ਹੜ੍ਹ ਪੀੜਤ ਕਿਸਾਨਾਂ ਦਾ ਸੰਘਰਸ਼ 21ਵੇਂ ਦਿਨ ਵੀ ਰਿਹਾ ਜਾਰੀ
ਹੜ੍ਹ ਪੀੜਤ ਕਿਸਾਨਾਂ ਦਾ ਸੰਘਰਸ਼ 21ਵੇਂ ਦਿਨ ਵੀ ਜਾਰੀ, ਹੱਲ ਲਈ ਜ਼ੋਰਦਾਰ ਸੰਘਰਸ਼ ਜਾਰੀ
Publish Date: Wed, 21 Jan 2026 05:00 PM (IST)
Updated Date: Wed, 21 Jan 2026 05:03 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਹਰੀਕੇ ਹੈੱਡ ਵਰਕਸ ’ਤੇ ਲਗਾਇਆ ਗਿਆ ਧਰਨਾ ਅੱਜ 21ਵੇਂ ਦਿਨ ਵੀ ਬਗੈਰ ਕਿਸੇ ਰੁਕਾਵਟ ਦੇ ਜਾਰੀ ਰਿਹਾ। ਸਰਦੀ ਦੇ ਮੌਸਮ ਅਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਨੇ ਆਪਣੀਆਂ ਮੰਗਾਂ ਤੋਂ ਪਿੱਛੇ ਹਟਣ ਤੋਂ ਇਨਕਾਰ ਕਰਦੇ ਹੋਏ ਸਰਕਾਰ ਨੂੰ ਸਪੱਸ਼ਟ ਕੀਤਾ ਕਿ ਪੱਕੇ ਹੱਲ ਤੋਂ ਬਿਨ੍ਹਾ ਮੋਰਚਾ ਖਤਮ ਨਹੀਂ ਹੋਵੇਗਾ। ਧਰਨੇ ਦੌਰਾਨ ਕਈ ਕਿਸਾਨਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ, ਜਿਨ੍ਹਾਂ ਵਿਚ ਪਰਮਜੀਤ ਸਿੰਘ, ਸੁਖਬੀਰ ਸਿੰਘ, ਮੰਗਲ ਸਿੰਘ, ਅਮਰੀਕ ਸਿੰਘ, ਤਰਲੋਕ ਸਿੰਘ, ਕਰਨੈਬ ਸਿੰਘ ਅਤੇ ਪਰਮਜੀਤ ਸਿੰਘ ਆਦਿ ਸ਼ਾਮਲ ਹਨ। ਮੌਕੇ ’ਤੇ ਸੂਬਾ ਪ੍ਰਧਾਨ ਸਰਦਾਰ ਜਸਬੀਰ ਸਿੰਘ ਆਹਲੂਵਾਲੀਆ, ਸੂਬਾ ਮੀਤ ਪ੍ਰਧਾਨ ਜਜਵਿੰਦਰ ਸਿੰਘ ਸਭਰਾ, ਗੁਰਜੀਤ ਸਿੰਘ ਰਾਮ ਸਿੰਘ ਵਾਲਾ, ਪ੍ਰੈਸ ਸਕੱਤਰ ਜਸ਼ਨਦੀਪ ਸਿੰਘ ਘੜੁੰਮ ਅਤੇ ਹੋਰ ਕਈ ਜ਼ਿੰਮੇਵਾਰ ਹਾਜ਼ਰ ਰਹੇ।ਕਿਸਾਨਾਂ ਦੇ ਕਹਿਣ ਅਨੁਸਾਰ, 2023 ਅਤੇ 2024 ਦੇ ਭਿਆਨਕ ਹੜ੍ਹਾਂ ਕਰਕੇ ਵੱਡੇ ਪੈਮਾਨੇ ‘ਤੇ ਫ਼ਸਲ, ਪਸ਼ੂ, ਘਰ ਅਤੇ ਜ਼ਮੀਨੀ ਢਾਂਚੇ ਬਰਬਾਦ ਹੋਏ, ਪਰ ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਪੂਰਾ ਮੁਆਵਜ਼ਾ ਨਾ ਮਿਲਣ ਕਾਰਨ ਲੋਕ ਅਜੇ ਵੀ ਦੁੱਖਾਂ ‘ਚ ਹਨ। ਉਨ੍ਹਾਂ ਨੇ ਸਰਕਾਰ ਨੂੰ ਕਿਹਾ ਕਿ ਇਹ ਮਸਲਾ ਸਿਰਫ਼ ਤਸੱਲੀਆਂ ਨਾਲ ਨਹੀਂ, ਸਗੋਂ ਨੋਟੀਫਾਈਡ ਪਾਲਿਸੀ ਅਤੇ ਨਿਰਧਾਰਤ ਰਾਹਤ ਰਕਮ ਦੇ ਤੌਰ ’ਤੇ ਹੱਲ ਹੋਵੇ। ਇਸ ਤੋਂ ਪਹਿਲਾਂ ਵੀ ਧਰਨਾ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ, ਜੇਕਰ ਸਰਕਾਰ ਨੇ ਜ਼ਮੀਨੀ ਸਰਵੇ, ਮੁਆਵਜ਼ਾ ਪਾਲਿਸੀ ਅਤੇ ਰਾਹਤ ਪੈਕੇਜ ਦਾ ਐਲਾਨ ਨਾ ਕੀਤਾ ਤਾਂ ਸੰਘਰਸ਼ ਹੋਰ ਤੀਖਾ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਮੋਰਚਾ ਲੜ ਕੇ ਹਾਸਲ ਕੀਤਾ ਜਾਵੇਗਾ, ਤੋਹਫੇ ਵਜੋਂ ਨਹੀਂ।ਦੂਜੇ ਪਾਸੇ ਆਲੇ-ਦੁਆਲੇ ਦੇ ਪਿੰਡਾਂ ਤੋਂ ਲੋਕ ਰੋਜ਼ਾਨਾ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਨਾਲ ਜੁੜ ਰਹੇ ਹਨ, ਜਿਸ ਨਾਲ ਇਹ ਮੋਰਚਾ ਲੋਕ–ਅੰਦੋਲਨ ਦੇ ਰੂਪ ਵਿੱਚ ਬਦਲਦਾ ਨਜ਼ਰ ਆ ਰਿਹਾ ਹੈ।