ਐਤਵਾਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਬਾਕੀ ਮੁਲਜ਼ਮਾਂ ਵਿੱਚੋਂ ਇੱਕ ਮਾਨਿਕ ਛੇਹਰਟਾ ਕੁਲੀਆਂ ਪਿੰਡ ਤੋਂ ਮੋਟਰਸਾਈਕਲ 'ਤੇ ਆ ਰਿਹਾ ਹੈ। ਇਸ ਦੌਰਾਨ ਜਦੋਂ ਥਾਣਾ ਸਿਟੀ ਦੇ ਐੱਸਐੱਚਓ ਸੁਖਜਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਜਾਲ ਵਿਛਾ ਕੇ ਉਸਨੂੰ ਰੋਕਿਆ ਤਾਂ ਉਸਨੇ ਪੁਲਿਸ ਪਾਰਟੀ 'ਤੇ ਗੋਲ਼ੀਬਾਰੀ ਕਰ ਦਿੱਤੀ।

ਸੁਖਦੇਵ ਸਿੰਘ*ਪੰਜਾਬੀ ਜਾਗਰਣ, ਬਟਾਲਾ : ਐਤਵਾਰ ਦੀ ਰਾਤ ਨੂੰ ਬਟਾਲਾ ਦੇ ਸੈਨ ਮੁਬਾਰਕ ਕੁਲੀਆਂ ਨਜ਼ਦੀਕ ਪੁਲਿਸ ਮੁਕਾਬਲੇ 'ਚ ਜੱਗੂ ਭਗਵਾਨਪੁਰੀਏ ਦਾ ਗੁਰਗਾ ਪੁਲਿਸ ਮੁਕਾਬਲੇ 'ਚ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਇਆ ਹੈ। ਦੋ ਨਵੰਬਰ ਨੂੰ ਬਟਾਲਾ ਦੇ ਡੇਰਾ ਰੋਡ 'ਤੇ ਖੋਖਰ ਪੈਲੇਸ ਨੇੜੇ ਇੱਕ ਨੌਜਵਾਨ ਦੇ ਕਤਲ ਕੇਸ 'ਚ ਬਟਾਲਾ ਪੁਲਿਸ ਨੇ ਪੰਜ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਸੀ। ਉਕਤ ਮਾਮਲੇ 'ਚ ਨਾਮਜ਼ਦ ਮਾਨਿਕ ਵਾਸੀ ਸਹਾਇਤਾ ਅੰਮ੍ਰਿਤਸਰ ਪੁਲਿਸ ਮੁਕਾਬਲੇ 'ਚ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਜ਼ਖਮੀ ਹੋ ਗਿਆ। ਉਸਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਡੀਆਈਜੀ ਸੰਦੀਪ ਗੋਇਲ ਨੇ ਕਿਹਾ ਕਿ ਦੋ ਨਵੰਬਰ ਦੀ ਸ਼ਾਮ ਨੂੰ ਡੇਰਾ ਰੋਡ 'ਤੇ ਜਸਜੀਤ ਸਿੰਘ ਉਰਫ ਦੀਪ ਚੀਮਾ ਨੂੰ ਗੋਲ਼ੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਦੋ ਮੋਟਰਸਾਈਕਲਾਂ 'ਤੇ ਸਵਾਰ ਪੰਜ ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਆਈਜੀ ਨੇ ਅੱਗੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਲਈ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਪਹਿਲਾਂ ਹੀ ਦੋ ਮੁਲਜ਼ਮਾਂ, ਹਰਿੰਦਰ ਹੈਰੀ ਅਤੇ ਸਵਿੰਦਰ ਸੇਵੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਐਤਵਾਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਬਾਕੀ ਮੁਲਜ਼ਮਾਂ ਵਿੱਚੋਂ ਇੱਕ ਮਾਨਿਕ ਛੇਹਰਟਾ ਕੁਲੀਆਂ ਪਿੰਡ ਤੋਂ ਮੋਟਰਸਾਈਕਲ 'ਤੇ ਆ ਰਿਹਾ ਹੈ। ਇਸ ਦੌਰਾਨ ਜਦੋਂ ਥਾਣਾ ਸਿਟੀ ਦੇ ਐੱਸਐੱਚਓ ਸੁਖਜਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਜਾਲ ਵਿਛਾ ਕੇ ਉਸਨੂੰ ਰੋਕਿਆ ਤਾਂ ਉਸਨੇ ਪੁਲਿਸ ਪਾਰਟੀ 'ਤੇ ਗੋਲ਼ੀਬਾਰੀ ਕਰ ਦਿੱਤੀ। ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਮਾਨਿਕ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਉਸਨੂੰ ਕਾਬੂ ਕਰ ਲਿਆ ਗਿਆ ਅਤੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸਨੇ ਦੱਸਿਆ ਕਿ ਦੀਪ ਚੀਮਾ ਦਾ ਕਤਲ ਗੈਂਗਵਾਰ ਦਾ ਨਤੀਜਾ ਸੀ।
ਮਨੂ ਘਣਸ਼ਿਆਮਪੁਰੀਆ ਗੈਂਗ ਦਾ ਮੰਨਣਾ ਸੀ ਕਿ ਦੀਪ ਚੀਮਾ ਵਿਰੋਧੀ ਗੈਂਗ ਮੈਂਬਰ ਸੀ। ਇਨ੍ਹਾਂ ਸਾਰੇ ਕਾਤਲਾਂ ਨੂੰ ਜੱਗੂ ਭਗਵਾਨਪੁਰੀਆ ਗੈਂਗ ਦੇ ਕੇਸ਼ਵ ਸ਼ਿਵਾਲਾ ਅਤੇ ਅੰਮ੍ਰਿਤ ਦਾਲਮ ਸੰਭਾਲ ਰਹੇ ਸਨ। ਡੀਆਈਜੀ ਨੇ ਦੱਸਿਆ ਕਿ ਜ਼ਖਮੀ ਮਾਨਿਕ ਛੇਹਰਟਾ ਗੈਂਗਸਟਰ ਕੇਸ਼ਵ ਸ਼ਵਾਲਾ ਅਤੇ ਅੰਮ੍ਰਿਤ ਦਾਲਮ ਦੇ ਇਸ਼ਾਰੇ 'ਤੇ ਕੰਮ ਕਰਦਾ ਸੀ ਅਤੇ ਇਹ ਜੱਗੂ ਭਗਵਾਨਪੁਰੀਏ ਦੇ ਗੈਂਗ ਦਾ ਮੈਂਬਰ ਹੈ। ਡੀਆਈਜੀ ਨੇ ਅੱਗੇ ਦੱਸਿਆ ਕਿ ਪੁਲਿਸ ਬਾਕੀ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਉਨ੍ਹਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਮੌਕੇ ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ, ਐੱਸਪੀਡੀ ਗੁਰਪ੍ਰਤਾਪ ਸਿੰਘ ਸਹੋਤਾ, ਡੀਐੱਸਪੀ ਸਿਟੀ ਸੰਜੀਵ ਕੁਮਾਰ ਐੱਸਐੱਚਓ ਸਿਟੀ ਸੁਖਜਿੰਦਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ।