ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਧਾਮੀ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਵਸਾਏ ਨਗਰ ਸਿੱਖਾਂ ਲਈ ਵੱਡੀ ਮਹੱਤਤਾ ਰੱਖਦੇ ਹਨ। ਗੁਰੂ ਸਾਹਿਬਾਨ ਨੇ ਆਪਣੇ ਸਮੇਂ ਕਈ ਨਗਰ ਵਸਾਏ ਅਤੇ ਸੰਗਤਾਂ ਨੂੰ ਇਕ ਅਕਾਲ ਪੁਰਖ ਨਾਲ ਜੋੜਿਆ। ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਵਸਾਇਆ।

ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਛੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਵਸਾਈ ਨਗਰੀ ਸ੍ਰੀ ਕੀਰਤਪੁਰ ਸਾਹਿਬ ਦੀ 400 ਸਾਲਾ ਸਥਾਪਨਾ ਸ਼ਤਾਬਦੀ ਦੇ ਸਮਾਗਮਾਂ ਦਾ ਅੱਜ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਕੀਰਤਪੁਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੀ ਆਰੰਭਤਾ ਦੇ ਨਾਲ ਆਗਾਜ਼ ਹੋ ਗਿਆ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਬਾਬਾ ਗੁਰਦੇਵ ਸਿੰਘ ਤਰਨਾ ਦਲ ਸ਼ਹੀਦੀ ਬਾਗ, ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ, ਬਾਬਾ ਨਿਹਾਲ ਸਿੰਘ ਦਲ ਬਾਬਾ ਬਿਧੀਚੰਦ, ਬਾਬਾ ਜਰਨੈਲ ਸਿੰਘ, ਅੰਤ੍ਰਿੰਗ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਧਾਮੀ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਵਸਾਏ ਨਗਰ ਸਿੱਖਾਂ ਲਈ ਵੱਡੀ ਮਹੱਤਤਾ ਰੱਖਦੇ ਹਨ। ਗੁਰੂ ਸਾਹਿਬਾਨ ਨੇ ਆਪਣੇ ਸਮੇਂ ਕਈ ਨਗਰ ਵਸਾਏ ਅਤੇ ਸੰਗਤਾਂ ਨੂੰ ਇਕ ਅਕਾਲ ਪੁਰਖ ਨਾਲ ਜੋੜਿਆ। ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਵਸਾਇਆ। ਇਸੇ ਅਸਥਾਨ ’ਤੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ’ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਸਾਹਿਬ ਵੱਲੋਂ ਇਸ ਪਾਵਨ ਅਸਥਾਨ ’ਤੇ ਸਥਾਪਤ ਨੌਂ ਲੱਖਾ ਬਾਗ ਵਿੱਚੋਂ ਕੁਦਰਤੀ ਔਸ਼ਧੀਆਂ ਨਾਲ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਰੋਗੀਆਂ ਦਾ ਇਲਾਜ ਕੀਤਾ। ਉਨ੍ਹਾਂ ਕਿਹਾ ਕਿ ਇਸ ਪਾਵਨ ਅਸਥਾਨ ਦਾ 400 ਸਾਲਾ ਸਥਾਪਨਾ ਦਿਵਸ ਦਾ ਮੰਤਵ ਨੌਜੁਆਨ ਪੀੜ੍ਹੀ ਨੂੰ ਗੁਰੂ ਸਾਹਿਬਾਨ ਦੇ ਫਲਸਫੇ ਅਤੇ ਪਰਉਪਕਾਰਾਂ ਨਾਲ ਜੋੜਨਾ ਹੈ। ਐਡਵੋਕੇਟ ਧਾਮੀ ਨੇ ਇਸ ਇਤਿਹਾਸਕ ਦਿਹਾੜੇ ’ਤੇ ਕੌਮੀ ਇਕਜੁਟਤਾ ਦੀ ਅਪੀਲ ਕਰਦਿਆਂ ਕਿਹਾ ਕਿ ਪੰਥਕ ਮਾਮਲਿਆਂ ਦੇ ਹੱਲ ਲਈ ਗੁਰੂ ਸਾਹਿਬਾਨ ਦੇ ਦਰਸਾਏ ਸਿਧਾਂਤ ਸਹਾਈ ਹੋ ਸਕਦੇ ਹਨ। ਇਸ ਮੌਕੇ ਉਨ੍ਹਾਂ ਨੇ ਮੌਜੂਦਾ ਪੰਥਕ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਤਬਦੀਲੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਸਰਕਾਰਾਂ ਸਿੱਖਾਂ ਪ੍ਰਤੀ ਦੋਹਰਾ ਕਾਨੂੰਨੀ ਵਤੀਰਾ ਅਪਨਾ ਰਹੀਆਂ ਹਨ, ਜਿਸ ਵਿਰੁੱਧ ਸਿੱਖ ਕੌਮ ਨੂੰ ਇਕਜੁਟਤਾ ਨਾਲ ਵਿਰੋਧ ਦਰਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਸਰਕਾਰਾਂ ਸਿੱਖਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਵੀ ਉਲੰਘਣਾ ਕਰ ਰਹੀਆਂ ਹਨ, ਜਿਸ ਪ੍ਰਤੀ ਵੀ ਸੁਚੇਤ ਹੋਣ ਦੀ ਲੋੜ ਹੈ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰੂ ਸਾਹਿਬਾਨ ਦਾ ਵੱਖ-ਵੱਖ ਨਗਰ ਵਸਾਉਣ ਪਿੱਛੇ ਇਕ ਉਚੇਰਾ ਸੰਕਲਪ ਸੀ, ਜੋ ਵਿਲੱਖਣ ਸੱਭਿਆਚਾਰ, ਧਰਮ ਦੇ ਪ੍ਰਚਾਰ ਅਤੇ ਸਮਾਜਿਕ ਬਰਾਬਰੀ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਦੇ ਸਥਾਪਨਾ ਦਿਵਸ ਦੇ ਸ਼ਤਾਬਦੀ ਸਮਾਗਮ ਪੰਥ ਵੱਲੋਂ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਏ ਜਾ ਰਹੇ ਹਨ। ਗੁਰੂ ਸਾਹਿਬ ਨੇ ਜੋ ਰੱਲ ਕੇ ਰਹਿਣ ਤੇ ਵਿਲੱਖਣ ਪਛਾਣ ਦਾ ਸੰਕਲਪ ਦਿੱਤਾ ਅੱਜ ਕੌਮ ਨੂੰ ਉਸ ’ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਸੰਗਤਾਂ ਨੂੰ ਸ਼ਤਾਬਦੀ ਸਬੰਧੀ ਹੋ ਰਹੇ ਸਮਾਗਮਾਂ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ।
ਇਸ ਮੌਕੇ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਦੇ ਨਜ਼ਦੀਕ ਗੁਰੂ ਸਾਹਿਬ ਵੱਲੋਂ ਸਥਾਪਤ ਨੌਲੱਖਾ ਬਾਗ ਵਿਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਤਾਬਦੀ ਦੀ ਯਾਦ ’ਚ ਹਰੜ ਅਤੇ ਕਲੋੜ ਸਮੇਤ ਹੋਰ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ। ਇਸੇ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਗਿਆ, ਜਿਸ ਵਿਚ 82 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਅਭਿਲਾਖੀਆਂ ਨੂੰ ਕਕਾਰ ਧਰਮ ਪ੍ਰਚਾਰ ਕਮੇਟੀ ਵੱਲੋਂ ਭੇਟਾ ਰਹਿਤ ਦਿੱਤੇ ਗਏ।
ਇਸ ਮੌਕੇ ਬਾਬਾ ਗੁਰਦੇਵ ਸਿੰਘ ਤਰਨਾ ਦਲ ਸ਼ਹੀਦੀ ਬਾਗ, ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ, ਬਾਬਾ ਨਿਹਾਲ ਸਿੰਘ ਦਲ ਬਾਬਾ ਬਿਧੀਚੰਦ, ਬਾਬਾ ਜਰਨੈਲ ਸਿੰਘ, ਅੰਤ੍ਰਿੰਗ ਕਮੇਟੀ ਮੈਂਬਰ ਸ. ਦਲਜੀਤ ਸਿੰਘ ਭਿੰਡਰ, ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਮੀਤ ਸਕੱਤਰ ਸ. ਸੁਖਬੀਰ ਸਿੰਘ, ਚੀਫ ਜਗਦੀਸ਼ ਸਿੰਘ ਬੁੱਟਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਜੁਗਿੰਦਰ ਸਿੰਘ, ਮੈਨੇਜਰ ਸ. ਮਲਕੀਤ ਸਿੰਘ, ਮੈਨੇਜਰ ਗੁਰਦੀਪ ਸਿੰਘ ਕੰਗ, ਵਧੀਕ ਮੈਨੇਜਰ ਹਰਦੇਵ ਸਿੰਘ, ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਡਾ. ਜਸਬੀਰ ਸਿੰਘ, ਸਿੱਖ ਚਿੰਤਕ ਤਲਵਿੰਦਰ ਸਿੰਘ ਬੁੱਟਰ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਜਸਬੀਰ ਸਿੰਘ, ਹੈਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਸਮੇਤ ਸੰਗਤਾਂ ਮੌਜੂਦ ਸਨ।