ ਸੁਸਾਇਟੀ ਤੇ ਸਾਬਕਾ ਏਡੀਸੀ ਗੁਰਦਾਸਪੁਰ ਨੇ ਸਮੂਹ ਸੰਗਤਾਂ ਨੂੰ ਜੀ ਆਇਆ ਆਖਿਆ ਤੇ ਜਿਲਾ ਹੈਰੀਟੇਜ ਸੁਸਾਇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਸਵੇਰੇ 10 ਵਜੇ ਛੋਟਾ ਘੱਲੂਘਾਰਾ ਸਮਾਰਕ, ਕਾਹਨੂੰਵਾਨ ਛੰਬ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਜਾਵੇਗਾ, ਉਪਰੰਤ ਰਾਗੀ ਸਿੰਘਾਂ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਤੇ ਪ੍ਰਮੁੱਖ ਹਸਤੀਆਂ ਨੂੰ ਸਨਮਾਨਤ ਕੀਤਾ ਗਿਆ। ਜਾਵੇਗਾ। ਇਸ ਮੌਕੇ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ। ਇਸ ਮੌਕੇ ਪ੍ਰੋਫੈਸਰ ਰਾਜ ਕੁਮਾਰ ਸ਼ਰਮਾ, ਚੇਅਰਮੈਨ ਜਸਪਾਲ ਸਿੰਘ, ਸਮਾਜ ਸੇਵੀ ਨੀਰਜ ਮਹਾਜਨ ਧਾਰੀਵਾਲ, ਡਾ. ਬਲਬੀਰ ਸਿੰਘ ਭੌਰ ਅਕਾਲ ਹਸਪਤਾਲ ਦੇ ਮਾਲਕ, ਐਕਸੀਅਨ ਨਿਰਮਲ ਸਿੰਘ, ਨਰਿੰਦਰ ਸਿੰਘ ਜਲੰਧਰ ਤੋਂ, ਰਛਪਾਲ ਸਿੰਘ ਗੰਨੋਪੁਰ ਹਰਮਨਜੋਤ ਸਿੰਘ, ਹਰਜਿੰਦਰ ਸਿੰਘ, ਪ੍ਰਵੀਨ ਸਿੰਘ ਬਟਾਲਾ, ਪ੍ਰੀਤਮ ਸਿੰਘ ਜੀਈ, ਸਕੱਤਰ ਹੈਰੀਟੇਜ ਸੁਸਾਇਟੀ ਗੁਰਦਾਸਪੁਰ, ਹਰਮਨਜੀਤ ਸਿੰਘ ਜੁਆਇੰਟ ਸਕੱਤਰ, ਮਨਦੀਪ ਕੌਰ ਅਤੇ ਛੋਟਾ ਘੱਲੂਘਾਰਾ ਛੰਬ ਕਾਹਨੂੰਵਾਨ ਸਮਾਰਕ ਦੇ ਇੰਚਾਰਜ ਦਮਨਜੀਤ ਸਿੰਘ ਆਦਿ ਮੌਜੂਦ ਸਨ।