ਰੇਲਵੇ ਨਿਯਮਾਂ ਦੀ ਉਲੰਘਣਾ ਪਵੇਗੀ ਮਹਿੰਗੀ! ਬਿਨਾਂ ਟਿਕਟ ਯਾਤਰਾ ਅਤੇ ਗੰਦਗੀ ਫੈਲਾਉਣ ਵਾਲਿਆਂ ਤੋਂ ਵਸੂਲੇ ਕਰੋੜਾਂ ਰੁਪਏ
ਸਾਲ 2025 ਦੇ ਅਪ੍ਰੈਲ ਤੋਂ ਦਸੰਬਰ ਮਹੀਨੇ ਦੀ ਮਿਆਦ ਦੌਰਾਨ ਟਿਕਟ ਚੈਕਿੰਗ ਰਾਹੀਂ ਇਕੱਠਾ ਹੋਇਆ ਮਾਲੀਆ 23.97 ਕਰੋੜ ਹੈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਲਗਪਗ 13 ਫੀਸਦੀ ਜ਼ਿਆਦਾ ਹੈ। ਮੰਡਲ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼-ਸੁਥਰਾ ਬਣਾਏ ਰੱਖਣ ਤੇ ਆਮ ਜਨਤਾ ਨੂੰ ਸਟੇਸ਼ਨਾਂ ’ਤੇ ਗੰਦਗੀ ਫੈਲਾਉਣ ਤੋਂ ਰੋਕਣ
Publish Date: Sat, 03 Jan 2026 11:46 AM (IST)
Updated Date: Sat, 03 Jan 2026 11:52 AM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਮੰਡਲ ਦੀ ਟਿਕਟ ਚੈਕਿੰਗ ਟੀਮ ਵੱਲੋਂ ਟ੍ਰੇਨਾਂ ’ਚ ਅਣਅਧਿਕਾਰਤ ਤੌਰ ’ਤੇ ਸਫ਼ਰ ਕਰ ਰਹੇ ਯਾਤਰੀਆਂ ਨੂੰ ਰੋਕਣ ਲਈ ਟ੍ਰੇਨਾਂ ’ਚ ਲਗਾਤਾਰ ਟਿਕਟ ਚੈਕਿੰਗ ਕੀਤੀ ਜਾ ਰਹੀ ਹੈ। ਮੰਡਲ ਦੇ ਟਿਕਟ ਚੈਕਿੰਗ ਸਟਾਫ਼ ਤੇ ਮੁੱਖ ਟਿਕਟ ਨਿਰੀਖਕਾਂ ਵੱਲੋਂ ਦਸੰਬਰ 2025 ਦੀ ਮਿਆਦ ਦੌਰਾਨ ਟਿਕਟ ਜਾਂਚ ਮੁਹਿੰਮ ਤਹਿਤ ਕੁੱਲ 2.56 ਕਰੋੜ ਦੀ ਆਮਦਨ ਪ੍ਰਾਪਤ ਕੀਤੀ ਗਈ ਹੈ, ਜੋ ਕਿ ਦਸੰਬਰ 2024 ਦੀ ਆਮਦਨ 2.18 ਕਰੋੜ ਦੇ ਮੁਕਾਬਲੇ ਲਗਪਗ 17 ਫ਼ੀਸਦੀ ਜ਼ਿਆਦਾ ਹੈ। ਇਸ ਤੋਂ ਇਲਾਵਾ ਇਹ ਆਮਦਨ ਦਸੰਬਰ 2025 ਦੇ ਨਿਰਧਾਰਿਤ ਟੀਚੇ 2.55 ਕਰੋੜ ਤੋਂ ਵੀ ਵੱਧ ਰਹੀ ਹੈ। ਦਸੰਬਰ 2025 ਦੀ ਮਿਆਦ ਦੌਰਾਨ ਬਿਨਾਂ ਟਿਕਟ ਯਾਤਰਾ, ਨਿਯਮਾਂ ਦੇ ਉਲਟ ਯਾਤਰਾ, ਅਣ-ਬੁੱਕਡ ਸਮਾਨ, ਐਂਟੀ-ਲਿਟਰਿੰਗ (ਗੰਦਗੀ ਫੈਲਾਉਣਾ) ਤੇ ਸਿਗਰਟਨੋਸ਼ੀ ਨਾਲ ਸਬੰਧਤ ਕੁੱਲ 36,516 ਮਾਮਲਿਆਂ ’ਚ ਕਾਰਵਾਈ ਕੀਤੀ ਗਈ।
ਸਾਲ 2025 ਦੇ ਅਪ੍ਰੈਲ ਤੋਂ ਦਸੰਬਰ ਮਹੀਨੇ ਦੀ ਮਿਆਦ ਦੌਰਾਨ ਟਿਕਟ ਚੈਕਿੰਗ ਰਾਹੀਂ ਇਕੱਠਾ ਹੋਇਆ ਮਾਲੀਆ 23.97 ਕਰੋੜ ਹੈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਲਗਪਗ 13 ਫੀਸਦੀ ਜ਼ਿਆਦਾ ਹੈ। ਮੰਡਲ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼-ਸੁਥਰਾ ਬਣਾਏ ਰੱਖਣ ਤੇ ਆਮ ਜਨਤਾ ਨੂੰ ਸਟੇਸ਼ਨਾਂ ’ਤੇ ਗੰਦਗੀ ਫੈਲਾਉਣ ਤੋਂ ਰੋਕਣ ਅਤੇ ਉਨ੍ਹਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਮੰਡਲ ਦੇ ਮੁੱਖ ਸਟੇਸ਼ਨਾਂ ’ਤੇ ਨਿਯਮਿਤ ਜਾਂਚ ਕੀਤੀ ਜਾਂਦੀ ਹੈ। ਇਸ ਦੇ ਸਿੱਟੇ ਵਜੋਂ ਨਵੰਬਰ ’ਚ 416 ਯਾਤਰੀਆਂ ਨੂੰ ਸਟੇਸ਼ਨ ਕੰਪਲੈਕਸ ’ਚ ਗੰਦਗੀ ਫੈਲਾਉਣ ਕਾਰਨ (ਐਂਟੀ-ਲਿਟਰਿੰਗ ਐਕਟ) ਉਨ੍ਹਾਂ ਕੋਲੋਂ 65 ਹਜ਼ਾਰ ਰੁਪਏ ਤੋਂ ਵੱਧ ਜੁਰਮਾਨਾ ਵਸੂਲਿਆ ਗਿਆ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਵੱਲੋਂ ਯਾਤਰੀਆਂ ’ਚ ਟਿਕਟ ਲੈ ਕੇ ਯਾਤਰਾ ਕਰਨ, ਸਵੱਛਤਾ ਬਣਾਈ ਰੱਖਣ ਅਤੇ ਰੇਲਵੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਨਿਰੰਤਰ ਟਿਕਟ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਪ੍ਰਾਪਤੀ ਮੰਡਲ ਦੇ ਟਿਕਟ ਚੈਕਿੰਗ ਸਟਾਫ਼ ਦੀ ਨਿਰੰਤਰ ਯਤਨਾਂ ਦਾ ਨਤੀਜਾ ਹੈ।