ਐੱਸਐੱਸ ਵਿਸ਼ਾ ਬੱਚਿਆਂ ਨੂੰ ਵੱਡੇ ਅਫਸਰ ਬਣਾਉਣ ਦੇ ਸਮਰੱਥ : ਡੀਆਰਸੀ ਚੌਹਾਨ
ਸਮਾਜਿਕ ਸਿੱਖਿਆ ਵਿਸ਼ੇ ਦੀ ਟਰੇਨਿੰਗ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫਿਰੋਜ਼ਪੁਰ ਵਿਖੇ ਲਗਾਈ ਗਈ
Publish Date: Tue, 18 Nov 2025 05:59 PM (IST)
Updated Date: Tue, 18 Nov 2025 06:01 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ: ਜ਼ਿਲ੍ਹਾ ਸਿੱਖਿਆ ਅਫਸਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਦੀ ਯੋਗ ਅਗਵਾਈ ਹੇਠ ਅੱਜ ਫਿਰੋਜ਼ਪੁਰ ਡਾਇਟ ਵਿਖੇ ਸਮਾਜਿਕ ਸਿੱਖਿਆ ਵਿਸ਼ੇ ਦੀ ਟਰੇਨਿੰਗ ਲਗਾਈ ਗਈ। ਇਸ ਟਰੇਨਿੰਗ ਵਿਚ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ। ਸਟੇਟ ਅਤੇ ਜ਼ਿਲ੍ਹੇ ਤੋਂ ਟਰੇਨਿੰਗ ਪ੍ਰਾਪਤ ਰਿਸੋਰਸ ਪਰਸਨ ਨੇ ਅਧਿਆਪਕਾਂ ਦਾ ਬਹੁਤ ਹੀ ਸੁਚੱਜੇ ਢੰਗ ਨਾਲ ਟਰੇਨਿੰਗ ਦਾ ਕੰਮ ਨੇਪਰੇ ਚਾੜਿਆ। ਟਰੇਨਿੰਗ ਦੀ ਸ਼ੁਰੂਆਤ ਡੀਆਰਸੀ ਦਿਨੇਸ਼ ਚੌਹਾਨ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕੀਤੀ। ਡੀਆਰਸੀ ਨੇ ਕਿਹਾ ਕਿ ਨਵੇਂ ਢੰਗ ਤਰੀਕੇ ਅਪਣਾ ਕੇ ਅਸੀਂ ਵਿਦਿਆਰਥੀਆਂ ਨੂੰ ਸਮਾਜਿਕ ਸਿੱਖਿਆ ਨਾਲ ਜੋੜ ਸਕਦੇ ਹਾਂ ਅਤੇ ਵਿਸ਼ੇ ਨੂੰ ਮਨੋਰੰਜਕ ਢੰਗ ਨਾਲ ਪੇਸ਼ ਕਰਕੇ ਵਿਦਿਆਰਥੀਆਂ ਨੂੰ ਭਵਿੱਖ ਦੇ ਅਫਸਰ ਬਣਨ ਲਈ ਪ੍ਰੇਰਿਤ ਕਰ ਸਕਦੇ ਹਾਂ। ਡਾਇਟ ਪ੍ਰਿੰਸੀਪਲ ਸੀਮਾ ਨੇ ਜਿੱਥੇ ਸੁਚੱਜੇ ਪ੍ਰਬੰਧ ਕੀਤੇ ਹੋਏ ਸਨ ਉੱਥੇ ਹੀ ਉਨ੍ਹਾਂ ਨੇ ਅਧਿਆਪਕਾਂ ਨੂੰ ਸਮਾਜਿਕ ਸਿੱਖਿਆ ਦੇ ਵਿਸ਼ੇ ਦੇ ਅਧਿਆਪਕ ਨੂੰ ਹਰ ਸਮੇਂ ਗਿਆਨ ਨਾਲ ਜੁੜੇ ਰਹਿਣ ਲਈ ਪ੍ਰੇਰਨਾ ਦਿੱਤੀ। ਰਿਸੋਰਸ ਪਰਸਨ ਨੇ ਸਮਾਜਿਕ ਸਿੱਖਿਆ ਦੇ ਵਿਸ਼ੇ ਨਾਲ ਜੁੜੀਆਂ ਹੋਈਆਂ ਕੁਝ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਕਈ ਅਧਿਆਪਕਾਂ ਨੇ ਵੱਖ-ਵੱਖ ਗਤੀਵਿਧੀਆਂ ਸਕੂਲਾਂ ਵਿਚ ਕਰਵਾਏ ਜਾਣ ਬਾਰੇ ਦੱਸਿਆ। ਸਮਾਜਿਕ ਸਿੱਖਿਆ ਨੂੰ ਕਿਸ ਤਰੀਕੇ ਨਾਲ ਬੁਝਾਰਤਾਂ ਰਾਹੀਂ ਸਮਝਾਇਆ ਜਾ ਸਕਦਾ ਹੈ ਇਸ ਬਾਰੇ ਵੀ ਵਿਚਾਰ ਕੀਤਾ ਗਿਆ। ਵਰਣਨ ਯੋਗ ਹੈ ਕਿ ਸਟੇਟ ਦੀਆਂ ਹਦਾਇਤਾਂ ਅਨੁਸਾਰ ਇਸ ਟਰੇਨਿੰਗ ਪ੍ਰੋਗਰਾਮ ਨੂੰ ਚਲਾਇਆ ਜਾ ਰਿਹਾ ਹੈ ਅਤੇ ਸਟੇਟ ਵੱਲੋਂ ਤਿਆਰ ਇਕ-ਇਕ ਸਲਾਈਡ ਨੂੰ ਧਿਆਨ ਨਾਲ ਅਧਿਆਪਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਅਤੇ ਉਸ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਟਰੇਨਿੰਗ ਦੌਰਾਨ ਅਧਿਆਪਕਾਂ ਦੁਆਰਾ ਵੀ ਆਪਣੇ ਵਿਚਾਰ ਰੱਖੇ ਜਾਂਦੇ ਹਨ ਅਤੇ ਵਿਸ਼ੇ ਨੂੰ ਕਿਸ ਤਰੀਕੇ ਨਾਲ ਹੋਰ ਉਤਸਾਹਜਨਕ ਅਤੇ ਮਨੋਰੰਜਕ ਬਣਾਇਆ ਜਾਂਦਾ ਹੈ ਵੱਖ ਵੱਖ ਅਧਿਆਪਕਾਂ ਦੁਆਰਾ ਆਪਣੇ ਤਜਰਬੇ ਸਾਂਝੇ ਕੀਤੇ ਜਾਂਦੇ ਹਨ। ਡਾਇਟ ਫੈਕਲਟੀ ਕਮਲ ਸ਼ਰਮਾ ਵੱਲੋਂ ਟਰੇਨਿੰਗ ਪ੍ਰੋਗਰਾਮ ਦਾ ਨਿਰੀਖਣ ਕੀਤਾ ਗਿਆ ਅਤੇ ਨਿਰੀਖਣ ਰਿਪੋਰਟ ਤਿਆਰ ਕੀਤੀ ਗਈ। ਇਸ ਮੌਕੇ ’ਤੇ ਡੀਆਰਸੀ ਦਿਨੇਸ਼ ਚੌਹਾਨ, ਬੀ ਆਰਸੀ, ਅਮਿਤ ਨਾਰੰਗ, ਕਮਲ ਵਧਵਾ, ਇੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।