‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿਚ ਹੋਰ ਲਿਆਂਦੀ ਜਾਵੇਗੀ ਤੇਜ਼ੀ : ਡਿਪਟੀ ਕਮਿਸ਼ਨਰ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੀ ਅਗਲੇ ਮਹੀਨੇ ਸ਼ੁਰੂ ਹੋਣ ਵਾਲੀ ਕਰਵਾਈ ਦੀ ਰੁਪਰੇਖਾ ਤਿਆਰ ਕਰਨ ਦੇ ਲਈ ਪੁਲਿਸ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ । ਮੀਟਿੰਗ ਵਿਚ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਮਹੀਨੇ ਦੇ ਪਹਿਲੇ ਹਫਤੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਜਾਵੇਗੀ, ਜਿਸ ਵਿਚ ਨਸ਼ਾ ਮੁਕਤ ਪੰਜਾਬ ਸਬੰਧੀ ਮੁਹਿੰਮ ਨੂੰ ਸਫਲ ਬਣਾਉਣ ਲਈ ਜ਼ਮੀਨੀ ਪੱਧਰ ’ਤੇ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਲੇਜ ਡਿਫੈਂਸ ਕਮੇਟੀਆਂ ਦੇ ਪ੍ਰਧਾਨ ਅਤੇ ਕਨਵੀਨਰ, ਮੈਂਬਰਾਂ ਨਾਲ ਤਾਲਮੇਲ ਕਰਕੇ ਯਕੀਨੀ ਬਣਾਉਣਗੇ ਕਿ ਹੋਣ ਵਾਲੀਆਂ ਸਾਰੀਆਂ ਮੀਟਿੰਗ ’ਚ ਭਾਗ ਲੈਣ । ਉਨ੍ਹਾਂ ਕਿਹਾ ਕਿ ਫਰਵਰੀ ਤੋਂ ਸ਼ੁਰੂ ਹੋਣ ਵਾਲੀ ਪਹਿਲੀ ਮੀਟਿੰਗ ਦਾ ਉਦੇਸ਼ ਕਮੇਟੀ ਦੇ ਐਕਟਿਵ ਪ੍ਰਧਾਨਾਂ ਦੀ ਚੋਣ ਕਰਨਾ ਹੈ ਅਤੇ ਮੈਂਬਰ ਨੂੰ ਨਸ਼ਾ ਮੁਕਤ ਐਪ ਇੰਸਟਾਲ ਕਰਵਾਉਣਾ ਹੈ, ਇਸ ਦੇ ਨਾਲ ਸਾਰੇ ਨਸ਼ਾ ਵੇਚਣ ਅਤੇ ਕਰਨ ਵਾਲਿਆਂ ਦੀ ਪਿੰਡ ਅਤੇ ਵਾਰਡ ਪੱਧਰ ਤੇ ਸ਼ਨਾਖਤ ਕੀਤੀ ਜਾਵੇਗੀ ਅਤੇ ਫਰਵਰੀ ਨੂੰ ਹੋਣ ਵਾਲੀ ਮੈਗਾ ਮੀਟਿੰਗ ਵਿਚ ਮੈਂਬਰ ਅਤੇ ਪਹਿਰੇਦਾਰ ਵਿਸ਼ੇਸ਼ ਤੌਰ ’ਤੇ ਭਾਗ ਲੈਣਗੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਫਰਵਰੀ ਮਹੀਨੇ ਦੇ ਦੂਜੇ ਹਫਤੇ ਅਸੈਂਬਲੀ ਲੈਵਲ ਤੇ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਧਾਇਕ ਅਤੇ ਇੰਚਾਰਜ਼ ਦੀ ਅਗਵਾਈ ਵਿਚ ਹਰ ਮਹੀਨੇ ਹੋਣ ਵਾਲੀ ਇਸ ਮੀਟਿੰਗ ਵਿਚ ਡੀਐੱਸਪੀ ਅਤੇ ਅਸੈਂਬਲੀ ਅਤੇ ਬਲਾਕ ਪੱਧਰ ਦੇ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਟੀਮ ਨਾਲ ਤਾਲਮੇਲ ਕਰਕੇ ਮੁਹਿੰਮ ਨੂੰ ਸਫਲ ਬਣਾਉਣ ਦੇ ਲਈ ਜ਼ਮੀਨੀ ਪੱਧਰੀ ਤੇ ਰੂਪਰੇਖਾ ਤਿਆਰ ਕਰਨਗੇ। ਪਿੰਡ ਬਲਾਕ ਪੱਧਰ ਤੇ ਮੀਟਿੰਗ ਵਿਚ ਇਕੱਤਰਤ ਕੀਤੇ ਡਾਟਾ ਅਨੁਸਾਰ ਨਸ਼ਾ ਵੇਚਣ ਵਾਲਿਆਂ ਦੀ ਪਕੜ ਅਤੇ ਨਸ਼ੇ ਦੀ ਦਲਦਲ ਵਿਚ ਫਸੇ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਮਹੀਨੇ ਦੇ ਚੌਥੇ ਹਫਤੇ ਜ਼ਿਲ੍ਹਾ ਪੱਧਰ ’ਤੇ ਮੀਟਿੰਗ ਕੀਤੀ ਜਾਵੇਗੀ, ਜਿਸ ਵਿਚ ਕੈਬਨਿਟ ਮੰਤਰੀ, ਐੱਮਪੀ, ਐੱਸਐੱਸਪੀ ਡੀਐੱਸਪੀ ਪੱਧਰ ਦੇ ਅਧਿਕਾਰੀ ਯੁੱਧ ਨਸ਼ਿਆਂ ਵਿਰੁੱਧ ਟੀਮ ਦੇ ਨਾਲ ਸਲਾਹ ਕਰ ਕੇ ਰੂਪਰੇਖ ਅਮਲ ਵਿੱਚ ਲਿਆਉਣਗੇ। ਮੀਟਿੰਗ ਦੌਰਾਨ ਜ਼ਿਲ੍ਹੇ ਵਿਚ ਨਸ਼ਿਆਂ ਦੇ ਖਿਲਾਫ ਚੱਲ ਰਹੀ ਮੁਹਿੰਮ ਬਾਰੇ ਚਰਚਾ ਕੀਤੀ ਜਾਵੇਗੀ ਅਤੇ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਸਮਾਂ ਸੀਮਾ ਅੰਦਰ ਹੱਲ ਲਈ ਯੋਜਨਾ ਵੀ ਉਲੀਕੀ ਜਾਵੇਗੀ। ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿ) ਅਰਵਿੰਦ ਕੁਮਾਰ, ਐੱਸਡੀਐੱਮ ਫਿਰੋਜ਼ਪੁਰ ਲਿੰਦਿਆ, ਐੱਸਡੀਐੱਮ ਗੁਰੂਹਰਸਹਾਏ ਹਰਬੰਸ ਸਿੰਘ, ਐੱਸਡੀਐੱਮ ਜ਼ੀਰਾ ਅਰਵਿੰਦ ਪਾਲ ਸਿੰਘ, ਸਹਾਇਕ ਕਮਿਸ਼ਨਰ ਰਾਜਬੀਰ ਸਿੰਘ ਤੋਂ ਇਲਾਵਾ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।