ਮੁੱਖ ਮੰਤਰੀ ਸਿਹਤ ਕਾਰਡ ਨਾਲ ਪੰਜਾਬ ਦੇ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ : ਡਾ. ਸਿੰਧੀ
ਮੁੱਖ ਮੰਤਰੀ ਸਿਹਤ ਕਾਰਡ ਨਾਲ ਪੰਜਾਬ ਦੇ ਲੋਕਾਂ ਨੂੰ ਮਿਲੇਗੀ ਵੱਡੀ ਸਹੂਲਤ: ਡਾ. ਨਿਰਵੈਰ ਸਿੰਘ ਸਿੰਧੀ
Publish Date: Sun, 25 Jan 2026 06:06 PM (IST)
Updated Date: Sun, 25 Jan 2026 06:10 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸੂਬੇ ਵਿਚ ਵਿੱਢੀ ਗਈ ਸਿਹਤ ਕ੍ਰਾਂਤੀ ਅਤੇ ਵਿਕਾਸ ਕਾਰਜਾਂ ਦੀ ਲੜੀ ਨੇ ਆਮ ਲੋਕਾਂ ਦੇ ਜੀਵਨ ਵਿਚ ਵੱਡੀ ਤਬਦੀਲੀ ਲਿਆਂਦੀ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ‘ਮੁੱਖ ਮੰਤਰੀ ਸਿਹਤ ਕਾਰਡ’ ਨਾਲ ਹੁਣ ਸੂਬੇ ਦੇ ਹਰ ਵਰਗ ਦੇ ਲੋਕਾਂ ਨੂੰ ਬਿਹਤਰ ਅਤੇ ਮੁਫ਼ਤ ਸਿਹਤ ਸਹੂਲਤਾਂ ਮਿਲਣਗੀਆਂ, ਜੋ ਕਿ ਇਕ ਇਤਿਹਾਸਕ ਕਦਮ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ਼ ਫਿਰੋਜ਼ਪੁਰ ਡਾ. ਨਿਰਵੈਰ ਸਿੰਘ ਸਿੰਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਡਾ. ਸਿੰਧੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਹਤ ਕਾਰਡ ਜਾਰੀ ਕਰਕੇ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਹਿਲਾਂ ਲੋਕਾਂ ਨੂੰ ਇਲਾਜ ਲਈ ਆਪਣੀ ਜ਼ਮੀਨ-ਜਾਇਦਾਦ ਗਹਿਣੇ ਰੱਖਣੀ ਪੈਂਦੀ ਸੀ, ਉੱਥੇ ਹੁਣ ਮਾਨ ਸਰਕਾਰ ਨੇ ਸਰਕਾਰੀ ਹਸਪਤਾਲਾਂ ਦੀ ਨੁਹਾਰ ਬਦਲ ਦਿੱਤੀ ਹੈ ਅਤੇ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੇ ਲੋਕ ਸਰਕਾਰ ਦੀਆਂ ਇਨ੍ਹਾਂ ਸਹੂਲਤਾਂ ਤੋਂ ਇੰਨੇ ਖੁਸ਼ ਹਨ ਕਿ ਉਹ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਵਾਰ ਫਿਰ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਵਜੋਂ ਦੇਖਣ ਲਈ ਕਾਹਲੇ ਹਨ। ਡਾ. ਸਿੰਧੀ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਕੀਤੇ, ਜਿਸ ਕਾਰਨ ਪੰਜਾਬ ਦੀ ਜਵਾਨੀ ਮਜ਼ਬੂਰੀ ਵੱਸ ਵਿਦੇਸ਼ਾਂ ਵੱਲ ਹਿਜਰਤ ਕਰ ਰਹੀ ਸੀ। ਪਰ ਮਾਨ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਸੂਬੇ ਦੇ ਵੱਖ-ਵੱਖ ਵਿਭਾਗਾਂ ਵਿੱਚ ਪਾਰਦਰਸ਼ੀ ਤਰੀਕੇ ਨਾਲ ਵੱਡੇ ਪੱਧਰ ’ਤੇ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 65 ਹਜ਼ਾਰ ਤੋਂ ਵੱਧ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਕਦਮ ਨਾਲ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਰੁਝਾਨ ਕਾਫ਼ੀ ਹੱਦ ਤੱਕ ਘਟਿਆ ਹੈ ਅਤੇ ਉਹ ਹੁਣ ਪੰਜਾਬ ਵਿਚ ਰਹਿ ਕੇ ਹੀ ਸੂਬੇ ਦੀ ਸੇਵਾ ਕਰ ਰਹੇ ਹਨ। ਬੁਨਿਆਦੀ ਢਾਂਚੇ ਅਤੇ ਸੜਕਾਂ ਦਾ ਸੁਧਾਰ ਵਿਕਾਸ ਕਾਰਜਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿਚ ਸੜਕਾਂ ਦੇ ਜਾਲ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਪੁਰਾਣੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਅਤੇ ਕਈ ਥਾਵਾਂ ’ਤੇ ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਦਾ ਸਫ਼ਰ ਸੁਖਾਲਾ ਹੋ ਸਕੇ। ਡਾ. ਸਿੰਧੀ ਨੇ ਅਖੀਰ ਵਿਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਨੂੰ ਇਕ ਵਾਰ ਫਿਰ ‘ਰੰਗਲਾ ਪੰਜਾਬ’ ਬਣਾਉਣ ਲਈ ਹੋਰ ਵੀ ਕਈ ਵੱਡੇ ਫੈਸਲੇ ਲਏ ਜਾਣਗੇ।