‘ਮੇਰੀ ਮਾਂ ਮੇਰੀ ਜੰਨਤ’ ਸਮਾਰੋਹ ਕਰਵਾਇਆ
ਸ਼ਾਂਤੀ ਵਿੱਦਿਆ ਮੰਦਰ ਵਿਚ 25ਵੇਂ ਸਲਾਨਾ ਦਿਵਸ ਦੇ ਦੂਜੇ ਪੜਾਅ ‘ਮੇਰੀ ਮਾਂ ਮੇਰੀ ਜੰਨਤ’ ਸਮਾਰੋਹ ਦਾ ਆਯੋਜਨ
Publish Date: Fri, 12 Dec 2025 05:11 PM (IST)
Updated Date: Fri, 12 Dec 2025 05:12 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼ਾਂਤੀ ਵਿੱਦਿਆ ਮੰਦਰ, ਫ਼ਿਰੋਜ਼ਪੁਰ ਵਿਖੇ 25ਵਾਂ ਸਲਾਨਾ ਦਿਵਸ ਸਮਾਰੋਹ ਦਾ ਦੂਜਾ ਪੜਾਅ ਫਾਊਂਡੇਸ਼ਨ ਬਲਾਕ ਵੱਲੋਂ ਬਹੁਤ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਦੀ ਥੀਮ ‘ਮੇਰੀ ਮਾਂ ਮੇਰੀ ਜੰਨਤ’ ਰੱਖੀ ਗਈ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਬ੍ਰਿਗੇਡੀਅਰ ਵਿਜੇ ਸਿੰਘ ਰਾਣਾ, ਵੀਐੱਸਐੱਮ (ਸੇਵਾਮੁਕਤ), ਡੀਆਈਜੀ ਐੱਸਐੱਚਕਿਊ ਬੀਐੱਸਐੱਫ ਫ਼ਿਰੋਜ਼ਪੁਰ ਰਹੇ। ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾਉਣ ਨਾਲ ਹੋਈ। ਇਸ ਤੋਂ ਬਾਅਦ ਤੀਸਰੀ ਕਲਾਸ ਵੱਲੋਂ ਸਰਸਵਤੀ ਵੰਦਨਾ ਪੇਸ਼ ਕੀਤੀ ਗਈ, ਜਿਸ ਨੇ ਪੂਰੇ ਵਾਤਾਵਰਨ ਨੂੰ ਅਧਿਆਤਮਕ ਬਣਾ ਦਿੱਤਾ। ਸਕੂਲ ਦੀ ਪ੍ਰਿੰਸੀਪਲ ਰਜਨੀ ਮਡਾਹਰ ਨੇ ਸਵਾਗਤੀ ਭਾਸ਼ਣ ਦੇ ਕੇ ਸਕੂਲ ਦੀਆਂ ਪ੍ਰਾਪਤੀਆਂ ਅਤੇ ਸਕੂਲ ਦੀ ਪ੍ਰਗਤੀ ’ਤੇ ਚਾਨਣਾ ਪਾਇਆ। ਤੀਸਰੀ ਕਲਾਸ ਦੇ ਵਿਦਿਆਰਥੀਆਂ ਨੇ ਸਵਾਗਤੀ ਨ੍ਰਿਤ ਪੇਸ਼ ਕੀਤਾ। ਪਲੇ-ਵੇ, ਨਰਸਰੀ, ਐੱਲਕੇਜੀ ਅਤੇ ਯੂਕੇਜੀ ਕਲਾਸਾਂ ਦੇ ਬੱਚਿਆਂ ਨੇ ‘ਮਾਂ ਦੀ ਗੋਦ ਤੋਂ ਵੱਡੀ ਕੋਈ ਸ਼ਾਂਤੀ ਨਹੀਂ, ਅਤੇ ਮਾਂ ਦੇ ਦਿਲ ਤੋਂ ਵੱਡਾ ਕੋਈ ਮੰਦਰ ਨਹੀਂ’ ਇਸ ਭਾਵਨਾ ਨੂੰ ਦਰਸਾਉਂਦੇ ਹੋਏ ਮਨਮੋਹਕ ਨ੍ਰਿਤ ਪੇਸ਼ਕਾਰੀਆਂ ਦੇ ਕੇ ਸਾਰਿਆਂ ਦਾ ਦਿਲ ਜਿੱਤ ਲਿਆ। ਪ੍ਰੋਗਰਾਮ ਵਿਚ ਦੂਜੀ ਕਲਾਸ ਦੇ ਵਿਦਿਆਰਥੀਆਂ ਵੱਲੋਂ ਨ੍ਰਿਤ ਅਤੇ ਨਿਸ਼ਾ ਤੇ ਅਭੀਜੀਨੀਅਸ ਵੱਲੋਂ ਮਾਂ ਦੇ ਪਿਆਰ ਨੂੰ ਸਮਰਪਿਤ ਗੀਤ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਸਕੂਲ ਦੇ ਅਧਿਆਪਕਾਂ ਵੱਲੋਂ ਪੇਸ਼ ਕੀਤੇ ਗਏ ਸਮੂਹ ਗੀਤ ਨੂੰ ਵੀ ਦਰਸ਼ਕਾਂ ਨੇ ਖੂਬ ਸਰਾਹਿਆ। ਇਸ ਤੋਂ ਬਾਅਦ ਫਾਊਂਡੇਸ਼ਨ ਬਲਾਕ ਦੀ ਕੋਆਰਡੀਨੇਟਰ ਅਮਨਦੀਪ ਹਾਂਡਾ ਨੇ ਪ੍ਰੇਰਨਾਦਾਇਕ ਭਾਸ਼ਣ ਦਿੱਤਾ। ਇਸ ਮੌਕੇ ’ਤੇ ਲੱਕੀ ਡਰਾਅ ਵੀ ਕੱਢਿਆ ਗਿਆ, ਜਿਸ ਨੇ ਬੱਚਿਆਂ ਵਿਚ ਉਤਸ਼ਾਹ ਭਰ ਦਿੱਤਾ। ਪਹਿਲੀ ਕਲਾਸ ਦੇ ਛੋਟੇ ਬੱਚਿਆਂ ਨੇ ਵੀ ਸੁੰਦਰ ਨ੍ਰਿਤ ਪੇਸ਼ ਕੀਤਾ। ਮੁੱਖ ਮਹਿਮਾਨ ਨੇ ਆਪਣੇ ਪ੍ਰੇਰਕ ਭਾਸ਼ਣ ਵਿਚ ਬੱਚਿਆਂ ਨੂੰ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਦੇਸ਼ ਸੇਵਾ ਦਾ ਸੰਦੇਸ਼ ਦਿੱਤਾ। ਸਕੂਲ ਦੀ ਮੈਨੇਜਿੰਗ ਕਮੇਟੀ ਨੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਆਏ ਹੋਏ ਮਾਪਿਆਂ ਨੂੰ ਜਲ-ਪਾਨ ਕਰਵਾਇਆ। ਸਮਾਰੋਹ ਦਾ ਸਮਾਪਨ ਰਾਸ਼ਟਰੀ ਗੀਤ ਨਾਲ ਹੋਇਆ। ਪ੍ਰੋਗਰਾਮ ਬਹੁਤ ਸਫਲ ਰਿਹਾ ਅਤੇ ਸਾਰੇ ਮਾਪਿਆਂ, ਮਹਿਮਾਨਾਂ ਅਤੇ ਸਕੂਲ ਪਰਿਵਾਰ ਨੇ ਬੱਚਿਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।