ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਦੇ ਸਮੂਹ ਗਜ਼ਟਿਡ ਅਫਸਰਾਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਸਾਡਾ ਮਕਸਦ ਫਿਰੋਜ਼ਪੁਰ ਨੂੰ ਨਸ਼ਾ ਮੁਕਤ ਕਰਨਾ ਅਤੇ ਗੈਂਗਸਟਰ ਕਲਚਰ ਨੂੰ ਜੜ੍ਹ ਤੋਂ ਖਤਮ ਕਰਨਾ ਹੈ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।

ਪਰਮਿੰਦਰ ਸਿੰਘ ਥਿੰਦ , ਪੰਜਾਬੀ ਜਾਗਰਣ , ਫਿਰੋਜ਼ਪੁਰ। ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਵਿਚ ਸਫਲਤਾ ਹਾਸਲ ਕਰਦਿਆਂ ਫ਼ਿਰੋਜ਼ਪੁਰ ਪੁਲਿਸ ਨੇ ਅਪ੍ਰੈਲ ਮਹੀਨੇ ਦੇ ਪਹਿਲੇ 15 ਦਿਨਾਂ ਵਿੱਚ 21 ਕਿੱਲੋ ਹੈਰੋਇਨ, 7 ਪਿਸਟਲ, 7 ਮੋਬਾਈਲ, ਤੇ 34 ਸਿਮ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਵਿੱਚ ਸ਼ਹਿਜ਼ਾਦ ਭੱਟੀ ਵੱਲੋਂ ਭੇਜੇ ਡਰੋਨ ਤੇ ਹੈਰੋਇਨ ਵੀ ਸ਼ਾਮਲ ਹੈ। ਭੁਪਿੰਦਰ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅਪ੍ਰੈਲ ਮਹੀਨੇ ਵਿਚ ਪੁਲਿਸ ਨੇ ਦੋ ਪ੍ਰਮੁੱਖ ਮੁਹਿੰਮਾਂ ‘‘ਯੁੱਧ ਨਸ਼ਿਆਂ ਵਿਰੁੱਧ’’ ਤੇ ‘‘ਗੈਂਗਸਟਰਾਂ ‘ਤੇ ਵਾਰ’’ ਤਹਿਤ ਕਾਰਵਾਈ ਕਰਦਿਆਂ ਕਈ ਵੱਡੇ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਹੈ।
ਨਸ਼ਾ ਵਿਰੋਧੀ ਮੁਹਿੰਮ ਤਹਿਤ ਪੁਲਿਸ ਨੇ 10 ਮੁਕੱਦਮੇ ਦਰਜ ਕਰਕੇ 15 ਵੱਡੇ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਕੋਲੋਂ 21 ਕਿੱਲੋ 343 ਗ੍ਰਾਮ, ਆਈਸੀਈ ਡਰੱਗ 521 ਗ੍ਰਾਮ, ਅਫੀਮ 1 ਕਿੱਲੋ, 2 ਡਰੋਨ, 7 ਮੋਬਾਈਲ ਫੋਨ ਅਤੇ 34 ਸਿਮ ਕਾਰਡ, 3 ਮੋਟਰਸਾਈਕਲ, 1 ਪਿਸਟਲ ਗਲੋਕ ਅਤੇ 02 ਜਿੰਦਾ ਰੌਂਦ ਬਰਾਮਦ ਕੀਤੇ ਹਨ।
ਥਾਣਾ ਸਿਟੀ ਫਿਰੋਜ਼ਪੁਰ ਨੇ ਸੌਰਵ ਅਤੇ ਵੰਸ਼ ਨਾਮੀ ਤਸਕਰਾਂ ਤੋਂ 5 ਕਿੱਲੋ 10 ਗ੍ਰਾਮ ਹੈਰੋਇਨ ਬਰਾਮਦ ਕੀਤੀ। ਸੀਆਈਏ ਫਿਰੋਜ਼ਪੁਰ ਨੇ ਰਾਵਲ ਸਿੰਘ ਉਰਫ ਚਾਂਦੀ ਤੋਂ 5 ਕਿੱਲੋ 566 ਗ੍ਰਾਮ ਹੈਰੋਇਨ ਅਤੇ 34 ਸਿਮ ਕਾਰਡ ਬਰਾਮਦ ਕੀਤੇ। ਥਾਣਾ ਮੱਲਾਂਵਾਲਾ ਨੇ ਖੇਤਾਂ ਵਿੱਚੋਂ 6 ਕਿੱਲੋ 930 ਗ੍ਰਾਮ ਹੈਰੋਇਨ ਅਤੇ ਇਕ ਡਰੋਨ ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ। ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ ਨੇ 7 ਮਾਮਲਿਆਂ ਵਿਚ 08 ਅਪਰਾਧੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 3 ਪਿਸਟਲ ਗਲੋਕ 9 ਐੱਮਐੱਮ ਸਮੇਤ 7 ਮੈਗਜ਼ੀਨ ਅਤੇ 23 ਜਿੰਦਾ ਰੌਂਦ, 02 ਪਿਸਟਲ 32 ਬੋਰ ਅਤੇ 1 ਪਿਸਟਲ 30 ਬੋਰ ਅਤੇ ਕੁੱਲ 11 ਮੈਗਜ਼ੀਨ ਅਤੇ 26 ਜਿੰਦਾ ਰੌਂਦ ਬਰਾਮਦ ਕੀਤੇ ਹਨ।
ਇਸ ਤੋਂ ਇਲਾਵਾ 13 ਮੋਟਰਸਾਈਕਲ ਚੋਰੀ-ਸ਼ੁਦਾ, 16 ਮੋਬਾਈਲ ਫੋਨ ਅਤੇ 2 ਬੈਟਰੀਆਂ ਬਰਾਮਦ ਕੀਤੀਆਂ ਹਨ। ਸਵਰਨ ਕੌਰ ਅਤੇ ਗੁਰਵਿੰਦਰ ਸਿੰਘ ਨੂੰ ਥਾਣਾ ਸਦਰ ਫਿਰੋਜ਼ਪੁਰ ਦੀ ਟੀਮ ਨੇ 2 ਗਲੋਕ ਪਿਸਟਲ ਅਤੇ ਭਾਰੀ ਮਾਤਰਾ ਵਿਚ ਗੋਲੀ-ਸਿੱਕੇ ਸਮੇਤ ਗ੍ਰਿਫਤਾਰ ਕੀਤਾ। ਥਾਣਾ ਸਿਟੀ ਅਤੇ ਕੈਂਟ ਪੁਲਿਸ ਨੇ ਚੋਰੀ ਦੇ 11 ਮੋਟਰਸਾਈਕਲ ਅਤੇ ਮੋਬਾਇਲ ਫੋਨਾਂ ਸਮੇਤ ਕਈ ਦੋਸ਼ੀਅਨ ਨੂੰ ਕਾਬੂ ਕੀਤਾ।
ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਦੇ ਸਮੂਹ ਗਜ਼ਟਿਡ ਅਫਸਰਾਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਸਾਡਾ ਮਕਸਦ ਫਿਰੋਜ਼ਪੁਰ ਨੂੰ ਨਸ਼ਾ ਮੁਕਤ ਕਰਨਾ ਅਤੇ ਗੈਂਗਸਟਰ ਕਲਚਰ ਨੂੰ ਜੜ੍ਹ ਤੋਂ ਖਤਮ ਕਰਨਾ ਹੈ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।